ਬਠਿੰਡਾ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਦੇ ਪਿੰਡ ਜਗਾਰਾਮ ਤੀਰਥ ਵਿਖੇ ਨਹਿਰ ਵਿੱਚ ਨਾਜਾਇਜ਼ ਪਾਈਪਾਂ ਲਗਾ ਕੇ ਪਾਣੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਤਿੰਨ ਪਿੰਡਾਂ ਦੇ ਲੋਕਾਂ ਨੇ ਪੂਰਾ ਪਾਣੀ ਨਾ ਮਿਲਣ ਕਾਰਨ ਰਜਵਾਹੇ ਨੂੰ ਚੈੱਕ ਕਰਦੇ ਹੋਏ ਫੜਿਆ ਗਿਆ ਹੈ। ਪਿੰਡਾਂ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਇਹ ਰਜਵਾਹੇ ਵਿੱਚ ਪਾਣੀ ਚੋਰੀ ਸਿਆਸੀ ਸ਼ੈਅ ਉਪਰ ਕੀਤਾ ਜਾ ਰਿਹਾ ਹੈ, ਜਿਸ ਲਈ ਤਿੰਨ ਪਿੰਡਾਂ ਦੇ ਲੋਕਾਂ ਨੇ ਹਲਕੇ ਦੀ ਵਿਧਾਇਕਾ ਦੇ ਜੱਦੀ ਪਿੰਡ ਜਗਾਰਾਮ ਤੀਰਥ ਵਿਖੇ ਉਹਨਾਂ ਦੀ ਰਿਹਾਇਸ਼ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪਾਣੀ ਚੋਰੀ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਨਹਿਰੀ ਪਾਣੀ ਦੀ ਹੋ ਰਹੀ ਚੋਰੀ: ਇੱਕ ਪਾਸੇ ਜਿੱਥੇ ਗਰਮੀ ਦਾ ਕਹਿਰ ਬਰਸ ਰਿਹਾ ਹੈ, ਉਥੇ ਹੀ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਲਈ ਪੂਰਾ ਪਾਣੀ ਨਹੀਂ ਮਿਲ ਰਿਹਾ। ਜਿਸ ਦੇ ਚੱਲਦਿਆਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਤਿੰਨ ਪਿੰਡਾਂ ਬਹਿਮਣ ਜੱਸਾ ਸਿੰਘ, ਬਹਿਮਣ ਕੌਰ ਸਿੰਘ ਅਤੇ ਸਿੰਘਪੁਰਾ ਜੋ ਕਿ ਟੇਲ 'ਤੇ ਪੈਂਦੇ ਹਨ ਨੂੰ ਪੂਰਾ ਪਾਣੀ ਨਾ ਮਿਲਣ ਕਾਰਨ ਜਦੋਂ ਉਹ ਰਜਵਾਹੇ ਦੀ ਚੈਕਿੰਗ ਕਰ ਰਹੇ ਸਨ ਤਾਂ ਉਹਨਾਂ ਦੇਖਿਆ ਕਿ ਪਿੰਡ ਜਗਾਰਾਮ ਤੀਰਥ ਵਿਖੇ ਰਜਵਾਹੇ ਵਿੱਚ ਚਾਰ ਨਜਾਇਜ਼ ਪਾਈਪਾਂ ਲਗਾ ਕੇ ਪਾਣੀ ਚੋਰੀ ਕੀਤਾ ਜਾ ਰਿਹਾ ਹੈ।
'ਵਿਧਾਇਕ ਦੇ ਪਿਤਾ ਦੇ ਕਹਿਣ 'ਤੇ ਚੋਰੀ': ਇਸ 'ਤੇ ਪਿੰਡ ਵਾਸੀਆਂ ਨੇ ਤੁਰੰਤ ਪਾਈਪਾਂ ਪੁੱਟ ਲਈਆਂ ਅਤੇ ਮੌਕੇ 'ਤੇ ਅਧਿਕਾਰੀਆਂ ਨੂੰ ਵੀ ਸੱਦ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਚੋਰੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੇ ਵਿਧਾਇਕ ਦੇ ਪਿਤਾ ਦੇ ਕਹਿਣ 'ਤੇ ਪਾਈਪਾਂ ਲਗਾਈਆਂ ਹਨ, ਜਿਸ ਨੂੰ ਲੈ ਕੇ ਪਿੰਡ ਵਾਸੀ ਭੜਕ ਗਏ ਅਤੇ ਪਿੰਡ ਵਾਸੀਆਂ ਨੇ ਵਿਧਾਇਕ ਦੇ ਪਿਤਾ ਦੇ ਘਰ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਤਿੰਨ ਪਿੰਡਾਂ ਨੇ ਕਾਰਵਾਈ ਦੀ ਕੀਤੀ ਮੰਗ: ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦੱਸਿਆ ਕਿ ਉਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਪੂਰਾ ਪਾਣੀ ਨਹੀਂ ਮਿਲ ਰਿਹਾ ਤੇ ਉੱਪਰੋਂ ਹੁਣ ਜੋ ਪਾਣੀ ਉਹਨਾਂ ਨੂੰ ਜਾਣਾ ਸੀ, ਉਸ ਨੂੰ ਰਾਹ ਵਿੱਚ ਹੀ ਨਾਜਾਇਜ਼ ਪਾਈਪਾਂ ਲਗਾ ਕੇ ਚੋਰੀ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਚੋਰ ਫੜੇ ਅਤੇ ਵਿਭਾਗ ਨੂੰ ਵੀ ਮੌਕੇ 'ਤੇ ਬੁਲਾਇਆ ਤਾਂ ਪਾਣੀ ਚੋਰੀ ਕਰਨ ਵਾਲਿਆਂ ਨੇ ਵਿਧਾਇਕਾਂ ਦੇ ਪਿਤਾ ਦਾ ਨਾਮ ਲੈ ਦਿੱਤਾ ਤੇ ਉਹਨਾਂ ਦੀ ਸ਼ੈਅ 'ਤੇ ਪਾਣੀ ਚੋਰੀ ਕਰਨ ਦੀ ਗੱਲ ਕੀਤੀ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਾਣੀ ਚੋਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਦੱਸਿਆ ਕਿ ਜਿੰਨਾ ਸਮਾਂ ਪਾਣੀ ਚੋਰੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਉਹਨਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਉਹਨਾਂ ਵੱਲੋਂ ਧਰਨਾ ਜਾਰੀ ਰਹੇਗਾ।
ਪੁਲਿਸ ਤੇ ਨਹਿਰੀ ਵਿਭਾਗ ਚੁੱਪ: ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਾਉਣ ਲਈ ਮੌਕੇ 'ਤੇ ਡੀਐਸਪੀ ਤਲਵੰਡੀ ਸਾਬੋ ਪੁੱਜੇ। ਜਦੋਂ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਜਲਦੀ ਹੀ ਕਾਰਵਾਈ ਕਰਨ ਦਾ ਭਰੋਸਾ ਦੇ ਰਹੇ ਹਨ ਪਰ ਕੋਈ ਵੀ ਕੈਮਰੇ ਸਾਹਮਣੇ ਨਹੀਂ ਬੋਲਿਆ ਤੇ ਜਲਦੀ ਹੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਸਨ। ਉਥੇ ਹੀ ਪੁਲਿਸ ਵੀ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚਦੀ ਨਜ਼ਰ ਆਈ।
- ਅਜਨਾਲਾ ਦੇ ਪਿੰਡ ਦੁਜੋਵਾਲ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਇੱਕ ਪਰਿਵਾਰ ਉੱਤੇ ਜਾਨਲੇਵਾ ਹਮਲਾ - Attack on family in Amritsar
- ਅੰਮ੍ਰਿਤਸਰ ਦੇ ਟੂਥਪਿਕ ਕਲਾਕਾਰ ਦਾ ਕਮਾਲ, 8ਵਾਂ ਵਰਲਡ ਰਿਕਾਰਡ ਕੀਤਾ ਕਾਇਮ - Toothpick artist world record
- ਗੰਨੇ ਦਾ ਜੂਸ ਵੇਚ ਆਪਣੀ ਮਾਂ ਦਾ ਪੇਟ ਪਾਲ਼ ਰਹੀ ਹੈ ਇਹ ਦਲੇਰ ਕੁੜੀ, ਸੀਐੱਮ ਮਾਨ ਨਾਲ ਗੂੜ੍ਹੀ ਦੋਸਤੀ ਹੋਣ ਦਾ ਕਰ ਰਹੀ ਹੈ ਦਾਅਵਾ... - Latest news of Mansa