ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਟਿਊਲਿਪ ਦੇ ਸਫਲ ਪ੍ਰੀਖਣ ਲਈ 2000 ਬੂਟਿਆਂ ਦਾ ਬਾਗੀਚਾ ਬਣਾਇਆ ਗਿਆ ਹੈ। ਇਸ ਵਿੱਚ ਹੋਲੈਂਡ ਤੋਂ ਮੰਗਵਾ ਕੇ ਵਿਸ਼ੇਸ਼ ਤੌਰ ਉੱਤੇ ਟਿਊਲਿਪ ਲਗਾਏ ਗਏ ਹਨ, ਜੋ ਕਿ ਸਫਲ ਹੋਏ ਹਨ ਅਤੇ ਹੁਣ ਲੈਬ ਟੈਸਟ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਦੀ ਪੰਜਾਬ ਦੇ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਜਾਵੇਗੀ, ਤਾਂ ਜੋ ਉਹ ਇਸ ਨੂੰ ਸਹਾਇਕ ਧੰਦੇ ਵਜੋਂ ਅਪਣਾ ਸਕਣ।
ਮੁਗਲ ਗਾਰਡਨ ਤੋਂ ਪ੍ਰਭਾਵਿਤ: ਹਾਲਾਂਕਿ, ਟਿਊਲਿਪ ਪੰਜਾਬ ਦੇ ਵਾਤਾਵਰਣ ਦੇ ਕੋਈ ਬਹੁਤਾ ਅਨੁਕੂਲ ਨਹੀਂ ਹੈ, ਕਿਉਂਕਿ ਇਹ ਜਿਆਦਾਤਰ ਠੰਡੀਆਂ ਥਾਵਾਂ ਉੱਤੇ ਹੀ ਲਗਾਇਆ ਜਾਂਦਾ ਹੈ। ਦਿੱਲੀ ਦੇ ਰਾਸ਼ਟਰਪਤੀ ਭਵਨ ਵਿਖੇ ਮੁਗਲ ਗਾਰਡਨ ਵਿੱਚ ਵੀ ਟਿਊਲਿਪ ਲਗਾਏ ਜਾਂਦੇ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਨੇ ਫੈਸਲਾ ਕੀਤਾ ਸੀ ਕਿ ਪੰਜਾਬ ਵਿੱਚ ਵੀ ਇਸ ਨੂੰ ਕਾਮਯਾਬ ਬਣਾਇਆ ਜਾਵੇਗਾ। ਇਸ ਦੇ ਤਹਿਤ 2000 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਅਤੇ ਰੰਗਾ ਦੇ ਬੂਟੇ ਹੋਲੈਂਡ ਤੋਂ ਮੰਗਵਾਏ ਗਏ ਸਨ, ਜਿਨ੍ਹਾਂ ਨੂੰ ਹੁਣ ਫੁੱਲ ਲੱਗ ਗਏ ਹਨ ਅਤੇ ਪੀਏਯੂ ਵਿੱਚ ਉਹ ਬਗੀਚੀ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਲੈਬ ਟੈਸਟ ਜਾਰੀ: ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਫਲੋਰੀਕਲਚਰ ਵਿਭਾਗ ਦੇ ਡਾਕਟਰ ਰਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਫਿਲਹਾਲ ਅਸੀਂ ਫੁੱਲ ਤਾਂ ਪ੍ਰਾਪਤ ਕਰ ਲਏ ਹਨ ਅਤੇ ਚੰਗੀ ਪੈਦਾਵਾਰ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਾਡਾ ਮੰਤਵ ਹੈ ਕਿ ਇਸ ਦੇ ਅੱਗੇ ਬੀਜ ਬਣਾਏ ਜਾਣ ਉਸ ਤੋਂ ਬਾਅਦ ਮੁੜ ਤੋਂ ਪ੍ਰੀਖਣ ਕੀਤਾ ਜਾਵੇ ਅਤੇ ਫਿਰ ਜਦੋਂ ਇਸ ਦਾ ਬੱਲਬ ਹੇਠਾਂ ਬਣ ਜਾਵੇਗਾ ਤਾਂ ਇਸ ਨੂੰ ਪੰਜਾਬ ਦੇ ਕਿਸਾਨਾਂ ਲਈ ਵੀ ਸਿਫਾਰਿਸ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਦੀ ਵਰਤੋਂ ਵਿਆਹ ਸਮਾਗਮਾਂ ਵਿੱਚ ਸਜਾਵਟ ਦੇ ਤੌਰ ਉੱਤੇ ਅਤੇ ਕਿਸੇ ਨੂੰ ਭੇਂਟ ਕਰਨ ਲਈ ਕੀਤੇ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਅਸੀਂ ਕਾਫੀ ਮੰਗ ਵੀ ਹੈ, ਕਿਉਂਕਿ ਇਹ ਵਿਲੱਖਣ ਫੁੱਲ ਹੈ ਜੋ ਪੰਜਾਬ ਵਿੱਚ ਵੇਖਣ ਨੂੰ ਨਹੀਂ ਮਿਲਦਾ।
ਖ਼ੁਰਾਕੀ ਤੱਤ: ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਇਨ੍ਹਾਂ ਫੁੱਲਾਂ ਦੇ ਲਈ ਕੋਈ ਵਿਸ਼ੇਸ਼ ਕੀਟਨਾਸ਼ਕ ਦੀ ਵਰਤੋਂ ਲਈ ਲੋੜ ਨਹੀਂ ਪੈਂਦੀ ਹੈ। ਸਗੋਂ, ਇਸ ਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਜਿਸ ਦੀ ਸਪਰੇਅ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਇਸ ਨੂੰ ਪਾਣੀ ਵੀ ਆਮ ਵਾਂਗੂ ਹੀ ਲੱਗਦਾ ਹੈ। ਟਿਊਲਪ ਨੂੰ ਨਵੰਬਰ ਮਹੀਨੇ ਵਿੱਚ ਲਗਾਇਆ ਜਾਂਦਾ ਹੈ ਅਤੇ ਫ਼ਰਵਰੀ ਤੋਂ ਮਾਰਚ ਮਹੀਨੇ ਵਿੱਚ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਨ ਅਤੇ ਉਦੋਂ ਇਨ੍ਹਾਂ ਨੂੰ ਤੋੜ ਕੇ ਬਾਜ਼ਾਰ ਵਿੱਚ ਵੇਚਿਆ ਜਾ ਸਕਦਾ ਹੈ ਅਤੇ ਇਸ ਦਾ ਮੰਡੀਕਰਨ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ਬਾਜ਼ਾਰ ਦੇ ਵਿੱਚ ਇਸ ਫੁੱਲ ਦੀ ਕਾਫੀ ਡਿਮਾਂਡ ਰਹਿੰਦੀ ਹੈ ਇਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ।
ਜਲਦ ਸਿਫਾਰਿਸ਼: ਵਿਭਾਗ ਦੇ ਡਾਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਤੌਰ ਉੱਤੇ ਇਹ ਸਾਰੇ ਹੀ ਫੁੱਲ ਪੀਏਯੂ ਵੱਲੋਂ 1 ਲੱਖ ਰੁਪਏ ਦੀ ਲਾਗਤ ਨਾਲ ਹੋਲੈਂਡ ਤੋਂ ਮੰਗਵਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਇਹ ਯੂਰਪ ਦੇ ਵਿਦੇਸ਼ਾਂ ਦੇ ਵਿੱਚ ਹੁੰਦੇ ਹਨ ਅਤੇ ਠੰਡੇ ਮੁਲਕਾਂ ਵਿੱਚ ਹੀ ਇਨ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ। ਪਰ, ਉਨ੍ਹਾਂ ਨੇ ਕਿਹਾ ਕਿ ਇਸ ਨੂੰ ਹੁਣ ਪੰਜਾਬ ਵਿੱਚ ਵੀ ਕਾਮਯਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਫੁੱਲ ਇਸ ਤੋਂ ਪ੍ਰਾਪਤ ਕਰ ਲਏ ਹਨ ਅਤੇ ਹੁਣ ਇਸ ਦੀ ਜੜ ਵਿੱਚ ਹੋਣ ਵਾਲੇ ਬੱਲਬ ਨੂੰ ਤਿਆਰ ਹੋਣ ਲਈ ਪ੍ਰਾਪਤ ਮਾਤਰਾ ਵਿੱਚ ਠੰਡ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਵੀ ਕਾਫੀ ਕੜਾਕੇ ਦੇ ਠੰਡ ਪਈ ਹੈ ਅਤੇ ਸਾਨੂੰ ਉਮੀਦ ਹੈ ਕਿ ਜਦੋਂ ਇਸ ਦਾ ਬੱਲਬ ਤਿਆਰ ਹੋ ਜਾਵੇਗਾ ਤਾਂ ਅਸੀਂ ਇਸ ਨੂੰ ਅੱਗੇ ਕਿਸਾਨਾਂ ਲਈ ਵੀ ਸਿਫਾਰਿਸ਼ ਕਰ ਦੇਵਾਂਗੇ।