ਅੰਮ੍ਰਿਤਸਰ: ਅੰਮ੍ਰਿਤਸਰ ਸੈਂਟਰਲ ਜ਼ੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਅਤੇ ਸੁਰਖੀਆਂ ਦਾ ਕਾਰਨ ਹੈ ਕਿ ਸੈਂਟਰਲ ਜ਼ੇਲ੍ਹ ਦੇ ਵਿੱਚ ਇੱਕ ਹਵਾਲਾਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹਵਾਲਾਤੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਪੁਲਿਸ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਮਾਨਯੋਗ ਅਦਾਲਤ ਵੱਲੋਂ ਭਗੋੜਾ ਕਰਾਰ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਹਵਾਲਾਤੀ ਗੁਰਦਿੱਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ ਚਾਰ ਪੰਜ ਸਾਲ ਪਹਿਲਾਂ ਉਨ੍ਹਾਂ ਦੇ ਨੌਜਵਾਨ ਲੜਕੇ ਗੁਰਦਿੱਤ ਸਿੰਘ ਦਾ ਲੜਾਈ ਝਗੜੇ ਦੇ ਮਾਮਲੇ ਵਿੱਚ ਪਰਚਾ ਦਰਜ ਹੋਇਆ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਹੀ ਆਪਣੀਆਂ ਤਰੀਕਾਂ ਵੀ ਭੁਗਤ ਰਿਹਾ ਸੀ, ਪਰ ਉਸ ਦੀਆਂ ਲੱਤਾਂ 'ਤੇ ਸੱਟ ਲੱਗਣ ਕਾਰਨ ਉਹ ਮਾਨਯੋਗ ਅਦਾਲਤ ਵਿੱਚ ਜਾ ਕੇ ਤਰੀਕਾਂ ਨਹੀਂ ਭੁਗਤ ਸਕਿਆ। ਜਿਸ ਦੇ ਕਾਰਨ ਮਾਨਯੋਗ ਅਦਾਲਤ ਵੱਲੋਂ ਉਸ ਨੂੰ ਭਗੋੜਾ ਕਰਾਰ ਦੇ ਦਿੱਤਾ ਸੀ। ਬਾਅਦ ਵਿੱਚ ਪੀਓ ਸਟਾਫ ਵੱਲੋਂ 10 ਦਿਨ ਪਹਿਲਾਂ ਘਰ ਆ ਕੇ ਉਨ੍ਹਾਂ ਦੇ ਨੌਜਵਾਨ ਲੜਕੇ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ।
ਗੁਰਦਿੱਤ ਸਿੰਘ ਦੀ ਮੌਤ ਹੋ ਚੁੱਕੀ
ਪੀਓ ਸਟਾਫ ਦੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਉਸ ਦੀਆਂ ਮੈਡੀਕਲ ਰਿਪੋਰਟਾਂ ਨਾਲ ਲਾਉਣ ਤੋਂ ਬਾਅਦ ਉਸਨੂੰ ਘਰ ਭੇਜ ਦਿੱਤਾ ਜਾਵੇਗਾ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਗੁਰਦਿੱਤ ਸਿੰਘ ਨੂੰ ਅੰਮ੍ਰਿਤਸਰ ਸੈਂਟਰਲ ਜ਼ੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਸੈਂਟਰਲ ਜ਼ੇਲ੍ਹ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਬੇਟਾ ਬਿਮਾਰ ਹੈ ਤੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਉਹ ਗੁਰੂ ਨਾਨਕ ਹਸਪਤਾਲ ਪਹੁੰਚੇ, ਤਾਂ ਉੱਥੇ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਗੁਰਦਿੱਤ ਸਿੰਘ ਦੀ ਮੌਤ ਹੋ ਚੁੱਕੀ ਹੈ।
ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ 'ਤੇ ਲਾਏ ਇਲਜ਼ਾਮ
ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਬੇਟੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਜਿਸ ਦੇ ਕਾਰਨ ਹੀ ਉਨ੍ਹਾਂ ਦੇ ਬੇਟੇ ਦੀ ਮੌਤ ਹੋਈ ਹੈ ਅਤੇ ਹੁਣ ਡਰ ਦੇ ਮਾਰੇ ਪੁਲਿਸ ਉਨ੍ਹਾਂ ਦੇ ਬੇਟੇ ਨੂੰ ਲਾਵਰਸਾਂ ਵਾਂਗ ਪੋਸਟਮਾਰਟਮ ਹਾਊਸ ਵਿੱਚ ਛੱਡ ਕੇ ਫਰਾਰ ਹੋ ਗਈ ਹੈ। ਉੱਥੇ ਹੀ ਮ੍ਰਿਤਿਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਾਈ ਹੈ।