ਕਪੂਰਥਲਾ: ਘਰ ਦੀ ਗਰੀਬੀ ਚੁੱਕਣ ਲਈ 22 ਸਾਲਾਂ ਨੌਜਵਾਨ ਅਰਸ਼ਦੀਪ ਸਿੰਘ ਜੋ ਪਿਛਲੇ 10 ਮਹੀਨਿਆਂ ਤੋਂ ਮੋਰੱਕੋ ਵਿੱਚ ਫਸਿਆ ਹੋਇਆ ਸੀ। ਉਸਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਘਰ ਵਾਪਸੀ ਹੋ ਗਈ ਹੈ। ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਆਪਣੇ 12ਵੀਂ ਪਾਸ ਪੁੱਤਰ ਅਰਸ਼ਦੀਪ ਨੂੰ ਸਪੇਨ ਭੇਜਣ ਲਈ ਰਿਸ਼ਤੇਦਾਰਾਂ ਤੇ ਹੋਰ ਸਾਕ ਸੰਬੰਧੀਆਂ ਕੋਲੋਂ 13 ਲੱਖ ਰੁਪਏ ਇਕੱਠੇ ਕਰਕੇ ਪਿੰਡ ਪੰਮਣਾ ਦੇ ਰਹਿਣ ਵਾਲੇ ਟਰੈਵਲ ਏਜੰਟ ਨੂੰ ਦਿੱਤੇ ਸੀ। ਜਿਥੇ ਏਜੰਟ ਵਲੋਂ ਨੌਜਵਾਨ ਨਾਲ ਠੱਗੀ ਮਾਰੀ ਗਈ ਹੈ ਅਤੇ ਸਪੇਨ ਦੀ ਥਾਂ ਉਸ ਨੂੰ ਮੋਰੱਕੋ 'ਚ ਧੱਕੇ ਖਾਣੇ ਪਏ।
ਸਪੇਨ ਦੀ ਥਾਂ ਮੋਰੱਕੋ ਭੇਜਿਆ ਨੌਜਵਾਨ: ਇਸ ਸਬੰਧੀ ਅਰਸ਼ਦੀਪ ਨੇ ਦੱਸਿਆ ਕਿ ਉਹ ਜੂਨ 2023 ਨੂੰ ਜੈਪੁਰ ਤੋਂ ਸਪੇਨ ਲਈ ਜਹਾਜ਼ ਚੜ੍ਹਿਆ ਸੀ ਪਰ ਟਰੈਵਲ ਏਜੰਟ ਨੇ ਉਸ ਨੂੰ ਮੋਰੱਕੋ ਵਿੱਚ ਲਿਜਾ ਕੇ ਫਸਾ ਦਿੱਤਾ। ਉਸਨੇ ਦੱਸਿਆ ਕਿ ਉਹਨਾਂ ਕੋਲ ਜਿਹੜੇ ਪੈਸੇ ਸੀ, ਉਹ ਹੋਟਲ ਦੇ ਕਿਰਾਏ ਵਿੱਚ ਅਤੇ ਖਾਣੇ 'ਤੇ ਖਰਚੇ ਗਏ। ਉਹ ਆਪਣੇ ਘਰ ਤੋਂ ਹਰ ਹਫਤੇ 15 ਤੋਂ 20 ਹਜ਼ਾਰ ਰੁਪਏ ਮੰਗਵਾ ਕੇ ਉੱਥੇ ਗੁਜ਼ਾਰਾ ਕਰ ਰਿਹਾ ਸੀ। ਜਦਕਿ ਟਰੈਵਲ ਏਜੰਟ ਉਹਨਾਂ ਨੂੰ ਰੋਜ਼ਾਨਾ ਹੀ ਸਪੇਨ ਭੇਜਣ ਦੇ ਲਾਰੇ ਲਾਉਂਦਾ ਰਿਹਾ। ਮੋਰੱਕੋ ਵਿੱਚ ਰਹਿਣਾ ਉਹਨਾਂ ਲਈ ਔਖਾ ਹੋ ਗਿਆ ਸੀ ਤੇ 10 ਮਹੀਨਿਆਂ ਦਾ ਹੋਟਲ ਦਾ ਖਰਚਾ ਹੀ ਉਹਨਾਂ ਦਾ 7 ਲੱਖ ਦੇ ਕਰੀਬ ਬਣ ਚੁੱਕਾ ਸੀ।
ਫੇਸਬੁੱਕ ਰਾਹੀ ਸੰਤ ਸੀਚੇਵਾਲ ਤੱਕ ਕੀਤੀ ਪਹੁੰਚ: ਅਰਸ਼ਦੀਪ ਨੇ ਦੱਸਿਆ ਕਿ ਉਸਦੇ ਨਾਲ ਹੋਰ ਮੁੰਡੇ ਵੀ ਸਨ, ਜਿਹਨਾਂ ਫੇਸਬੁੱਕ ਦੇ ਮਾਧਿਅਮ ਰਾਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਆਪਣੀ ਸਾਰੀ ਹੱਡਬੀਤੀ ਸੁਣਾਈ। ਜਿਸ ਤੋਂ ਬਾਅਦ ਉਸ ਦੇ ਪਿਤਾ ਨਿਰਮਲ ਸਿੰਘ ਪਿੰਡ ਦੇ ਹੋਰ ਮੋਹਤਬਾਰ ਬੰਦਿਆਂ ਨੂੰ ਨਾਲ ਲੈ ਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ 19 ਮਾਰਚ ਨੂੰ ਸੰਤ ਸੀਚੇਵਾਲ ਨੂੰ ਮਿਲੇ। ਉਹਨਾਂ ਵੱਲੋਂ ਉਸੇ ਵੇਲੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕਿ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਜਿਸ ਤੋਂ ਬਾਅਦ ਮੋਰੱਕੋ ਵਿਚਲੀ ਭਾਰਤੀ ਅੰਬੈਸੀ ਨੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਦੀ ਘਰ ਵਾਪਸੀ ਯਕੀਨੀ ਬਣਾਈ ਤੇ ਉਹ ਆਪਣੇ ਘਰ 28 ਮਾਰਚ ਨੂੰ ਸਹੀ ਸਲਾਮਤ ਪਹੁੰਚ ਗਏ। ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ 10 ਹੋਰ ਪੰਜਾਬੀ ਵੀ ਵਾਪਿਸ ਆਉਣ ਵਿੱਚ ਕਾਮਯਾਬ ਰਹੇ। ਅਰਸ਼ਦੀਪ ਨੇ ਇਹ ਦਾਅਵਾ ਕੀਤਾ ਕਿ ਸਪੇਨ ਜਾਣ ਲਈ ਟਰੈਵਲ ਏਜੰਟਾਂ ਦੇ ਭਰਮ ਜਾਲ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਗਿਣਤੀ 500 ਦੇ ਕਰੀਬ ਸੀ।
ਦੇਸ਼ 'ਚ ਰਹਿ ਕੇ ਹੀ ਕਾਰੋਬਾਰ ਕਰਨ ਨੌਜਵਾਨ: ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟਰੈਵਲ ਏਜੰਟਾਂ ਦੀ ਤੁਲਨਾ ਜਲਾਦਾਂ ਨਾਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਕਿਸੇ ਦੀ ਗਰੀਬੀ 'ਤੇ ਵੀ ਤਰਸ ਨਹੀ ਆਉਂਦਾ। ਉਹਨਾਂ ਕਿਹਾ ਕਿ ਅਜਿਹੇ ਟਰੈਵਲ ਏਜੰਟ ਗਰੀਬਾਂ ਦੀ ਮਜ਼ਦੂਰੀ ਦਾ ਫਾਇਦਾ ਚੁੱਕ ਕਿ ਵਿਦੇਸ਼ਾਂ ਦੀ ਚਮਕ ਦਮਕ ਦਾ ਸੁਫਨਾ ਦਿਖਾ ਕਿ ਨੌਜਵਾਨਾਂ ਨੂੰ ਭਰਮਾ ਰਹੇ ਹਨ। ਜਿਹਨਾਂ ਤੋਂ ਬਚਣ ਦੀ ਲੋੜ ਹੈ। ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹ ਇੰਨਾਂ ਗਰੀਬ ਹੈ ਕਿ ਰਾਜ ਮਿਸਤਰੀ ਹੁੰਦਿਆਂ ਹੋਇਆ ਵੀ ਉਹ ਆਪਣੇ ਘਰੇ ਬਾਥਰੂਮ ਤੱਕ ਨਹੀ ਬਣਾ ਸਕਿਆ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਦੇ ਪੌਂਡਾਂ, ਡਾਲਰਾਂ ਦੀ ਚਮਕ-ਦਮਕ ਦੇ ਪਿੱਛੇ ਨਾ ਭੱਜਣ, ਸਗੋਂ ਇਹਨਾਂ ਪੈਸਿਆਂ ਨਾਲ ਭਾਰਤ ਵਿੱਚ ਰਹਿ ਕਿ ਹੀ ਆਪਣਾ ਕਾਰੋਬਰ ਚਲਾ ਸਕਦੇ ਹਨ।
ਤਿੰਨ ਭੈਣਾਂ ਦਾ ਭਰਾ ਸੀ ਪੀੜਤ ਨੌਜਵਾਨ: ਅਰਸ਼ਦੀਪ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸਦੀਆਂ ਤਿੰਨ ਧੀਆਂ ਵਿਆਹਉਣ ਵਾਲੀਆਂ ਹਨ। ਉਹ ਤਿੰਨੋਂ ਹੀ ਅਰਸ਼ਦੀਪ ਤੋਂ ਵੱਡੀਆਂ ਹਨ। ਉਹ ਆਪ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਹਨਾਂ ਨੇ ਇਸ ਇਰਾਦੇ ਨਾਲ ਕਰਜ਼ਾ ਚੁੱਕਿਆ ਸੀ ਕਿ ਘਰ ਦੀ ਗਰੀਬੀ ਚੁੱਕੀ ਜਾਵੇਗੀ, ਧੀਆਂ ਵਿਆਹੀਆਂ ਜਾਣਗੀਆਂ ਤੇ ਚੰਗਾ ਘਰ ਵੀ ਬਣ ਜਾਵੇਗਾ। ਪਰ ਟਰੈਵਲ ਏਜੰਟ ਦੇ ਧੋਖੇ ਨੇ ਉਹਨਾਂ ਦੇ ਸੁਫਨਿਆਂ ਉਪਰ ਪਾਣੀ ਫੇਰ ਦਿੱਤਾ ਤੇ ਪੀੜਤ ਪਰਿਵਾਰ ਨੂੰ 20 ਲੱਖ ਦੇ ਕਰਜ਼ੇ ਦੀ ਪੰਡ ਹੇਠਾਂ ਲੈ ਆਇਆ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਦੇ ਠੱਗ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਸਦੇ ਸਾਰੇ ਪੈਸੇ ਵਾਪਿਸ ਕਰਵਾਏ ਜਾਣ ਤਾਂ ਜੋ ਆਪਣੇ ਸਿਰ ਕਰਜ਼ਾ ਲਾਹ ਸਕੇ।
- ਅਜਨਾਲਾ 'ਚ ਟ੍ਰਿਪਲ ਮਰਡਰ, ਨਸ਼ੇੜੀ ਪੁੱਤ ਨੇ ਮਾਂ, ਭਰਜਾਈ ਸਮੇਤ ਮਾਸੂਮ ਭਤੀਜੇ ਦਾ ਬੇਰਹਿਮੀ ਨਾਲ ਕੀਤਾ ਕਤਲ - Triple Murder In Amritsar
- ਲੁਧਿਆਣਾ 'ਚ ਦਿਨ ਦਿਹਾੜੇ ਹੋਈ ਲੁੱਟ ਦੀ ਵਾਰਦਾਤ, ਤਾਲਿਆਂ ਦੀਆਂ ਚਾਬੀਆਂ ਬਣਾਉਣ ਵਾਲੇ ਨੇ ਉਡਾਏ ਲੱਖਾਂ ਰੁਪਏ, ਘਟਨਾ ਸੀਸੀਟੀਵੀ 'ਚ ਕੈਦ - robbery incident in Ludhiana
- ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਸੀਆਰਪੀਐਫ ਵੱਲੋਂ ਕੱਢਿਆ ਗਿਆ ਫਲੈਗ ਮਾਰਚ, ਸ਼ਰਾਰਤੀ ਅਨਸਰਾਂ ਨੂੰ ਦਿੱਤੀ ਚਿਤਾਵਨੀ - Flag march in Amritsar