ਪਟਿਆਲਾ: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਡੇਂਗੂ ਵਿਰੁੱਧ ਜੰਗ ਦੀ ਮੁਹਿੰਮ ਦੇ ਤਹਿਤ ਡੇਂਗੂ ਦੇ ਲਾਰਵੇ ਦੀ ਖੋਜ ਲਈ ਖੁਦ ਫੀਲਡ ਵਿੱਚ ਗਏ। ਬਲਬੀਰ ਸਿੰਘ ਨੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਮਿਲ ਕੇ ਵਿੱਦਿਅਕ ਸੰਸਥਾਵਾਂ ਵਿੱਚ ਡੇਂਗੂ ਦਾ ਲਾਰਵਾ ਲੱਭਣ ਲਈ ਰਾਜ ਪੱਧਰੀ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਸਿਹਤ ਮੰਤਰੀ ਦੇ ਨਾਲ ਵੱਖ-ਵੱਖ ਟੀਮਾਂ ਨੇ ਸਰਕਾਰੀ ਫਿਜ਼ੀਕਲ ਕਾਲਜ, ਸਰਕਾਰੀ ਸਕੂਲ ਸਿਵਲ ਲਾਈਨ ਅਤੇ ਸਰਕਾਰੀ ਮਲਟੀਪਰਪਜ਼ ਸਕੂਲ ਸਮੇਤ ਪੰਜਾਬੀ ਬਾਗ ਵਿੱਚ ਘਰ-ਘਰ ਜਾ ਕੇ ਚੈਕਿੰਗ ਕੀਤੀ।
ਡੇਂਗੂ ਦਾ ਲਾਰਵਾ ਲੱਭ ਕੇ ਕੀਤਾ ਨਸ਼ਟ
ਇਸ ਦੌਰਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਕੇ ਡੇਂਗੂ ਦੇ ਖਾਤਮੇ ਵਿੱਚ ਹੋਰ ਵੀ ਯੋਗਦਾਨ ਪਾਉਣਗੇ। ਇਸ ਦੌਰਾਨ ਸਿਹਤ ਮੰਤਰੀ ਨੇ ਆਖਿਆ ਕਿ ਛੱਪੜਾਂ ਦੀ ਜਾਂਚ ਕਰਵਾਈ ਗਈ ਹੈ ਅਤੇ ਕਈ ਥਾਈਂ ਡੇਂਗੂ ਦਾ ਲਾਰਵੇ ਪਾਇਆ ਵੀ ਗਿਆ ਹੈ। ਜਾਂਚ ਮਗਰੋਂ ਡੇਂਗੂ ਦੇ ਲਾਰਵੇ ਨੂੰ ਖਤਮ ਵੀ ਕੀਤਾ ਗਿਆ ਹੈ।
ਲਾਰਵੇ ਨੂੰ ਨਸ਼ਟ ਕਰਨ ਦਾ ਦੱਸਿਆ ਤਰੀਕਾ
ਆਪਣੇ ਦੌਰੇ ਦੌਰਾਨ ਸਿਹਤ ਮੰਤਰੀ ਨੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸਰਕਾਰੀ ਫਿਜ਼ੀਕਲ ਕਾਲਜ ਵਿੱਚ ਪਾਣੀ ਨਾਲ ਭਰੇ ਛੋਟੇ ਛੱਪੜ ਦਾ ਮੁਆਇਨਾ ਕੀਤਾ ਅਤੇ ਇਸ ਵਿੱਚ ਪਾਏ ਗਏ ਲਾਰਵੇ ’ਤੇ ਲਾਰਵਾਨਾਸ਼ਕ ਦਵਾਈ ਦਾ ਛਿੜਕਾਅ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਇਸ ਲਾਰਵੇ ਤੋਂ ਪੈਦਾ ਹੋਣ ਵਾਲਾ ਮੱਛਰ ਲੋਕਾਂ ਵਿੱਚ ਫੈਲੇਗਾ। ਕਾਲਜ ਦੇ ਵਿਦਿਆਰਥੀ ਅਤੇ ਨਾਲ ਲੱਗਦੇ ਹੋਸਟਲ ਦੇ ਵਿਦਿਆਰਥੀ ਡੇਂਗੂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਬਚੇ ਸਬਜ਼ੀਆਂ ਦੇ ਰਸੋਈ ਦੇ ਤੇਲ ਨੂੰ ਖੜ੍ਹੇ ਪਾਣੀ ਵਿੱਚ ਪਾ ਕੇ ਲਾਰਵੇ ਨੂੰ ਨਸ਼ਟ ਕੀਤਾ ਜਾ ਸਕਦਾ ਹੈ।