ਫਰੀਦਕੋਟ : ਜ਼ਿਲ੍ਹਾ ਫਰੀਦਕੋਟ ਦੇ ਪਿੰਡ ਦਲ ਸਿੰਘ ਵਾਲਾ 'ਚ 24 ਮਈ ਦੀ ਰਾਤ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕੀ ਵਿਅਕਤੀ ਦੀ ਭਾਲ 'ਚ ਰੇਡ ਕੀਤੀ ਗਈ। ਇਸ ਦੌਰਾਨ ਰੇਡ ਕਰਨ ਗਈ ਪੁਲਿਸ ਪਾਰਟੀ ਨੂੰ ਪਿੰਡ ਵਾਲਿਆਂ ਵੱਲੋਂ ਘੇਰ ਲਿਆ ਗਿਆ ਅਤੇ ਪੁਲਿਸ 'ਤੇ ਪਰਿਵਾਰ ਵਾਲਿਆਂ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ। ਜਿਸ ਤੋਂ ਬਾਅਦ ਪੁਲਿਸ ਪਾਰਟੀ ਨੂੰ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਚੱਲਦੇ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡ ਵਾਸੀਆਂ ਦੇ ਹੱਕ 'ਚ ਐਸਐਸਪੀ ਦਫਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਦੇਕੇ ਐਸਐਸਪੀ ਫਰੀਦਕੋਟ ਨੂੰ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਜਿਨ੍ਹਾਂ ਵੱਲੋਂ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ।
ਪੁਲਿਸ ਨੇ ਘਰ ਦੀਆਂ ਔਰਤਾਂ ਨਾਲ ਕੀਤੀ ਬਦਸਲੂਕੀ: ਇਸ ਮੌਕੇ ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਦੱਸਿਆ ਕਿ 24 ਮਈ ਦੀ ਰਾਤ ਕੋਟਕਪੂਰਾ 'ਚ ਤਿੰਨ ਨਕਾਬਪੋਸ਼ਾਂ ਵੱਲੋਂ ਇੱਕ ਕਾਰ 'ਤੇ ਫਾਇਰਿੰਗ ਕੀਤੀ ਸੀ। ਉਸ ਮਾਮਲੇ 'ਚ ਪੁਲਿਸ ਨੇ ਦੇਰ ਰਾਤ ਦਲ ਸਿੰਘ ਵਾਲਾ ਪਿੰਡ ਦੇ ਇੱਕ ਘਰ 'ਚ ਰੇਡ ਕੀਤੀ ਅਤੇ ਬਿਨਾਂ ਵਰਦੀ ਦੇ ਕੁਝ ਪੁਲਿਸ ਅਧਿਕਰੀ ਘਰ ਦੀ ਕੰਧ ਟੱਪ ਘਰ 'ਚ ਦਾਖਲ ਹੋਏ ਅਤੇ ਘਰ ਦੇ ਦਰਵਾਜੇ ਭੰਨ ਅੰਦਰ ਦਾਖਲ ਹੋਏ ਅਤੇ ਘਰ ਦੀਆਂ ਔਰਤਾਂ ਨਾਲ ਕੁੱਟਮਾਰ ਕੀਤੀ। ਜਦਕਿ ਉਨ੍ਹਾਂ ਨਾਲ ਕੋਈ ਮਹਿਲਾ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ। ਜਿਸ ਦਾ ਰੌਲਾ ਪੈਣ 'ਤੇ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਕਿਸਾਨ ਜਥੇਬੰਦੀ ਦੇ ਆਗੂ ਵੀ ਮੌਕੇ 'ਤੇ ਪੁਹੰਚ ਗਈਆਂ। ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਘੇਰ ਲਿਆ। ਹਾਲਾਂਕਿ ਕਾਫੀ ਵਿਵਾਦ ਤੋਂ ਬਾਅਦ ਪੁਲਿਸ ਪਾਰਟੀ ਵਾਪਿਸ ਜਾ ਸਕੀ ਪਰ ਪਿੰਡ ਵੱਸਿਆ ਦਾ ਦੋਸ਼ ਹੈ ਕਿ ਪੁਲਿਸ ਟੀਮ ਬਿਨਾਂ ਵਰਦੀ ਦੇ ਚੋਰਾਂ ਵਾਂਗ ਘਰ 'ਚ ਦਾਖਲ ਹੋਈ ਅਤੇ ਘਰ 'ਚ ਮੌਜੂਦ ਮਹਿਲਾ ਨਾਲ ਦੁਰਵਿਹਾਰ ਕੀਤਾ ਨਾਲ ਕੁੱਟਮਾਰ ਵੀ ਕੀਤੀ। ਜਿਸ ਦੇ ਰੋਸ ਵੱਜੋਂ ਅੱਜ ਐਸਐਸਪੀ ਫਰੀਦਕੋਟ ਨੂੰ ਇੱਕ ਮੰਗ ਪੱਤਰ ਦੇਕੇ ਉਨ੍ਹਾਂ ਅਧਿਕਰਿਆ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਿੰਨਾ ਵੱਲੋਂ ਰੇਡ ਕੀਤੀ ਗਈ ਸੀ।
ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ: ਇਸ ਮੌਕੇ ਐਸਐਸਪੀ ਹਰਜੀਤ ਹਰਜੀਤ ਸਿੰਘ ਵੱਲੋਂ ਕਿਸਾਨ ਜਥੇਬੰਦੀਆ ਅਤੇ ਪਿੰਡ ਵਾਸੀਆਂ ਨਾਲ ਗਲਬਾਤ ਕਰ ਉਨ੍ਹਾਂ ਤੋਂ ਸ਼ਿਕਾਇਤ ਪੱਤਰ ਲੈਕੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ।