ਬਠਿੰਡਾ: ਬਠਿੰਡਾ ਦੇ ਦੋ ਨੌਜਵਾਨਾਂ ਵੱਲੋਂ ਆਪਣੇ ਘੁੰਮਣ ਫਿਰਨ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਸਾਈਕਲ ਨੂੰ ਆਪਣੀ ਸਵਾਰੀ ਬਣਾਉਂਦੇ ਹੋਏ ਕਰੀਬ 2500 ਕਿਲੋਮੀਟਰ ਦਾ ਸਫਰ 62 ਦਿਨਾਂ ਵਿੱਚ ਪੂਰਾ ਕੀਤਾ। ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਨਾਂ ਪੈਸਿਆਂ ਤੋਂ ਆਪਣੇ ਘੁੰਮਣ ਫਿਰਨ ਦੇ ਸ਼ੌਂਕ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਸਾਈਕਲਾਂ ਦੇ ਸਫਰ ਕੀਤਾ, ਜਿਨ੍ਹਾਂ ਤੋਂ 10 ਕਿਲੋਮੀਟਰ ਜਾਣ ਦੀ ਵੀ ਉਮੀਦ ਨਹੀਂ ਕੀਤੀ ਜਾ ਸਕਦੀ।
ਬਿਨਾਂ ਪੈਸਿਆਂ ਤੋਂ ਘੁੰਮਣ ਫਿਰਨ ਦੇ ਸ਼ੌਂਕ ਕੀਤੇ ਪੂਰੇ: ਬਠਿੰਡਾ ਦੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਅਤੇ ਪਿੰਡ ਨਰੂਆਣਾ ਦੇ ਗੁਰਮੀਤ ਸਿੰਘ ਵੱਲੋਂ ਬਾਰਵੀਂ ਪਾਸ ਕਰਨ ਉਪਰੰਤ ਆਪਣੇ ਘੁੰਮਣ ਫਿਰਨ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਬਿਨਾਂ ਪੈਸਿਆਂ ਤੋਂ ਹੀ ਸਾਈਕਲਾਂ ਯਾਤਰਾ ਸ਼ੁਰੂ ਕਰ ਦਿੱਤੀ ਗਈ। ਬਠਿੰਡਾ ਤੋਂ ਲੇਹ ਤੱਕ ਦਾ ਸਫਰ ਕਰੀਬ 2500 ਕਿਲੋਮੀਟਰ ਸਾਈਕਲ 'ਤੇ ਹੀ ਤੈਅ ਕੀਤਾ। ਕਰੀਬ 62 ਦਿਨਾਂ ਦੀ ਸਾਈਕਲ ਯਾਤਰਾ ਕਰਕੇ ਵਾਪਸ ਪਰਤੇ ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਉਨ੍ਹਾਂ ਵੱਲੋਂ ਸਾਈਕਲ 'ਤੇ ਲੇਹ ਜਾਣ ਦੇ ਬਾਰੇ ਆਪਣੇ ਵਿਚਾਰ ਪਰਿਵਾਰ ਨੂੰ ਦੱਸੇ ਤਾਂ ਉਨ੍ਹਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਪਰ ਫਿਰ ਵੀ ਉਨ੍ਹਾਂ ਵੱਲੋਂ ਬਿਨਾਂ ਪੈਸਿਆਂ ਤੋਂ ਇਹ ਯਾਤਰਾ ਕਰਨ ਦਾ ਮਨ ਬਣਾਇਆ ਗਿਆ ਅਤੇ ਘਰੋਂ ਖਾਣ-ਪੀਣ ਦਾ ਸਮਾਨ ਅਤੇ ਹੋਰ ਜਰੂਰੀ ਅਵਸਥਾ ਦੇ ਨਾਲ ਨਾਲ ਦਵਾਈ ਲੈ ਕੇ ਸਫਰ ਸ਼ੁਰੂ ਕਰ ਦਿੱਤਾ।
ਸਮੱਸਿਆਵਾਂ ਦਾ ਸਾਹਮਣਾ: ਜਸਵਿੰਦਰ ਤੇ ਗੁਰਮੀਤ ਨੇ ਦੱਸਿਆ ਕਿ ਪੰਜਾਬ ਵਿੱਚ ਉਨ੍ਹਾਂ ਵੱਲੋਂ ਸੱਤ ਦਿਨ ਸਾਈਕਲ ਯਾਤਰਾ ਕੀਤੀ ਗਈ, ਫਿਰ ਉਹ ਹਿਮਾਚਲ ਵਿੱਚ ਦਾਖਲ ਹੋਏ। ਹਿਮਾਚਲ ਵਿੱਚ ਦਾਖਲ ਹੋਣ ਤੋਂ ਬਾਅਦ ਉਹ ਰੋਜ਼ਾਨਾ 10 ਤੋਂ 15 ਕਿਲੋਮੀਟਰ ਪਹਾੜੀ ਇਲਾਕੇ ਵਿੱਚ ਸਾਈਕਲ ਯਾਤਰਾ ਕਰਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸਰੀਰਕ ਤੌਰ ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲੂਜ ਮੋਸ਼ਨ, ਸਾਹ ਚੜਨਾ ਅਤੇ ਦਿਲ ਵਿੱਚ ਦਰਦ ਹੋਣ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਵੱਲੋਂ ਆਪਣਾ ਇਹ ਸਫਰ ਬਾਅਦ ਬਾਦਸਤੂਰ ਜਾਰੀ ਰੱਖਿਆ ਗਿਆ।
ਰਾਤ ਗੁਜ਼ਾਰਨ ਲਈ ਕਿਤੇ ਵੀ ਟੈਂਟ ਲਗਾ ਲੈਂਦੇ: ਇਸ ਸਫਰ ਦੌਰਾਨ ਉਨ੍ਹਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਜੰਮੂ ਕਸ਼ਮੀਰ ਵਿੱਚ ਲੋਕਾਂ ਨੇ ਅਥਾਹ ਪਿਆਰ ਦਿੱਤਾ। ਉਹ ਰਾਤ ਗੁਜ਼ਾਰਨ ਲਈ ਕਿਤੇ ਵੀ ਟੈਂਟ ਲਗਾ ਲੈਂਦੇ ਸਨ। ਜੇਕਰ ਵਸੋਂ ਵਾਲੇ ਇਲਾਕੇ ਵਿੱਚ ਹੁੰਦੇ ਤਾਂ ਉੱਥੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਂਦਾ ਸੀ ਅਤੇ ਕਈ ਵਾਰ ਖਾਣ ਪੀਣ ਦੀਆਂ ਚੀਜ਼ਾਂ ਵੀ ਉਪਲੱਬਧ ਕਰਾਈਆਂ ਜਾਂਦੀਆਂ ਸਨ। ਕੁਝ ਥਾਵਾਂ 'ਤੇ ਉਨ੍ਹਾਂ ਨੂੰ ਕਈ-ਕਈ ਦਿਨ ਰਹਿਣਾ ਵੀ ਪਿਆ ਕਿਉਂਕਿ ਉਨ੍ਹਾਂ ਦੀ ਤਬੀਅਤ ਖਰਾਬ ਹੋ ਜਾਂਦੀ ਸੀ। ਪਰ ਉਨ੍ਹਾਂ ਵੱਲੋਂ ਇਹ ਜਿੱਦ ਸੀ ਕਿ ਉਹ ਲੇਹ ਤੱਕ ਆਪਣੇ ਸਾਇਕਲਾਂ ਰਾਹੀਂ ਸਫਰ ਤੈਅ ਕਰਨਗੇ।
ਹੌਸਲੇ ਅਤੇ ਜਜ਼ਬੇ ਨੂੰ ਸਲਾਮ: ਜਸਵਿੰਦਰ ਤੇ ਗੁਰਮੀਤ ਨੇ ਕਿਹਾ ਕਿ ਇਸ ਦੌਰਾਨ ਸਭ ਤੋਂ ਰੌਚਕ ਤੱਥ ਇਹ ਰਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਦੇ ਨਸ਼ੇ ਸੰਬੰਧੀ ਪੁੱਛਿਆ ਜਾਂਦਾ ਰਿਹਾ। ਪਰ ਉਨ੍ਹਾਂ ਦੇ ਇਸ ਸਾਈਕਲ ਸਫਰ ਨੇ ਪੰਜਾਬ ਦੀ ਨੌਜਵਾਨੀ 'ਤੇ ਨਸ਼ਿਆਂ ਦੇ ਲੱਗੇ ਦਾਗ ਨੂੰ ਕਾਫੀ ਹੱਦ ਤੱਕ ਧੋਣ ਵਿੱਚ ਕੋਸ਼ਿਸ਼ ਕੀਤੀ ਕਿਉਂਕਿ ਲੋਕ ਉਨ੍ਹਾਂ ਦੇ ਇਸ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਵੱਲੋਂ ਇੱਕ ਹੋਰ ਸਾਈਕਲ ਯਾਤਰਾ ਕਰਨ ਦਾ ਮਨ ਬਣਾਇਆ ਗਿਆ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਰੂਟ ਮੈਪ ਤਿਆਰ ਕੀਤਾ ਜਾ ਰਿਹਾ ਹੈ।
- ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ ਮਗਰੋਂ ਭੜਕੇ ਸਾਂਸਦ ਗੁਰਜੀਤ ਔਜਲਾ, ਕਿਹਾ- ਸੂਬਾ ਸਰਕਾਰ ਵਿਕਾਸ ਲਈ ਨਹੀਂ ਗੰਭੀਰ - Gurjit Aujla on Punjab government
- ਸ਼ਾਤਿਰ ਨੌਕਰਾਣੀ, ਮਕਾਨ ਮਾਲਕ ਤੇ ਉਸਦੇ ਪੁੱਤਰ ਨੂੰ ਕੀਤਾ ਬੇਹੋਸ਼, ਘਰ 'ਚੋਂ ਸਮਾਨ ਚੋਰੀ ਕਰਕੇ ਭਰਿਆ ਬੈਗ, ਜਾਣੋ ਅੱਗੇ ਕੀ ਹੋਇਆ... - Patiala maid try robbery
- ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਚੱਲਦੀ ਟਰੇਨ 'ਚ ਯਾਤਰੀ ਦੇ ਵੱਜਿਆ ਪੱਥਰ, ਜ਼ਖਮੀ ਹਾਲਤ 'ਚ ਹਸਪਤਾਲ ਕਰਵਾਇਆ ਭਰਤੀ - Passenger hit by stone