ਲੁਧਿਆਣਾ: ਲੁਧਿਆਣਾ ਵਿੱਚ ਸ਼ਿਵ ਸੈਨਾ ਹਿੰਦ ਸਿੱਖ ਵਿੰਗ ਦੇ ਕੌਮੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਦੇ ਘਰ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਕੱਚ ਦੀ ਬੋਤਲ ਵਿੱਚ ਪੈਟਰੋਲ ਬੰਬ ਸੁੱਟਿਆ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਅਤੇ ਸ਼ਿਵ ਸੈਨਾ ਆਗੂ ਨੇ ਕਿਹਾ ਹੈ ਕਿ ਉਸ ਨੂੰ ਲਗਾਤਾਰ ਫੋਨ 'ਤੇ ਮੈਸੇਜ ਰਾਹੀਂ ਅਤੇ ਕਾਲ ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਧਮਾਕੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਬਾਈਕ ਸਵਾਰ ਸਾਫ ਦਿਖਾਈ ਦੇ ਰਹੇ ਹਨ। ਤਿੰਨ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
'ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ'
ਦੱਸ ਦਈਏ ਕਿ ਪਿਛਲੇ 15 ਦਿਨਾਂ ਵਿੱਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਭਾਰਤੀ ਆਗੂ ਯੋਗੇਸ਼ ਬਖਸ਼ੀ ਦੇ ਘਰ ਦੇ ਬਾਹਰ ਕੁਝ ਸ਼ਰਾਰਤੀ ਨੌਜਵਾਨਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ ਸੀ। ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਨੇ ਕਿਹਾ ਹੈ ਕਿ ਸਰਕਾਰ ਨੂੰ ਇਨ੍ਹਾਂ 'ਤੇ ਸਖਤ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਅਣਪਛਾਤਿਆਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ। ਸ਼ਿਵ ਸੈਨਾ ਭਾਰਤੀ ਆਗੂ ਨੇ ਕਿਹਾ ਕਿ ਸਾਨੂੰ ਧਮਕੀਆਂ ਦੇ ਵਿੱਚ ਕਿਹਾ ਗਿਆ ਹੈ ਕਿ ਤੁਹਾਡੇ ਸਾਰਿਆਂ ਦੇ ਘਰ ਸਾਨੂੰ ਪਤਾ ਲੱਗ ਗਏ ਹਨ ਅਤੇ ਹੁਣ ਜਾਗੋ ਕੱਢੀ ਜਾਵੇਗੀ। ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਨੇ ਕਿਹਾ ਕਿ ਅਜਿਹੇ ਗੈਂਗਸਟਰ ਨੂੰ ਪੁਲਿਸ ਵੱਲੋਂ ਐਂਨਕਾਉਂਟਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਲਗਾਤਾਰ ਹਿੰਦੂ ਆਗੂ ਵਾਂਗੂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਪੂਰੇ ਮਾਮਲੇ ਦੀ ਡੁੰਗਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ।
'ਪ੍ਰਸ਼ਾਸਨ ਹੱਥ 'ਤੇ ਹੱਥ ਧਰ ਕੇ ਬੈਠਾ'
ਉੱਥੇ ਹੀ ਦੂਜੇ ਪਾਸੇ ਮੌਕੇ 'ਤੇ ਯੋਗੇਸ਼ ਬਖਸ਼ੀ ਵੀ ਪਹੁੰਚੇ ਜਿਨਾਂ ਦੇ ਘਰ ਦੇ ਬਾਹਰ ਬੀਤੇ ਮਹੀਨੇ ਪੈਟਰੋਲ ਬੰਬ ਦੇ ਨਾਲ ਹਮਲਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਯੋਗੇਸ਼ ਬਖਸ਼ੀ ਨੇ ਕਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ ਪਰ ਪ੍ਰਸ਼ਾਸਨ ਹੱਥ 'ਤੇ ਹੱਥ ਧਰ ਕੇ ਬੈਠਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਜਲਦ ਹੀ ਉਹ ਇਨ੍ਹਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲੈਣਗੇ।
ਮੁਲਜ਼ਮਾਂ ਦੀ ਭਾਲ 'ਚ ਜੁਟੀ ਪੁਲਿਸ
ਇਸ ਸਬੰਧੀ ਪੁਲਿਸ ਅਧਿਕਾਰੀ ਪਰਦੀਪ ਕੁਮਾਰ ਦਾ ਕਹਿਣਾ ਕਿ ਸ਼ਿਵ ਸੈਨਾ ਆਗੂ ਦੇ ਘਰ 'ਤੇ ਸਵੇਰੇ ਤੜਕਸਾਰ ਮੋਟਰਸਾਈਕਲ 'ਤੇ ਆਏ ਤਿੰਨ ਅਣਪਛਾਤਿਆਂ ਵਲੋਂ ਬੰਬ ਨੁਮਾ ਚੀਜ ਸੁੱਟੀ ਗਈ ਹੈ। ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਾਰੀ ਟੀਮ ਤੇ ਅਫ਼ਸਰ ਇਥੇ ਆ ਗਏ ਸਨ ਅਤੇ ਟੀਮਾਂ ਜਾਂਚ 'ਚ ਜੁਟ ਗਈਆਂ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਨੂੰ ਲੱਭਣ 'ਚ ਅਸਾਨੀ ਹੋ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮ ਕਾਬੂ ਕੀਤੇ ਜਾਣਗੇ।