ਚੰਡੀਗੜ੍ਹ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤੀ ਤੋਂ ਬਾਅਦ ਲਗਾਤਾਰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਡਿਪੋਰਟ ਕਰਕੇ ਵਾਪਿਸ ਭੇਜਿਆ ਜਾ ਰਿਹਾ ਹੈ। ਇਸ ਤਹਿਤ ਅੱਜ ਤੀਜਾ ਜਹਾਜ਼ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਹੋਵੇਗਾ। ਜਿਸ ਵਿੱਚ ਤਕਰੀਬਨ 157 ਭਾਰਤੀ ਦੱਸੇ ਜਾ ਰਹੇ ਹਨ। ਇਨ੍ਹਾਂ ਵਿੱਚ ਪੰਜਾਬ ਤੋਂ 54, ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 03, ਮਹਾਰਾਸ਼ਟਰ 01, ਰਾਜਸਥਾਨ 01, ਉੱਤਰਾਖੰਡ 01, ਮੱਧ ਪ੍ਰਦੇਸ਼ 01, ਜੰਮੂ-ਕਸ਼ਮੀਰ 01 ਅਤੇ ਹਿਮਾਚਲ ਤੋਂ 01 ਨਾਗਰਿਕ ਸ਼ਾਮਲ ਹੈ।
35 ਘੰਟਿਆਂ ਦੇ ਸਫਰ ਤੋਂ ਬਾਅਦ ਅੰਮ੍ਰਿਤਸਰ ਪਹੁੰਚਿਆ ਅਮਰੀਕੀ ਜਹਾਜ਼
ਦੱਸਣਯੋਗ ਹੈ ਕਿ ਅਜੇ ਬੀਤੀ ਰਾਤ ਹੀ ਇੱਕ ਜਹਾਜ਼ ਅਮਰੀਕਾ ਤੋਂ ਭਾਰਤ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਜਿਸ ਵਿੱਚ ਪੰਜਾਬ ਦੇ ਕੁੱਲ੍ਹ 67 ਨੌਜਵਾਨ ਸਨ। ਪਿਛਲੇ ਮਹੀਨੇ ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵੱਜੋਂ ਸਹੁੰ ਚੁੱਕਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਜਹਾਜ਼ ਸ਼ਨੀਵਾਰ ਰਾਤ ਲੱਗਭਗ 11:55 ਵਜੇ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਫੌਜੀ ਜਹਾਜ਼ ਨੇ ਸ਼ੁੱਕਰਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਲੱਗਭਗ 11 ਵਜੇ ਉਡਾਣ ਭਰੀ ਅਤੇ 35 ਘੰਟਿਆਂ ਦੀ ਯਾਤਰਾ ਤੋਂ ਬਾਅਦ, ਸ਼ਨੀਵਾਰ ਨੂੰ ਅੱਧੀ ਰਾਤ 12 ਵਜੇ ਅੰਮ੍ਰਿਤਸਰ ਪਹੁੰਚਿਆ। ਹਾਲਾਂਕਿ, ਜਾਣਕਾਰੀ ਹੈ ਕਿ ਇਸ ਵਾਰ ਵੀ, ਸਾਰੇ ਭਾਰਤੀਆਂ ਨੂੰ ਅਮਰੀਕਾ ਨੇ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲਗਾ ਕੇ ਲਿਆਂਦਾ ਹੈ।
5 ਫਰਵਰੀ ਨੂੰ ਆਇਆ ਪਹਿਲਾ ਜਹਾਜ਼
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕੀ ਜਹਾਜ਼ ਭਾਰਤ ਆਇਆ ਸੀ ਜਿਸ ਵਿੱਚ 104 ਭਾਰਤੀ ਨਾਗਰਿਕ ਡਿਪੋਰਟ ਕੀਤੇ ਗਏ ਸਨ। ਜਿਨਾਂ ਵਿੱਚ ਪੰਜਾਬ ਦੇ 30 ਅਤੇ ਹਰਿਆਣਾ ਅਤੇ ਗੁਜਰਾਤ ਦੇ 33-33 ਲੋਕ ਸ਼ਾਮਲ ਸਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3 ਚੰਡੀਗੜ੍ਹ ਦੇ 2 ਅਤੇ ਉੱਤਰ ਪ੍ਰਦੇਸ਼ ਦੇ ਵੀ 2 ਲੋਕ ਸ਼ਾਮਲ ਸਨ। ਇਨ੍ਹਾਂ ਲੋਕਾਂ ਨੂੰ ਹੱਥਾਂ ਵਿੱਚ ਹਥਕੜੀਆਂ ਅਤੇ ਲੱਤਾਂ ਵਿੱਚ ਬੇੜੀਆਂ ਬੰਨ੍ਹ ਕੇ ਲਿਆਂਦਾ ਗਿਆ ਸੀ।
ਭਾਰਤ ਦੀ ਭੂਮਿਕਾ 'ਤੇ ਉਠੇ ਸਵਾਲ
ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਕੇ ਆਏ ਅਮਰੀਕੀ ਜਹਾਜ਼ ਨੂੰ ਲੈਕੇ ਸਿਆਸਤ ਵੀ ਗਰਮਾਈ ਅਤੇ ਅਮਰੀਕਾ ਸਰਕਾਰ ਦਾ ਵਿਰੋਧ ਵੀ ਕੀਤਾ ਗਿਆ। ਇਸ ਵਿਚਾਲੇ ਭਾਰਤ ਸਰਕਾਰ ਦੀ ਭੂਮਿਕਾ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਕਿ ਅਮਰੀਕਾ ਵਰਗੇ ਜੰਗੀ ਦੇਸ਼ ਦੇ ਫੌਜੀ ਜਹਾਜ਼ ਨੂੰ ਭਾਰਤ ਦੇ ਸਰਹੱਦੀ ਖ਼ੇਤਰ ਕੋਲ ਉਤਾਰਨਾਂ ਕਿੰਨਾ ਕੁ ਜਾਇਜ਼ ਹੈ। ਕੀ ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਦਾਅ 'ਤੇ ਲਾ ਦਿੱਤਾ.... ਇੰਨਾ ਹੀ ਨਹੀਂ, ਭਾਰਤੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਅਮਰੀਕਾ ਦੌਰੇ 'ਤੇ ਵੀ ਹੋ ਆਏ ਹਨ, ਜਿਨ੍ਹਾਂ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਡਿਪੋਰਟ ਕਰਨ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ 'ਅਸੀਂ ਆਪਣੇ ਨਾਗਰਿਕਾਂ ਨੂੰ ਵਾਪਿਸ ਲੈਣ ਲਈ ਤਿਆਰ ਹਾਂ ਪਰ ਇਨ੍ਹਾਂ ਨੂੰ ਇਥੋਂ ਤੱਕ ਪਹੁੰਚਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਹੋਵੇ ਕਿਉਂਕਿ ਇਹ ਸਾਰੇ ਹੀ ਗਰੀਬ ਘਰਾਂ ਦੇ ਬੱਚੇ ਹਨ ਅਤੇ ਇਨ੍ਹਾਂ ਨੂੰ ਵਰਗਲਾ ਕੇ ਇਸ ਤਰ੍ਹਾਂ ਬਾਹਰ ਭੇਜਿਆ ਜਾ ਰਿਹਾ ਹੈ।"
ਪੰਜਾਬ ਸਰਕਾਰ ਦਾ ਗੁੱਸਾ
ਉਥੇ ਹੀ ਅਮਰੀਕੀ ਜਹਾਜ਼ ਦੇ ਭਾਰਤ ਵਿੱਚ ਕਿਸੇ ਹੋਰ ਸੂਬੇ ਦੀ ਥਾਂ ਅਮਰੀਕਾ ਤੋਂ ਆਉਣ ਵਾਲੀਆਂ ਡਿਪੋਰਟੇਡ ਉਡਾਣਾਂ ਨੂੰ ਅੰਮ੍ਰਿਤਸਰ ਲੈਂਡ ਕਰਨ 'ਤੇ ਪੰਜਾਬ ਸਰਕਾਰ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਭ ਕੁਝ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵੱਜੋਂ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਸੂਬਾ ਸਰਕਾਰ ਇੱਥੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰਦੀ ਹੈ ਤਾਂ ਕਈ ਬੇ-ਤੁੱਕੇ ਕਾਰਨਾਂ ਦਾ ਹਵਾਲਾ ਦੇ ਕੇ ਮੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ। ਹੁਣ ਇੱਥੇ ਅੰਤਰਰਾਸ਼ਟਰੀ ਜਹਾਜ਼ ਕਿਉਂ ਉਤਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਯਤਨਸ਼ੀਲ ਹੈ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਈ ਹੈ। ਵਿਦੇਸ਼ਾਂ ਤੋਂ ਪਰਤੇ ਕਈ ਨੌਜਵਾਨ ਵੀ ਇੱਥੇ ਕੰਮ ਕਰ ਰਹੇ ਹਨ। ਜਲਦੀ ਹੀ ਉਹ ਇਸ ਦਾ ਡਾਟਾ ਵੀ ਸਾਂਝਾ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰਦੀ ਅਤੇ ਇਹ ਹੀ ਕਾਰਨ ਹੈ ਕਿ ਹੁਣ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਡੇਰਾਵਾਦ ਦਾ ਕੇਂਦਰ ਬਣਾਇਆ ਜਾ ਰਿਹਾ ਹੈ।