ਚੰਡੀਗੜ੍ਹ: ਦੇਸ਼ 'ਚ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਦੇਸ਼ ਦੀ ਹਰ ਪਾਰਟੀ ਆਪਣੀ ਜਿੱਤ ਦੀ ਰਣਨੀਤੀ ਤਿਆਰ ਕਰ ਰਹੀ ਹੈ। ਇਸ ਤਹਿਤ ਕਾਂਗਰਸ ਪਾਰਟੀ ਨੇ ਦੇਵੇਂਦਰ ਯਾਦਵ ਨੂੰ ਪੰਜਾਬ ਇੰਚਾਰਜ ਨਿਯੁਕਤ ਕੀਤਾ ਹੈ। ਜਿਸ ਦੇ ਚੱਲਦੇ ਮਿਸ਼ਨ 2024 ਦੀਆਂ ਤਿਆਰੀਆਂ ਸਬੰਧੀ ਉਨ੍ਹਾਂ ਵਲੋਂ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਹਲਕਾ ਬਲਾਚੌਰ ਵਿਖੇ ਪੰਜਾਬ ਲੋਕ ਸਭਾ ਇੰਚਾਰਜ ਸ੍ਰੀ ਆਨੰਦਪੁਰ ਸਾਹਿਬ ਦੀ ਅਗਵਾਈ ਹੇਠ ਨਵਾਂਸ਼ਹਿਰ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾਵਾਂ ਦੇ ਪਾਰਟੀ ਵਰਕਰਾਂ ਨਾਲ ਵਰਕਰ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਸਦ ਮੈਂਬਰ ਮਨੀਸ਼ ਤਿਵਾੜੀ, ਸਾਬਕਾ ਸਪੀਕਰ ਰਾਣਾ ਕੇ.ਪੀ ਅਤੇ ਕਈ ਸੀਨੀਅਰ ਆਗੂ ਹਾਜ਼ਰ ਸਨ।
ਕਾਂਗਰਦ ਦੇ ਦੋ ਧੜੇ ਭਿੜੇ: ਇਸ ਦੌਰਾਨ 'ਆਪ' ਨਾਲ ਗਠਜੋੜ ਨੂੰ ਲੈ ਕੇ ਖੁੱਲ੍ਹੀ ਚਰਚਾ ਚੱਲ ਰਹੀ ਸੀ ਤਾਂ ਉਥੇ ਹੀ ਸਟੇਜ ਦੇ ਨਜ਼ਦੀਕ ਮੌਜੂਦ ਦੋ ਕਾਂਗਰਸੀ ਆਗੂਆਂ 'ਚ ਧੜੇਬੰਦੀ ਦੇਖਣ ਨੂੰ ਮਿਲੀ। ਇਸ ਦੌਰਾਨ ਹਾਲ ਇਹ ਹੋ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਸਟੇਜ 'ਤੇ ਖੜੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਗੁੱਸੇ 'ਚ ਨਜ਼ਰ ਆਏ। ਉਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਵੀ ਸਟੇਜ 'ਤੇ ਖੜੇ ਹਾਲਾਤ ਦੇਖ ਹੈਰਾਨ ਹੋ ਗਏ।ਉਹ ਸਾਰਿਆਂ ਨੂੰ ਅਜਿਹਾ ਨਾ ਕਰਨ ਦਾ ਆਦੇਸ਼ ਦਿੰਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਹ ਲੜਾਈ ਸਟੇਜ ਤੋਂ ਬੋਲਣ ਨੂੰ ਲੈ ਕੇ ਸ਼ੁਰੂ ਹੋ ਗਈ। ਜਿਸ ਵਿੱਚ ਹਿਮਾਂਸ਼ੂ ਟੰਡਨ ਧੜੇ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਟਿਕਟ ਨਾ ਦੇਣ ਦੀ ਮੰਗ ਕੀਤੀ। ਉਧਰ ਕਾਫ਼ੀ ਮਿਹਨਤ ਤੋਂ ਬਾਅਦ ਵਰਕਰ ਸ਼ਾਂਤ ਕਰਵਾਏ ਗਏ।
ਕਾਂਗਰਸ ਸਾਰੀ ਇਕਜੁੱਟ: ਇਸ ਦੌਰਾਨ ਬੋਲਦਿਆਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਜਦੋਂ ਵੀ ਦੇਸ਼ 'ਚ ਚੋਣਾਂ ਹੁੰਦੀਆਂ ਹਨ ਤਾਂ ਕਾਂਗਰਸ ਇੱਕਜੁੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਕੋਈ ਧੜੇਬੰਦੀ ਨਹੀਂ ਹੈ, ਸਿਰਫ਼ ਨੌਜਵਾਨਾਂ ਦੇ ਬੱਲਬਲੇ ਨੇ ਜੋ ਕਦੇ ਬਾਹਰ ਆ ਜਾਂਦੇ ਹਨ ਪਰ ਪਾਰਟੀ 'ਚ ਸਭ ਕੁਝ ਠੀਕ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 2024 ਜਿੱਤਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਲੋਕਾਂ ਦੇ ਅਧਿਕਾਰਾਂ ਦੀ ਗੱਲ ਹੈ। ਉਥੇ ਹੀ ਮਮਤਾ ਬੈਨਰਜੀ ਦੇ ਬਿਆਨ 'ਤੇ ਬੋਲਦਿਆਂ ਸਾਂਸਦ ਤਿਵਾੜੀ ਨੇ ਕਿਹਾ ਕਿ ਇਸ ਵਾਰ ਇੰਡੀਆ ਗਠਜੋੜ ਦੀ ਕਮੇਟੀ ਹੀ ਬਿਆਨ ਦੇ ਸਕਦੀ ਹੈ।
13 ਸੀਟਾਂ 'ਤੇ ਚੋਣ ਲੜਨ ਲਈ ਤਿਆਰ ਕਾਂਗਰਸ: ਉਥੇ ਹੀ ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਮਿਲੀ ਹੈ, ਜਿਸ 'ਚ ਉਨ੍ਹਾਂ ਵਲੋਂ ਕਾਂਗਰਸ ਦੇ ਵਰਕਰਾਂ ਨਾਲ ਮੀਟਿੰਗਾਂ ਕਰਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸੀ, ਜੋ ਪੂਰੇ ਨਹੀਂ ਹੋਏ। ਉਸ ਸਬੰਧੀ ਵੀ ਵਰਕਰਾਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ। ਇਸ ਦੇ ਨਾਲ ਹੀ ਦੇਵੇਂਦਰ ਯਾਦਵ ਨੇ ਕਾਂਗਰਸ ਕਲੇਸ ਨੂੰ ਲੈਕੇ ਕਿਹਾ ਕਿ ਜਦੋਂ ਪਰਿਵਾਰ ਦੇ ਲੋਕ ਇਕੱਠੇ ਹੋ ਕੇ ਬੈਠਦੇ ਹਨ ਤਾਂ ਥੋੜੀ ਬਹੁਤ ਗਰਮਾਈ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਨੂੰ ਲੈਕੇ ਕਾਂਗਰਸ ਇਕਮੁੱਠ ਹੈ ਤੇ ਅਸੀਂ 13 ਸੀਟਾਂ 'ਤੇ ਹੀ ਚੋਣਾਂ ਲੜਨ ਨੂੰ ਤਿਆਰ ਹਾਂ। ਇਸ ਦੇ ਨਾਲ ਹੀ ਪੰਜਾਬ 'ਚ 'ਆਪ' ਨਾਲ ਗਠਜੋੜ 'ਤੇ ਬੋਲਿਆ ਕਿ ਇਸ ਸਬੰਧੀ ਵਰਕਰਾਂ ਦੀ ਰਾਏ ਲਈ ਜਾ ਰਹੀ ਹੈ।
ਸਿੱਧੂ ਨੂੰ ਲੈਕੇ ਪਹਿਲਾਂ ਹੀ ਵਿਵਾਦ: ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ 'ਚ ਪਹਿਲਾਂ ਹੀ ਹੰਗਾਮਾ ਚੱਲ ਰਿਹਾ ਹੈ। ਪ੍ਰਦੇਸ਼ ਕਾਂਗਰਸ ਦੇ ਨੇਤਾਵਾਂ ਦੀ ਚਿਤਾਵਨੀ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਦਾ ਰਵੱਈਆ ਸਖਤ ਬਣਿਆ ਹੋਇਆ ਹੈ। ਉਹ ਪਾਰਟੀ ਤੋਂ ਵੱਖ ਹੋ ਕੇ ਰੈਲੀਆਂ ਕਰ ਰਹੇ ਹਨ, ਜਿਸ ਦਾ ਪ੍ਰਦੇਸ਼ ਕਾਂਗਰਸ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮੋਗਾ 'ਚ ਹਾਲ ਹੀ 'ਚ ਹੋਈ ਰੈਲੀ ਤੋਂ ਬਾਅਦ ਸਿੱਧੂ ਦੀ ਰੈਲੀ ਕਰਨ ਵਾਲੇ ਮਹੇਸ਼ਇੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਦੇਵੇਂਦਰ ਯਾਦਵ ਨੇ ਵੀ ਹਾਲ ਹੀ 'ਚ ਸਪੱਸ਼ਟ ਕੀਤਾ ਸੀ ਕਿ ਵੱਖ-ਵੱਖ ਰੈਲੀਆਂ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ ਪਰ ਉਹ ਸਿੱਧੂ ਦੇ ਨਾਂ 'ਤੇ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ।