ਚੰਡੀਗੜ੍ਹ: ਪੰਜਾਬ ਵਿੱਚ ਇਕ ਦਮ ਮੌਸਮ ਨੇ ਅਜਿਹੀ ਕਰਵਟ ਬਦਲੀ ਕਿ ਲੋਕਾਂ ਨੂੰ ਠੰਡ ਦਾ ਜ਼ੋਰਦਾਰ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ-ਸ਼ਾਮ ਪੰਜਾਬ ਦੀਆਂ ਸੜਕਾਂ ਉੱਤੇ ਸੰਘਣੀ ਧੁੰਦ ਦਿਖਾਈ ਦਿੰਦੀ ਹੈ। ਇਸ ਦੇ ਨਾਲ ਹੀ, ਠੰਡ ਦੇ ਨਾਲ-ਨਾਲ ਲੋਕਾਂ ਦਾ ਗੰਦਲੀ ਹਵਾ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਵਾ ਦੀ ਕੁਆਲਟੀ ਬੇਹਦ ਖਰਾਬ ਦਰਜ ਹੋ ਰਹੀ ਹੈ। ਅਜਿਹੇ ਮੌਸਮ ਵਿੱਚ ਡਾਕਟਰ ਤੇ ਮਾਹਿਰਾਂ ਵਲੋਂ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਬੇਹਦ ਖਿਆਲ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ
ਅੱਜ ਯਾਨੀ ਸੋਮਵਾਰ ਨੂੰ ਮੌਸਮ ਵਿਭਾਗ ਵਲੋਂ ਪੰਜਾਬ ਦੇ ਸੰਗਰੂਰ , ਬਰਨਾਲਾ, ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਸੰਘਣੀ ਧੁੰਦ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ, ਮੀਂਹ ਦੀ ਚੇਤਾਵਨੀ ਕਿਤੇ ਵੀ ਨਹੀਂ ਹੈ, ਜ਼ਿਆਦਰ ਮੌਸਮ ਖੁਸ਼ਕ ਰਹੇਗਾ। ਧੁੱਪ ਦੇ ਦਰਸ਼ਨ ਵੀ ਕਿਸੇ-ਕਿਸੇ ਜ਼ਿਲ੍ਹੇ ਵਿੱਚ ਨਸੀਬ ਹੋਣਗੇ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ 'ਚ ਸਮੋਗ ਅਲਰਟ ਨਹੀਂ ਹੈ, ਪਰ ਪ੍ਰਦੂਸ਼ਣ ਨੇ ਦਮ ਤੋੜਿਆ ਹੋਇਆ ਹੈ।
ਹਵਾ ਖਰਾਬ, ਰੈੱਡ ਜ਼ੋਨ ਵਿੱਚ ਚੰਡੀਗੜ੍ਹ, ਜਾਣੋ ਪੰਜਾਬ ਦੇ ਜ਼ਿਲ੍ਹਿਆਂ ਦਾ ਹਾਲ
ਪੰਜਾਬ-ਹਰਿਆਣਾ ਦੀਆਂ ਹਵਾਵਾਂ ਰਾਜਧਾਨੀ ਚੰਡੀਗੜ੍ਹ ਦਾ ਦਮ ਘੁੱਟ ਰਹੀਆਂ ਹਨ। ਚੰਡੀਗੜ੍ਹ ਵਿੱਚ ਹਵਾ ਖਰਾਬ ਨੂੰ ਲੈ ਕੇ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ, ਉੱਥੇ ਵੱਧ ਤੋਂ ਵੱਧ AQI 382 ਦਰਜ ਕੀਤਾ ਗਿਆ ਹੈ। ਜਦਕਿ ਪੰਜਾਬ ਵਿੱਚ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਅੰਮ੍ਰਿਤਸਰ ਵਿੱਚ ਵੀ, ਜਿੱਥੇ ਸਥਿਤੀ ਬਹੁਤ ਖਰਾਬ ਸੀ, AQI 216 ਤੱਕ ਪਹੁੰਚ ਗਿਆ ਹੈ। ਜਦਕਿ ਲੁਧਿਆਣਾ, ਰੂਪਨਗਰ, ਜਲੰਧਰ ਅਤੇ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਵਿੱਚ AQI 200 ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ।