ਹੁਸ਼ਿਆਰਪੁਰ: ਕਸਬਾ ਹਰਿਆਣਾ ਮੇਨ ਰੋਡ ਨੇੜੇ ਮੱਲਣ ਵਿਖੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਭਾਰਤੀ ਫੌਜ ਚੋਂ ਰਿਟਾਇਰਡ ਰੌਸ਼ਨ ਲਾਲ ਅਤੇ ਭਾਰਤੀ ਫੌਜੀ ਸਾਹਿਲ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 2 ਹੋਰ ਜਖਮੀ ਹੋਏ ਹਨ। ਉਹ ਸਾਰੇ ਵਿਆਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ। ਵਿਆਹ ਰੌਸ਼ਨ ਲਾਲ ਦੀ ਪੋਤੀ ਦਾ ਸੀ। ਜਦੋਂ ਵਿਆਹ ਦੀਆਂ ਰਸਮਾਂ ਹੋਣ ਤੋਂ ਬਾਅਦ ਫੇਰਾ ਪਵਾਉਣ ਡੋਲੀ ਵਾਲੀ ਗੱਡੀ ਪਿਛੇ ਗਏ ਤਾਂ, ਇਹ ਹਾਦਸਾ ਵਾਪਰ ਗਿਆ।
ਪੋਤੀ ਦੇ ਵਿਆਹ ਤੋਂ ਬਾਅਦ ਰਸਮ ਨਿਭਾਉਣ ਜਾ ਰਿਹਾ ਸੀ ਦਾਦਾ: ਨੇੜਲੇ ਪਿੰਡ ਦੇ ਸਰਪੰਚ ਸਤੀਸ਼ ਬਾਵਾ ਨੇ ਦੱਸਿਆ ਉਹ ਪਿੰਡ ਸੈਚ ਥਾਣਾ ਸਦਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਬੀਤੀ ਰਾਤ ਆਰਮੀ ਚੋਂ ਰਿਟਾਇਰਡ ਰੌਸ਼ਨ ਲਾਲ ਦੀ ਪੋਤੀ ਦਾ ਵਿਆਹ ਸੀ। ਭਾਰਤੀ ਫੌਜੀ ਸਾਹਿਲ, ਜੋ ਕਿ ਰੌਸ਼ਨ ਲਾਲ ਕਟੋਚ ਦਾ ਹੀ ਪੋਤਾ ਹੈ, ਉਹ ਭੈਣ ਦੇ ਵਿਆਹ ਲਈ ਛੁੱਟੀ ਆਇਆ ਹੋਇਆ ਸੀ। ਵਿਆਹ ਦੀਆਂ ਰਸਮਾਂ ਹੋਟਲ ਵਿੱਚ ਹੋਈਆਂ, ਫਿਰ ਫੇਰਿਆਂ ਲਈ ਘਰ ਆਏ। ਜਦੋਂ ਘਰੋਂ ਡੋਲੀ ਤੋਰਨ ਦਾ ਵੇਲ੍ਹਾ ਆਇਆ ਤਾਂ, ਰੌਸ਼ਨ ਲਾਲ ਨੇ ਕਿਹਾ ਕਿ ਉਹ ਵੀ ਨਾਲ ਜਾਵੇਗਾ। ਭਰਾ ਦਾ ਡੋਲੀ ਨਾਲ ਜਾਣਾ ਰਸਮ ਹੁੰਦੀ ਹੈ, ਪਰ ਰੌਸ਼ਨ ਲਾਲ ਦੀ ਜਿੱਦ ਕਰਕੇ ਉਹ ਵੀ ਗੱਡੀ ਵਿੱਚ ਨਾਲ ਗਏ। ਉਨ੍ਹਾਂ ਨਾਲ ਉਸ ਸਮੇਂ ਗੱਡੀ ਵਿੱਚ ਸਾਹਿਲ (ਪੋਤਾ), ਇੱਕ ਹੋਰ ਦੋਤਰਾ ਅਤੇ ਰੌਸ਼ਨ ਲਾਲ ਦੀ ਪਤਨੀ ਮੌਜੂਦ ਸੀ।
ਪਰਿਵਾਰ ਦੇ ਕੁੱਲ 3 ਤਿੰਨ ਮੈਂਬਰਾਂ ਦੀ ਮੌਤ ਹੋਈ: ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਗੱਡੀ ਹਰਿਆਣਾ ਨਜ਼ਦੀਕ ਪਹੁੰਚੀ, ਤਾਂ ਅੱਗੇ ਅਚਾਨਕ ਅਵਾਰਾ ਪਸ਼ੂ ਆ ਜਾਣ ਕਾਰਨ ਗੱਡੀ ਦਾ ਸਤੁੰਲਣ ਵਿਗੜ ਗਿਆ ਤੇ ਗੱਡੀ ਜਾ ਕੇ ਸਫੇਦੇ ਨਾਲ ਟਕਰਾ ਗਈ ਜਿਸ ਕਾਰਨ ਸਾਹਿਲ ਕਟੋਚ ਤੇ ਰੌਸ਼ਨ ਲਾਲ ਦੀ ਮੌਕੇ ਉੱਤੇ ਮੌਤ ਹੋ ਗਈ। ਜਦਕਿ, ਮਾਤਾ ਵੇਦ ਕੁਮਾਰੀ ਨੇ ਜ਼ੇਰੇ ਇਲਾਜ ਦਮ ਤੋੜ ਦਿੱਤਾ ਜਿਸ ਦਾ ਜਾਣਕਾਰੀ ਅਜੇ ਹੁਣੇ (ਦਾਦੇ-ਪੋਤੇ ਦੇ ਸੰਸਕਾਰ ਵੇਲ੍ਹੇ) ਮਿਲੀ ਹੈ ਤੇ ਭਾਣਜਾ ਯੁਵਰਾਜ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੈ, ਜਿੱਥੇ ਡਾਕਟਰਾਂ ਵੱਲੋਂ ਮੇਰੇ ਭਾਣਜੇ ਯੁਵਰਾਜ ਨੂੰ ਜਲੰਧਰ ਰੈਫਰ ਕਰ ਦਿਤਾ ਗਿਆ। ਪੁਲਿਸ ਨੂੰ ਇਸ ਸੜਕ ਹਾਦਸੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।