ਬਰਨਾਲਾ : ਬਰਨਾਲਾ ਸ਼ਹਿਰ ਵਿੱਚ ਚੋਰਾਂ ਨੇ ਇੱਕ ਹੋਰ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਹ ਘਟਨਾ ਬੀਤੀ ਰਾਤ ਸ਼ਹਿਰ ਦੇ ਧਨੌਲਾ ਰੋਡ ਉਪਰ ਇੱਕ ਸਪੇਅਰ ਪਾਰਟਸ ਦੀ ਦੁਕਾਨ ਉਪਰ ਵਾਪਰੀ। ਚੋਰ ਦੁਕਾਨ ਵਿੱਚੋਂ ਨਕਦੀ ਅਤੇ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੀੜਤ ਦੁਕਾਨਦਾਰ ਨੇ ਪੁਲਿਸ ਪ੍ਰਸਾ਼ਸ਼ਨ ਤੋਂ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ ਕੀਤੀ ਹੈ। ਉੱਥੇ ਪੁਲਿਸ ਅਧਿਕਾਰੀਆ ਨੇ ਮਾਮਲੇ ਦੀ ਜਾਂਚ ਕਰਕੇ ਜਲਦ ਚੋਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ, ਜਿਸ ਵਿੱਚ ਦੋ ਚੋਰ ਦੁਕਾਨ ਵਿੱਚ ਚੋਰੀ ਕਰਦੇ ਦਿਖਾਈ ਦੇ ਰਹੇ ਹਨ।
ਸਪੇਅਰ ਪਾਰਟਸ ਦੀ ਦੁਕਾਨ 'ਤੇ ਚੋਰੀ ਦੀ ਵਾਰਦਾਤ
ਇਸ ਮੌਕੇ ਪੀੜਤ ਦੁਕਾਨਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਬਰਨਾਲਾ ਸ਼ਹਿਰ ਦੇ ਧਨੌਲਾ ਰੋਡ ਉਪਰ ਟਰੱਕ ਯੂਨੀਅਨ ਨੇੜੇ ਸਪੇਅਰ ਪਾਰਟਸ ਦੀ ਦੁਕਾਨ ਹੈ। ਜਿੱਥੇ ਬੀਤੀ ਰਾਤ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਚੋਰ ਦੁਕਾਨ ਦੀ ਛੱਤ ਤੋਂ ਗੇਟ ਖੋਲ੍ਹ ਕੇ ਕੰਧ ਨੂੰ ਪਾੜ ਲਗਾ ਕੇ ਦੁਕਾਨ ਵਿੱਚ ਦਾਖ਼ਲ ਹੋਏ ਹਨ। ਜਿੰਨਾਂ ਵੱਲੋਂ ਦੁਕਾਨ ਵਿੱਚੋਂ 25 ਤੋਂ 30 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕੀਤੀ ਹੈ। ਇਸ ਤੋਂ ਇਲਾਵਾ ਦੁਕਾਨ ਵਿੱਚੋਂ ਕਾਫ਼ੀ ਸਮਾਨ ਵੀ ਗਾਇਬ ਹੈ।
ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
ਪੀੜਤ ਦੁਕਾਨਦਾਰ ਸੰਜੇ ਕੁਮਾਰ ਨੇ ਦੱਸਿਆ ਕਿ ਇਹ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੋ ਚੋਰ ਦੁਕਾਨ ਵਿੱਚ ਦਾਖ਼ਲ ਹੋਏ ਸਨ, ਜੋ ਕਰੀਬ ਇੱਕ ਘੰਟਾ ਦੁਕਾਨ ਵਿੱਚ ਰਹੇ ਅਤੇ ਸਮਾਨ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਚੋਰੀ ਦਾ ਪਤਾ ਉਨ੍ਹਾਂ ਨੂੰ ਸਵੇਰ ਸਮੇਂ ਲੱਗਿਆ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਬਾਰੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।
ਵਟਸਐਪ ਗਰੁੱਪਾਂ ਵਿੱਚ ਸ਼ੇਅਰ ਹੋਈ ਵੀਡੀਓ
ਉੱਥੇ ਹੀ ਇਸ ਮੌਕੇ ਥਾਣਾ ਸਿਟੀ 2 ਦੇ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇੱਕ ਚੋਰੀ ਦੀ ਘਟਨਾ ਬਾਰੇ ਉਨ੍ਹਾਂ ਨੂੰ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਹੋਈ ਵੀਡੀਓ ਉਪਰੰਤ ਪਤਾ ਲੱਗਿਆ ਹੈ। ਜਿਸ ਤੋਂ ਬਾਅਦ ਕੁੱਝ ਸਮਾਂ ਪਹਿਲਾਂ ਹੀ ਦੁਕਾਨਦਾਰ ਨੇ ਇਸ ਦੀ ਸੂਚਨਾ ਵੀ ਪੁਲਿਸ ਨੂੰ ਦਿੱਤੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।