ਲੁਧਿਆਣਾ: ਬਲਬੀਰ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਮਿਲ ਕੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਗਈ ਹੈ, ਜੋ ਕਿ ਗੋਹੇ ਤੋਂ ਸਿੱਧਾ ਬਾਲਣ ਤਿਆਰ ਕਰਦੀ ਹੈ। ਇਹ ਮਸ਼ੀਨ ਪੰਜਾਬ ਦੀ ਪਹਿਲੀ ਮਸ਼ੀਨ ਹੈ ਜਿਸ ਨਾਲ ਬਾਲਣ ਵੱਡੀ ਗਿਣਤੀ 'ਚ ਤਿਆਰ ਹੋ ਰਿਹਾ ਹੈ। ਫਿਲਹਾਲ ਇਸ ਨੂੰ ਲੁਧਿਆਣਾ ਦੇ ਵਿਧਾਨ ਸਭਾ ਹਲਕੇ ਸਾਹਨੇਵਾਲ ਦੇ ਨੇੜੇ ਇੱਕ ਗਊਸ਼ਾਲਾ ਵਿੱਚ ਲਗਾਇਆ ਗਿਆ ਹੈ ਅਤੇ ਇਹ ਪ੍ਰੋਜੈਕਟ ਕਾਫੀ ਕਾਮਯਾਬ ਹੋ ਰਿਹਾ ਹੈ। ਨੇੜੇ ਤੇੜੇ ਦੀਆਂ ਗਊਸ਼ਾਲਾਵਾਂ ਵੱਲੋਂ ਵੀ ਲਗਾਤਾਰ ਆਰਡਰ ਦਿੱਤੇ ਜਾ ਰਹੇ ਹਨ।
ਕਿੰਨੀ ਕੀਮਤ ਅਤੇ ਕੰਮ: ਦਰਅਸਲ ਇਹ ਮਸ਼ੀਨ ਬਹੁਤ ਹੀ ਸੌਖੇ ਢੰਗ ਨਾਲ ਕੰਮ ਕਰਦੀ ਹੈ। ਇਸ ਉੱਤੇ ਖਰਚਾ ਵੀ ਮਹਿਜ਼ 80 ਹਜਾਰ ਰੁਪਏ ਤੱਕ ਦਾ ਆਇਆ ਹੈ। ਫਿਲਹਾਲ ਪਹਿਲੀ ਮਸ਼ੀਨ ਹੋਣ ਕਰਕੇ ਉਨ੍ਹਾਂ ਨੇ ਦੱਸਿਆ ਕਿ ਖਰਚਾ ਜਿਆਦਾ ਹੋਇਆ ਹੈ, ਪਰ ਅੱਗੇ ਇਸ ਦਾ ਖਰਚਾ 50 ਹਜਾਰ ਰੁਪਏ ਤੱਕ ਰਹਿ ਜਾਵੇਗਾ। ਦਰਅਸਲ, ਇਸ ਮਸ਼ੀਨ ਵਿੱਚ ਗੋਹੇ ਅਤੇ ਤੂੜੀ ਦੇ ਘੋਲ ਨੂੰ ਸੁੱਟਿਆ ਜਾਂਦਾ ਹੈ ਅਤੇ ਇਸ ਤੋਂ ਬਾਲੇ ਤਿਆਰ ਹੁੰਦੇ ਹਨ, ਜਿਨ੍ਹਾਂ ਵਿੱਚ ਸੁਰਾਖ ਹੁੰਦਾ ਹੈ ਅਤੇ ਇਸ ਕਰਕੇ ਇਹ ਤਿੰਨ ਤੋਂ ਚਾਰ ਦਿਨਾਂ ਵਿੱਚ ਸੁੱਕ ਜਾਂਦੇ ਹਨ।
ਇਨ੍ਹਾਂ ਦਾ ਬਾਲਣ ਬਾਜ਼ਾਰਾਂ ਵਿੱਚ ਆਸਾਨੀ ਨਾਲ 7 ਰੁਪਏ ਤੋਂ ਲੈ ਕੇ 10 ਰੁਪਏ ਤੱਕ ਪ੍ਰਤੀ ਕਿਲੋ ਵਿਕਦਾ ਹੈ। ਇਹ ਮਸ਼ੀਨ ਲਗਭਗ 250 ਕਿਲੋ ਗੋਹਾ ਇੱਕ ਦਿਨ ਵਿੱਚ ਬਾਲਣ ਦੇ ਰੂਪ ਵਿੱਚ ਬਦਲ ਦਿੰਦੀ ਹੈ, ਇਸ ਲਈ ਸਮਰੱਥਾ ਹੋਰ ਵੀ ਵਧਾਈ ਜਾ ਸਕਦੀ ਹੈ।
ਬੁੱਢੇ ਨਾਲੇ ਦੀ ਸਫਾਈ 'ਚ ਯੋਗਦਾਨ: ਖਾਸ ਕਰਕੇ ਲੁਧਿਆਣਾ ਦੇ ਬੁੱਢੇ ਨਾਲੇ ਲਈ ਵੀ ਇਹ ਮਸ਼ੀਨ ਕਾਫੀ ਕਾਰਗਰ ਸਾਬਿਤ ਹੋ ਸਕਦੀ ਹੈ, ਕਿਉਂਕਿ ਲੁਧਿਆਣਾ ਦੇ ਬੁੱਢੇ ਨਾਲੇ ਦੇ ਕੰਢੇ ਬਹੁਤ ਸਾਰੀਆਂ ਡਾਇਰੀਆਂ ਹਨ, ਜਿੱਥੇ ਉਸ ਦਾ ਵੇਸਟ ਸੁੱਟਿਆ ਜਾਂਦਾ ਹੈ। ਪਰ, ਇਸ ਮਸ਼ੀਨ ਨਾਲ ਗੋਹੇ ਨੂੰ ਬਚਾਇਆ ਜਾ ਸਕੇਗਾ ਅਤੇ ਉਸ ਨੂੰ ਅੱਗੇ ਵੇਚ ਕੇ ਮੁਨਾਫਾ ਵੀ ਕਮਾਇਆ ਜਾ ਸਕੇਗਾ।
ਲੁਧਿਆਣਾ ਦੀਆਂ ਡਾਇਰੀਆਂ ਨੂੰ ਐਨਜੀਟੀ ਵੱਲੋਂ ਕਈ ਵਾਰ ਜੁਰਮਾਨਾ ਵੀ ਲਗਾਇਆ ਜਾ ਚੁੱਕਾ ਹੈ ਅਤੇ ਬੁੱਢੇ ਨਾਲੇ ਵਿੱਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਵੇਸਟ ਸਬੰਧੀ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਸਬੰਧੀ ਬਕਾਇਦਾ ਪਲਾਂਟ ਲਾਉਣ ਲਈ ਵੀ ਕਿਹਾ ਗਿਆ ਹੈ, ਕਿਉਂਕਿ ਲੁਧਿਆਣਾ ਵਿੱਚ ਸ਼ਹਿਰ ਅੰਦਰ ਡੇਅਰੀਆ ਕਰਕੇ ਉਨ੍ਹਾਂ ਦਾ ਵੇਸਟ ਸਾਰਾ ਹੀ ਬੁੱਢੇ ਨਾਲੇ ਵਿੱਚ ਸੁੱਟਿਆ ਜਾਂਦਾ ਹੈ ਜਿਸ ਕਰਕੇ ਪਾਣੀ ਅੱਗੇ ਜਾ ਕੇ ਸਤਲੁਜ ਦਰਿਆ ਵਿੱਚ ਮਿਲਦਾ ਹੈ ਤੇ ਸਤਲੁਜ ਦਰਿਆ ਵੀ ਪ੍ਰਦੂਸ਼ਿਤ ਹੁੰਦਾ ਹੈ।
ਰੁਜ਼ਗਾਰ ਲਈ ਸਹਾਈ: ਇਹ ਮਸ਼ੀਨ ਰੁਜ਼ਗਾਰ ਲਈ ਵੀ ਕਾਫੀ ਸਹਾਈ ਹੈ, ਜਿਵੇਂ ਪਿੰਡਾਂ ਵਿੱਚ ਇਸ ਮਸ਼ੀਨ ਨੂੰ ਲਗਾ ਕੇ ਨੌਜਵਾਨ ਰੁਜ਼ਗਾਰ ਵੀ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਇਸ ਤੋਂ ਬਣਨ ਵਾਲਾ ਬਾਲਣ ਸੱਤ ਰੁਪਏ ਤੋਂ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਜਾਂਦਾ ਹੈ। ਇਸ ਤੋਂ ਕਾਫੀ ਜਿਆਦਾ ਕਮਾਈ ਵੀ ਹੋ ਸਕਦੀ ਹੈ। ਪਿੰਡ ਦੇ ਨੌਜਵਾਨਾਂ ਨੇ ਦੱਸਿਆ ਕਿ ਲਗਾਤਾਰ ਉਨ੍ਹਾਂ ਨੂੰ ਆਰਡਰ ਆ ਰਹੇ ਹਨ।
ਫਿਲਹਾਲ ਗਊਸ਼ਾਲਾ ਵਿੱਚੋਂ ਜਿਆਦਾ ਆਰਡਰ ਆ ਰਹੇ ਹਨ, ਉਨ੍ਹਾਂ ਵੱਲੋਂ ਖੁਦ ਇਹ ਪੂਰੀ ਮਸ਼ੀਨ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਚਾਰ ਮਹਿਲਾਵਾਂ ਨੂੰ ਰੁਜ਼ਗਾਰ ਵੀ ਦਿੱਤਾ ਗਿਆ ਹੈ, ਜੋ ਦਿਨ ਵਿੱਚ ਇਸ ਮਸ਼ੀਨ ਉੱਤੇ ਕੰਮ ਕਰਦੀਆਂ ਹਨ ਅਤੇ ਬਾਲਣ ਤਿਆਰ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬਾਲਣ ਦੀ ਇਕੋ ਫਰੈਂਡਲੀ ਹੈ ਇਸ ਦਾ ਧੂਆਂ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦਾ।