ਅੰਮ੍ਰਿਤਸਰ : ਅੰਮ੍ਰਿਤਸਰ ਦੇ ਅਜਨਾਲਾ ਖੇਤਰ 'ਚ ਤਿਹਰੇ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿਥੇ ਇੱਕ ਨਸ਼ੇੜੀ ਨੇ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਘਰ 'ਚ ਛੱਡ ਕੇ ਉਹ ਸਿੱਧਾ ਥਾਣੇ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ 35 ਸਾਲਾ ਅੰਮ੍ਰਿਤਪਾਲ ਸਿੰਘ ਵਾਸੀ ਕੰਦੋਵਾਲੀਆ ਕਸਬਾ ਅਜਨਾਲਾ ਵਜੋਂ ਹੋਈ ਹੈ। ਜਦਕਿ ਮ੍ਰਿਤਕਾਂ ਦੀ ਪਛਾਣ ਮਾਂ ਮਨਬੀਰ ਕੌਰ, ਭਰਜਾਈ ਅਵਨੀਤ ਕੌਰ ਅਤੇ ਭਤੀਜੇ ਸਮਰਥ ਵਜੋਂ ਹੋਈ ਹੈ।
ਦੇਰ ਰਾਤ ਦਿੱਤਾ ਵਾਰਦਾਤ ਨੂੰ ਅੰਜਾਮ : ਜਾਣਕਾਰੀ ਮੁਤਾਬਿਕ ਮੁਲਜ਼ਮ ਨੇ ਦੇਰ ਰਾਤ ਸਮੇਂ ਨਸ਼ੇ ਦੀ ਹਾਲਤ ਚ ਆਪਣੀ ਮਾਂ, ਭਰਜਾਈ ਅਤੇ ਭਤੀਜੇ ਨੂੰ ਪਹਿਲਾਂ ਕੁੱਟਿਆ। ਫਿਰ ਤੇਜ਼ਧਾਰ ਹਥਿਆਰ ਦੇ ਨਾਲ ਬਾਹਰ ਲਾਬੀ ਵਿੱਚ ਸੁੱਤੀ ਹੋਈ ਮਾਂ ਨੂੰ ਕਤਲ ਕੀਤਾ। ਇੰਨਾ ਹੀ ਨਹੀਂ ਅਵਨੀਤ ਕੌਰ ਅਤੇ ਸਮਰਥ ਕਮਰੇ ਵਿੱਚ ਸੌਂ ਰਹੇ ਸਨ। ਜਿਸ ਤਰ੍ਹਾਂ ਹੀ ਅਵਾਜ਼ ਸੁਣਾਈ ਦਿੱਤੀ ਭਰਜਾਈ ਬਾਹਰ ਆਈ ਤਾਂ ਉਸ ਦਾ ਵੀ ਕਤਲ ਕਰ ਦਿੱਤਾ। ਜਿਸ ਤਰ੍ਹਾਂ ਅਵਨੀਤ ਨੂੰ ਕੱਟਿਆ ਗਿਆ, ਉਸ ਤੋਂ ਸਾਫ਼ ਹੈ ਕਿ ਉਸ ਨੇ ਮੁਲਜ਼ਮ ਦਾ ਵਿਰੋਧ ਕੀਤਾ ਸੀ। ਉਸ ਨੇ ਬੱਚੇ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਸੌਂ ਰਿਹਾ ਸੀ।
ਨਸ਼ੇ ਕਰਨ ਤੋਂ ਰੋਕਦਾ ਸੀ ਪਰਿਵਾਰ : ਮੁਲਜ਼ਮ ਨਸ਼ੇ ਦਾ ਆਦੀ ਹੈ। ਉਹ ਚਿੱਟੇ ਦਾ ਆਦੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਉਸ ਨੇ ਇਹ ਤੀਹਰਾ ਕਤਲ ਕੀਤਾ ਹੈ। ਉਸ ਦਾ ਭਰਾ ਪ੍ਰਿਤਪਾਲ ਸਿੰਘ ਦੁਬਈ ਵਿੱਚ ਕੰਮ ਕਰਦਾ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਸਮੇਂ ਵਰਤੇ ਗਏ ਹੱਥਿਆਰ ਵੀ ਪੁਲਿਸ ਨੇ ਬਰਾਮਦ ਕਰ ਲਏ ਹਨ।
ਪਰਿਵਾਰ ਨੇ ਕੀਤੀ ਫਾਂਸੀ ਦੀ ਮੰਗ : ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਨੌਜਵਾਨ ਅੰਮ੍ਰਿਤਪਾਲ ਸਿੰਘ ਨਸ਼ੇ ਦਾ ਆਦਿ ਹੈ, ਇਸ ਨਸ਼ੇ ਕਾਰਨ ਹੀ ਉਸ ਦੀਆਂ ਦੋ ਬੱਚੀਆਂ ਅਤੇ ਘਰਵਾਲੀ ਛੱਡ ਕੇ ਪੇਕੇ ਘਰ ਚਲੇ ਗਈ ਹੈ। ਇਸ ਨੂੰ ਕਈ ਵਾਰ ਨਸ਼ਾ ਛਡਾਊ ਕੇਂਦਰ ਵੀ ਛੱਡਿਆ ਪਰ ਤਾਂ ਵੀ ਇਸ ਨੇ ਨਸ਼ਾ ਨਹੀਂ ਛੱਡਿਆ। ਜਦ ਪਰਿਵਾਰ ਇਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਤਾਂ, ਇਸ ਨੇ ਪਰਿਵਾਰ ਹੀ ਉਜਾੜ ਦਿੱਤਾ। ਰਾਤ ਸੁੱਤੀ ਪਈ ਮਾਂ ਨੂੰ ਮਾਰ ਦਿੱਤਾ ਨਾਲ ਹੀ ਬਚਾਅ ਵਿੱਚ ਆਈ ਭਾਬੀ ਨੂੰ ਵੀ ਕਤਲ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਸ ਘਿਨਾਉਣੇ ਅਪਰਾਧ ਲਈ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਨਾਲ ਹੀ ਉਹਨਾਂ ਸਰਕਰ ਨੂੰ ਕਿਹਾ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਪਰਿਵਾਰ ਇੰਝ ਹੀ ਖਤਮ ਹੁੰਦੇ ਰਹਿਣਗੇ।