ਬਰਨਾਲਾ : ਪੂਰੇ ਪੰਜਾਬ ਵਿੱਚ ਕਣਕ ਦੀ ਫ਼ਸਲ 'ਤੇ ਸੁੰਡੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ। ਜਿਸ ਨੂੰ ਲੈ ਕੇ ਪੰਜਾਬ ਦਾ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਚਿੰਤਾ ਵਿੱਚ ਦਿਖਾਈ ਦੇ ਰਿਹਾ ਹੈ। ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੇ ਪੱਧਰ 'ਤੇ ਕਣਕ ਦੀ ਫਸਲ ਵਿੱਚ ਸੁੰਡੀ ਦਾ ਹਮਲਾ ਹੋਣ ਕਰਕੇ ਫਸਲ ਪ੍ਰਭਾਵਿਤ ਹੋ ਰਹੀ ਹੈ। ਗੁਲਾਬੀ ਸੁੰਡੀ ਦੀ ਭੇਂਟ ਚੜ੍ਹੀ ਕਣਕ ਦੀ ਫ਼ਸਲ ਦਾ ਕੋਈ ਹੱਲ ਨਾ ਹੋਣ ’ਤੇ ਕਿਸਾਨ ਫ਼ਸਲ ਨੂੰ ਮਜਬੂਰਨ ਵਾਹ ਰਹੇ ਹਨ। ਉੱਥੇ ਹੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਗੁੰਮਟੀ ਵਿਖੇ ਕਈ ਕਿਸਾਨਾਂ ਨੇ ਸੁੰਡੀ ਨਾਲ ਨੁਕਸਾਨੀ ਫ਼ਸਲ ’ਤੇ ਅੱਜ ਟਰੈਕਟਰ ਚਲਾ ਦਿੱਤਾ ਹੈ।
ਫ਼ਸਲ ਗੁਲਾਬੀ ਸੁੰਡੀ ਦੀ ਭੇਂਟ ਚੜ੍ਹ ਗਈ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਤਿੰਨ ਏਕੜ ਵਿੱਚ ਬਿਨ੍ਹਾਂ ਪਰਾਲੀ ਨੂੰ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਸੀ ਅਤੇ ਸਾਰੀ ਹੀ ਫ਼ਸਲ ਗੁਲਾਬੀ ਸੁੰਡੀ ਦੀ ਭੇਂਟ ਚੜ੍ਹ ਗਈ। ਉਸ ਨੇ ਕਈ ਸਪਰੇਆਂ ਵੀ ਕਰਕੇ ਦੇਖ ਲਈਆਂ, ਪਰ ਇਸ ਦਾ ਕੋਈ ਹੱਲ ਨਹੀਂ ਹੋਇਆ। ਜਿਸ ਕਰਕੇ ਫ਼ਸਲ ਨੂੰ ਵਾਹੁਣਾ ਹੀ ਆਖ਼ਰੀ ਹੱਲ ਨਿਕਲਿਆ ਹੈ। ਹੁਣ ਉਹ ਨਵੇਂ ਸਿਰੇ ਤੋਂ ਇਸ ਦੀ ਬਿਜਾਈ ਕਰਨਗੇ।
ਨਹੀਂ ਮਿਲ ਰਹੀ ਡੀਏਪੀ ਖ਼ਾਦ
ਇਸੇ ਤਰ੍ਹਾਂ ਪਿੰਡ ਦੇ ਕਿਸਾਨ ਕਰਮਜੀਤ ਸਿੰਘ ਦੇ ਦੋ ਏਕੜ, ਜੱਗਾ ਸਿੰਘ ਦੇ ਚਾਰ ਏਕੜ, ਬਾਲਾ ਸਿੰਘ ਦੇ ਪੰਜ ਏਕੜ ਅਤੇ ਕਿਸਾਨ ਬਲਵਿੰਦਰ ਸਿੰਘ ਕਾਕਾ ਦੀ ਵੀ ਚਾਰ ਏਕੜ ਕਣਕ ਦੀ ਫ਼ਸਲ ਸੁੰਡੀ ਦੀ ਲਪੇਟ ਵਿੱਚ ਆਉਣ ਕਰਕੇ ਵਾਹੁਣੀ ਪਈ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਫਸਲ ਸੁੱਕ ਰਹੀ ਹੈ। ਵਿਭਾਗ ਦੀਆਂ ਸਿਫ਼ਾਰਸੀ ਸਪਰੇਆਂ ਵੀ ਸੁੰਡੀ ਨਹੀਂ ਮਾਰ ਸਕੀਆਂ। ਖੇਤਾਂ ਵਿੱਚ ਫ਼ਸਲ ਸੁੱਕਣ ਕਾਰਨ ਡੱਬ ਪੈ ਗਏ। ਜਿਸ ਕਾਰਨ ਨਵੇਂ ਸਿਰੇ ਤੋਂ ਹੀ ਫ਼ਸਲ ਬੀਜਣੀ ਪੈਣੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦੁਬਾਰਾ ਕਣਕ ਬੀਜਣ ਲਈ ਉਨ੍ਹਾਂ ਨੂੰ ਡੀਏਪੀ ਖ਼ਾਦ ਨਹੀਂ ਮਿਲ ਰਹੀ।
ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ
ਪੀੜਤ ਕਿਸਾਨਾਂ ਨੇ ਕਿਹਾ ਕਿ ਸੁੰਡੀ ਕਾਰਨ ਉਨ੍ਹਾਂ ਦੀ ਪ੍ਰੇਸ਼ਾਨੀ ਤਾਂ ਵਧ ਹੀ ਰਹੀ ਹੈ। ਇਸ ਨਾਲ ਖ਼ਰਚਾ ਵੀ ਵਧ ਗਿਆ ਹੈ। ਹੁਣ ਬਿਜਾਈ ਅਤੇ ਸਪਰੇਆਂ ਉਪਰ ਹੀ ਕਾਫ਼ੀ ਖ਼ਰਚਾ ਵਧ ਗਿਆ ਹੈ ਪਰ ਇਸ ਔਖੀ ਘੜੀ ਵਿੱਚ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਤੱਕ ਨਹੀਂ ਲਈ। ਉਧਰ ਖੇਤੀਬਾੜੀ ਤਕਨਾਲੋਜੀ ਮੈਨੇਜਰ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਰੋਗ ਕਣਕ ਦੀ ਅਗੇਤੀ ਬਿਜਾਈ ਵਾਲੇ ਖੇਤਾਂ ਵਿੱਚ ਵਧੇਰੇ ਦਿਖਾਈ ਦੇ ਰਿਹਾ ਹੈ। ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਫ਼ਸਲ ਦੇ ਬਚਾਅ ਲਈ ਵਿਭਾਗ ਯਤਨ ਕਰ ਰਿਹਾ ਹੈ।