ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਇੱਕ ਪੈਟਰੋਲ ਪੰਪ ਤੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 70 ਤੋਂ 80 ਹਜ਼ਾਰ ਰੁਪਏ ਦਾ ਤੇਲ ਪਵਾ ਕੇ ਹੋਏ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਸੀਂ ਵੇਖ ਸਕਦੇ ਹੋ ਕਿ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆ ਹਨ।
ਵਿਅਕਤੀ ਵੀ ਪਾਣੀ ਪੀਣ ਦੇ ਬਹਾਨੇ ਕੰਧ ਟੱਪ ਕੇ ਭੱਜ ਜਾਂਦਾ
ਇਸ ਮੌਕੇ ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਸ਼ਾਮੀ ਸਾਢੇ ਛੇ ਵਜੇ ਦੇ ਕਰੀਬ ਇੱਕ ਵਿਅਕਤੀ ਆ ਕੇ ਪਹਿਲਾਂ ਹੀ ਮੈਨੇਜਰ ਨਾਲ ਗੱਲ ਕਰਕੇ ਗਿਆ ਸੀ ਕਿ ਅਸੀਂ 2000 ਲੀਟਰ ਤੇਲ ਲੈਣਾ ਹੈ ਤੇ ਸਾਨੂੰ ਪੱਕਾ ਬਿੱਲ ਕੱਟ ਦਿਓ। ਉਸ ਤੋਂ ਸ਼ਾਮ ਨੂੰ 8 ਵਜੇ ਕੁਝ ਵਿਅਕਤੀ ਟਰੈਕਟਰ ਟਰਾਲੀ ਲੈ ਕੇ ਆਉਦੇ ਹਨ ਅਤੇ ਉਸ ਵਿਚ 600 ਤੋਂ 700 ਲੀਟਰ ਤੇਲ ਤਿੰਨ ਡਰੰਮਾਂ ਵਿੱਚ ਭਰਵਾ ਕੇ ਇੱਕ ਪਾਸੇ ਲਾ ਦਿੰਦੇ ਹਨ। ਥੋੜੀ ਦੇਰ ਬਾਅਦ ਟਰੈਕਟਰ ਟਰਾਲੀ ਨੂੰ ਭੇਜ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਸਵਿਫਟ ਗੱਡੀ ਵਿੱਚ ਵੀ ਤੇਲ ਪਵਾਕੇ ਉਸਨੂੰ ਖੜਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਵੀ ਬਾਅਦ ਵਿੱਚ ਭੇਜ ਦਿੱਤਾ ਜਾਂਦਾ ਹੈ। ਇਸ ਸਭ ਤੋਂ ਬਾਅਦ ਵਿਅਕਤੀ ਕਹਿੰਦਾ ਹੈ ਕਿ ਅਸੀਂ ਹੋਰ ਤੇਲ ਲੈਣਾ ਹੈ ਤੇ ਇੱਕ ਗੱਡੀ ਹੋਰ ਆ ਗਈ ਹੈ। ਬਾਅਦ ਵਿੱਚ ਉਹ ਵਿਅਕਤੀ ਵੀ ਪਾਣੀ ਪੀਣ ਦੇ ਬਹਾਨੇ ਕੰਧ ਟੱਪ ਕੇ ਭੱਜ ਜਾਂਦਾ ਹੈ।
70, 80 ਹਜ਼ਾਰ ਦਾ ਤੇਲ ਪਵਾ ਕੇ ਠੱਗ ਫਰਾਰ
ਪੈਟਰੋਲ ਪੰਪ ਦੇ ਮਾਲਕ ਦਾ ਕਹਿਣਾ ਹੈ ਕਿ ਪਹਿਲਾਂ ਵੀ ਇੱਕ ਦੋ ਵਾਰ ਇਸ ਤਰ੍ਹਾਂ ਤੇਲ ਪਵਾ ਕੇ ਕਈ ਕਾਰਾਂ ਵਾਲੇ ਫਰਾਰ ਹੋਏ ਹਨ। ਅਸੀਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਉਸ ਦੇ ਉੱਪਰ ਕੋਈ ਵੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਤਾਂ ਵੱਡੀ ਹੀ ਠੱਗੀ ਵੱਜੀ ਹੈ, ਜਿਸ 'ਚ 70, 80 ਹਜ਼ਾਰ ਦਾ ਤੇਲ ਪਵਾ ਕੇ ਇਹ ਸ਼ਾਤਰ ਠੱਗ ਫਰਾਰ ਹੋ ਗਏ ਹਨ। ਜਿਹੜੇ ਸਾਰੇ ਸੀਸੀਟੀਵੀ ਕੈਮਰੇ ਵਿੱਚ ਸਾਫ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ।
ਜਲਦੀ ਹੀ ਠੱਗਾਂ ਨੂੰ ਕਾਬੂ ਕੀਤਾ ਜਾਵੇਗਾ
ਇਸ ਮੌਕੇ 'ਤੇ ਪਹੁੰਚੇ ਡੀਐਸਪੀ ਰਵਿੰਦਰ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ ਦੀਆਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਲਈਆਂ ਜਾ ਰਹੀਆਂ ਹਨ। ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਚਾਰ ਦੇ ਕਰੀਬ ਇਹ ਲੋਕ ਟਰੈਕਟਰ ਟਰਾਲੀ ਅਤੇ ਗੱਡੀਆਂ ਲੈ ਕੇ ਆਏ ਸਨ। ਜਾਣਕਾਰੀ ਮੁਤਾਬਿਕ 80 ਹਜ਼ਾਰ ਦੇ ਕਰੀਬ ਦਾ ਤੇਲ ਲੈ ਕੇ ਫਰਾਰ ਹੋ ਗਏ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਰਾਹੀਂ ਪਤਾ ਲੱਗ ਰਿਹਾ ਹੈ ਕਿ ਉਹ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦੀ ਹੀ ਠੱਗਾਂ ਨੂੰ ਕਾਬੂ ਕਰ ਲਿਆ ਜਾਵੇਗਾ।