ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰ ਲੁਧਿਆਣਾ ਦੇ ਪੀਏਯੂ ਖੇਡ ਮੈਦਾਨ 'ਚ ਪਰੇਡ ਤੋਂ ਸਲਾਮੀ ਲੈਣਗੇ। ਗਣਤੰਤਰ ਦਿਹਾੜੇ ਨਾਲ ਸੰਬੰਧਿਤ ਸੂਬਾ ਪੱਧਰੀ ਸਮਾਗਮ ਇਸ ਵਾਰ ਪੀਏਯੂ ਸਟੇਡੀਅਮ ਦੇ ਵਿੱਚ ਮਨਾਏ ਜਾ ਰਹੇ ਹਨ। ਖਾਸ ਤੌਰ ਉੱਤੇ ਇਸ ਸਮਾਗਮ ਵਿੱਚ ਪੰਜਾਬ ਦੀ ਝਾਕੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੇਗੀ। ਇਸ ਝਾਕੀਆਂ ਨੂੰ ਤਿੰਨ ਪੜਾਅ ਦੇ ਵਿੱਚ ਵੰਡਿਆ ਗਿਆ ਹੈ।
ਇੰਝ ਰਹੇਗਾ ਝਾਕੀ ਪੇਸ਼ ਕਰਨ ਦਾ ਪਲਾਨ: ਪਹਿਲਾਂ ਪੜਾਅ ਪੰਜਾਬ ਦੇ ਉਨਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਗਿਆ ਸੀ। ਭਾਵੇਂ ਉਹ ਸ਼ਹੀਦ ਭਗਤ ਸਿੰਘ ਹੋਣ ਭਾਵੇਂ ਸ਼ਹੀਦ ਸੁਖਦੇਵ ਥਾਪਰ ਹੋਣ, ਭਾਵੇਂ ਬਾਬਾ ਖੜਕ ਸਿੰਘ ਹੋਣ ਜਾਂ ਮਦਨ ਲਾਲ ਢੀਂਗਰਾ (Punjab Tableau) ਹੋਣ, ਉਨ੍ਹਾਂ ਨੂੰ ਇਸ ਝਾਂਕੀ ਦਾ ਪਹਿਲਾ ਪੜਾਅ ਸਮਰਪਿਤ ਕੀਤਾ ਗਿਆ ਹੈ।
ਝਾਕੀ ਦਾ ਦੂਜਾ ਪੜਾਅ ਨਾਰੀ ਸ਼ਕਤੀ ਨੂੰ ਸਮਰਪਿਤ ਕੀਤਾ ਗਿਆ ਜਿਸ ਵਿੱਚ ਮਾਈ ਭਾਗੋ ਦੀ ਪ੍ਰਤਿਮਾ ਨੂੰ ਅਨੁਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਦੀਆਂ ਹਾਕੀ ਦੀਆਂ ਖਿਡਾਰਨਾਂ, ਪੰਜਾਬ ਦੀਆਂ ਵਿਦਿਆਰਥਣਾਂ ਆਦਿ ਨੂੰ ਝਾਂਕੀ ਸਮਰਪਿਤ ਕੀਤੀ ਗਈ ਹੈ।
ਉਸ ਤੋਂ ਬਾਅਦ ਝਾਕੀ ਦਾ ਅਗਲਾ ਪੜਾਅ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਹੈ। ਪੰਜਾਬ ਵਿੱਚ ਕਿਸ ਤਰ੍ਹਾਂ ਦਾ ਸੱਭਿਆਚਾਰ ਹੈ। ਪੰਜਾਬ ਦੇ ਅੰਦਰ ਕਿਸ ਤਰ੍ਹਾਂ ਔਰਤਾਂ ਕਸੀਦਾ, ਫੁਲਕਾਰੀਆਂ ਕੱਢਦੀਆਂ ਹਨ, ਉਸ ਨੂੰ ਇਹ ਝਾਂਕੀ ਸਮਰਪਿਤ ਕੀਤੀ ਗਈ ਹੈ। ਇਸ ਦੀ ਪੁਸ਼ਟੀ ਇਸ ਦੇ ਪ੍ਰਬੰਧਕਾਂ ਵੱਲੋਂ ਵੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਗਣਤੰਤਰ ਦਿਹਾੜੇ ਮੌਕੇ ਮੁੱਖ ਮੰਤਰੀ ਮਾਨ ਜਦੋਂ ਪਰੇਡ ਤੋਂ ਸਲਾਮੀ ਲੈਣਗੇ, ਉਸ ਵੇਲੇ ਇਹ ਝਾਕੀ ਵਿਸ਼ੇਸ਼ ਤੌਰ ਉੱਤੇ ਕੱਢੀ ਜਾਵੇਗੀ।
ਦਿੱਲੀ ਪਰੇਡ ਚੋਂ ਪੰਜਾਬ ਗਾਇਬ: ਦੱਸ ਦਈਏ ਕਿ ਦਿੱਲੀ ਵਿੱਚ ਗਣਤੰਤਰ ਦਿਹਾੜੇ ਮੌਕੇ ਇਸ ਵਾਰ ਪੰਜਾਬ ਦੀ ਝਾਕੀ ਸ਼ਾਮਿਲ ਕਰਨ ਤੋਂ ਕਾਫੀ ਸਿਆਸਤ ਵੀ ਗਰਮਾਈ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦੀ ਝਾਕੀ ਨੂੰ ਦਿੱਲੀ ਦੀ ਪਰੇਡ ਵਿੱਚ ਸ਼ਾਮਿਲ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 9 ਝਾਕੀਆਂ ਅਜਿਹੀਆਂ ਬਣਾਈਆਂ ਹਨ, ਜੋ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਘੁੰਮਾਈਆਂ ਜਾਣਗੀਆਂ। ਇਸ ਦੇ ਤਹਿਤ ਲੁਧਿਆਣਾ ਦੇ ਪੀਏਯੂ ਸਟੇਡੀਅਮ ਵਿੱਚ ਹੋਣ ਵਾਲੇ ਸੂਬਾ ਪੱਧਰੀ ਸਮਾਗਮਾਂ ਦੇ ਅੰਦਰ ਹੁਣ ਇਹ (Republic Day In Punjab) ਝਾਕੀ ਦਰਸ਼ਕਾਂ ਲਈ ਸਟੇਡੀਅਮ ਵਿੱਚ ਕੱਢੀ ਜਾਵੇਗੀ।
ਝਾਕੀਆਂ 'ਤੇ ਸਿਆਸਤ: ਇਸ ਝਾਕੀ ਨੂੰ ਲੈ ਕੇ ਕਾਫੀ ਸਿਆਸਤ ਵੀ ਗਰਮਾਈ ਸੀ। ਭਾਜਪਾ ਨੇ ਇਲਜ਼ਾਮ ਲਗਾਏ ਸਨ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਆਪਣੀ ਤਸਵੀਰ ਪੰਜਾਬ ਦੀ ਝਾਕੀ ਉੱਤੇ ਲਗਾ ਕੇ ਦਿੱਤੀ ਹੈ। ਇਸ ਕਰਕੇ ਉਸ ਝਾਕੀ ਨੂੰ ਰੱਦ ਕੀਤਾ ਗਿਆ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਇਸ ਦਾ ਸਪਸ਼ਟੀਕਰਨ ਵੀ ਦਿੱਤਾ ਸੀ ਅਤੇ ਕਿਹਾ ਸੀ ਕਿ ਪੰਜਾਬ ਨਾਲ ਕੇਂਦਰ ਸ਼ੁਰੂ ਤੋਂ ਹੀ ਮਤਰੇਈ ਮਾਂ ਵਰਗਾ ਸਲੂਕ ਕਰਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਝਾਕੀ ਉੱਤੇ ਉਨ੍ਹਾਂ ਦੀਆਂ ਤਸਵੀਰਾਂ ਨਹੀਂ, ਸਗੋਂ ਪੰਜਾਬ ਦਾ ਸੱਭਿਆਚਾਰ, ਪੰਜਾਬ ਦੇ ਸ਼ਹੀਦਾਂ ਦੀ ਝਲਕ ਸੀ ਜਿਸ ਨੂੰ ਜਾਣ ਬੁਝ ਕੇ ਕੇਂਦਰ ਵੱਲੋਂ ਰੱਦ ਕਰਵਾ ਦਿੱਤਾ ਗਿਆ ਹੈ।