ਲੁਧਿਆਣਾ: ਪੰਜਾਬ ਭਰ ਦੇ ਵਿੱਚ ਮੌਸਮ ਦੇ ਅੰਦਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਅਤੇ ਹੁਣ ਠੰਡ ਸ਼ੁਰੂ ਹੋ ਚੁੱਕੀ ਹੈ। ਟੈਂਪਰੇਚਰ ਵੀ ਰਾਤ ਵੇਲੇ 10 ਡਿਗਰੀ ਦੇ ਨੇੜੇ ਚੱਲ ਰਹੇ ਹਨ। ਜੋ ਕਿ ਲਗਭਗ ਆਮ ਵਰਗੇ ਹੀ ਹਨ। ਉੱਥੇ ਹੀ ਧੁੰਦ ਨੂੰ ਲੈ ਕੇ ਵੀ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੀ ਜ਼ਿਆਦਾਤਰ ਹਿੱਸਿਆਂ ਦੇ ਵਿੱਚ 22 ਨਵੰਬਰ ਤੱਕ ਸੰਘਣੀ ਧੁੰਦ ਦੇ ਅਸਾਰ ਜਤਾਏ ਗਏ ਨੇ। ਜਿਸ ਨੂੰ ਲੈ ਕੇ ਲੁਧਿਆਣਾ ਵਿੱਚ ਔਰੰਜ ਅਲਰਟ ਵੀ 22 ਨਵੰਬਰ ਤੱਕ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਸਵੇਰੇ ਸ਼ਾਮ ਜੇਕਰ ਸੜਕ 'ਤੇ ਟਰੈਵਲ ਕਰਦੇ ਹਨ ਤਾਂ ਧੁੰਦ ਨੂੰ ਧਿਆਨ ਵਿੱਚ ਰੱਖ ਕੇ ਕਰਨ, ਕਿਉਂਕਿ ਧੁੱਧ ਕਰਨ ਕਈ ਵਾਰ ਸੜਕ ਹਾਦਸੇ ਹੋ ਜਾਂਦੇ ਹਨ।
ਕਿਸਾਨਾਂ ਨੂੰ ਦਿੱਤੀ ਸਲਾਹ
ਦੂਜੇ ਪਾਸੇ ਫਿਲਹਾਲ ਆਉਣ ਵਾਲੇ ਦਿਨ੍ਹਾਂ 'ਚ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਪਰ ਮੌਸਮ ਜਰੂਰ ਖੁਸ਼ਕ ਰਹੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਨੇ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਹੈ, ਕਿ ਉਹ ਹੁਣ ਕਣਕ ਦੀ ਬਿਜਾਈ ਕਰ ਸਕਦੇ ਹਨ। ਕਿਉਂਕਿ ਇਹ ਕਣਕ ਦੀ ਬਿਜਾਈ ਲਈ ਢੁੱਕਵਾਂ ਸਮਾਂ ਹੈ ਅਤੇ ਮੌਸਮ ਵੀ ਅਨੁਕੂਲ ਹੈ। ਉਹਨਾਂ ਕਿਹਾ ਕਿ ਹੁਣ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਡਰਾਈ ਮੌਸਮ ਕਾਰਨ ਪਰੇਸ਼ਾਨ ਲੋਕ
ਉਹਨਾਂ ਕਿਹਾ ਕਿ ਦਿਨ ਦਾ ਟੈਂਪਰੇਚਰ ਲਗਭਗ 22 ਡਿਗਰੀ ਦੇ ਨੇੜੇ ਜਦੋਂ ਕਿ ਰਾਤ ਦਾ ਟੈਂਪਰੇਚਰ 10 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋ ਕਿ ਆਮ ਟੈਂਪਰੇਚਰ ਹੈ। ਮੌਸਮ ਵਿਭਾਗ ਦੀ ਮੁਖੀ ਡਾਕਟਰ ਨੇ ਦੱਸਿਆ ਕਿ ਅਕਤੂਬਰ ਮਹੀਨੇ ਵਿੱਚ ਅਤੇ ਨਵੰਬਰ ਮਹੀਨੇ ਵਿੱਚ ਡਰਾਈ ਮੌਸਮ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਸਿਹਤ ਸਬੰਧੀ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਇਸ ਗੱਲ ਦਾ ਧਿਆਨ ਜਰੂਰ ਰੱਖਣ, ਕਿਉਂਕਿ ਮੌਸਮ ਦੇ ਵਿੱਚ ਬਹੁਤ ਤਬਦੀਲੀਆਂ ਬੀਤੇ ਕੁਝ ਮਹੀਨਿਆਂ ਦੇ ਅੰਦਰ ਵੇਖਣ ਨੂੰ ਮਿਲ ਰਹੀਆਂ ਹਨ।