ਅੰਮ੍ਰਿਤਸਰ: ਬਾਬੇ ਨਾਨਕ ਨੇ ਪੂਰੇ ਦੁਨੀਆਂ ਨੂੰ ਆਪਣੇ ਰੰਗ 'ਚ ਰੰਗਿਆ ਹੈ। ਇਸੇ ਕਾਰਨ ਤਾਂ ਆਸਟ੍ਰੇਲੀਆ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਝੀਲ ਦਾ ਨਾਮ ਰੱਖਿਆ ਹੈ। ਜਿਸ ਤੋਂ ਐਸਜੀਪੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਸਿੱਖ ਅਵਾਮ ਵੱਲੋਂ ਆਸਟ੍ਰੇਲੀਆ ਸਰਕਾਰ ਦਾ ਧੰਨਵਾਦ ਕੀਤਾ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਦੁਨੀਆਂ ਦੇ ਅੰਦਰ ਹਜ਼ਾਰਾਂ ਹੀ ਕੌਮਾਂ ਨੇ ਅਤੇ ਉਹਨਾਂ ਦੇ ਆਪਣੇ-ਆਪਣੇ ਧਰਮ ਹਨ। 1469 ਸੰਨ ਦੇ ਵਿੱਚ ਨਨਕਾਣਾ ਸਾਹਿਬ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਜਿਨ੍ਹਾਂ ਨੇ ਇੱਕ ਵੱਖਰਾ ਪੰਥ ਸਿਰਜਿਆ ਅਤੇ ਇੱਕ ਨਵਾਂ ਫਲਸਫਾ ਦਿੱਤਾ।
555ਵਾਂ ਪ੍ਰਕਾਸ਼ ਦਿਹਾੜਾ
ਬਾਬੇ ਨਾਨਕ ਦਾ 555ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿੱਖਾਂ ਨੇ ਦੁਨੀਆਂ ਦੇ ਅੰਦਰ ਬਹੁਤ ਵੱਡਾ ਇੱਕ ਇਤਿਹਾਸ ਸਿਰਜਿਆ। ਇਸ ਦੀ ਉਦਾਹਰਣ ਸਾਡੇ ਸਾਹਮਣੇ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 15 ਨਵੰਬਰ ਨੂੰ ਆ ਰਹੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਵਿਕਟੋਰੀਆ ਸ਼ਹਿਰ ਨੇੜੇ ਇੱਕ ਝੀਲ ਦਾ ਨਾਂ 'ਗੁਰੂ ਨਾਨਕ ਲੇਕ' ਰੱਖਿਆ ਗਿਆ ਅਤੇ ਉੱਥੇ ਇੱਕ ਵੱਡਾ ਸਮਾਗਮ ਹੋਇਆ ਉਥੋਂ ਦੇ ਲੋਕਾਂ ਨੇ ਉਸ ਵਿੱਚ ਸ਼ਿਰਕਤ ਕੀਤੀ । ਉਥੋਂ ਦੇ ਕੈਬਨਿਟ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਆਪਣੇ ਦੇਸ਼ ਦੇ ਅੰਦਰ ਵੱਸਣ ਵਾਲੇ ਵੱਡੀ ਗਿਣਤੀ ਵਿੱਚ ਸਿੱਖ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਪਿਛਲੇ ਸਮੇਂ ਅੰਦਰ ਸਮਾਜ ਅਤੇੇ ਮਾਨਵਤਾ ਦੇ ਭਲੇ ਲਈ ਬਹੁਤ ਵੱਡੇ ਕਾਰਜ ਕੀਤੇ ਹਨ। ਇਸੇ ਕਾਰਨ ਅਸੀਂ ਉਸ ਦੇ ਸਨਮਾਨ ਨੂੰ ਲੈ ਕੇ ਇਸ ਝੀਲ ਦਾ ਨਾਂ 'ਗੁਰੂ ਨਾਨਕ ਝੀਲ' ਰੱਖ ਰਹੇ ਹਾਂ। ਸੋ ਅਸੀਂ ਆਸਟ੍ਰੇਲੀਆ ਦੀ ਸਰਕਾਰ ਦਾ ਇਸ ਗੱਲ ਤੋਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਇਸ ਫਲਸਫੇ ਦੇ ਧਾਰਨੀ ਜਿਹੜੇ ਸਿੱਖਾਂ ਦੇ ਕੀਤੇ ਕਾਰਜਾਂ ਨੂੰ ਸਨਮਾਨ ਵੀ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਮਸਕਾਰ ਵੀ ਕੀਤੀ ਹੈ। ਇਸ ਦੇ ਨਾਲ ਹੀ ਐਸਜੀਪੀਸੀ ਵੱਲੋਂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਹਨ।
ਕਦੋਂ ਹੋਈ ਸੀ ਕਾਰਜ ਦੀ ਸ਼ੁਰੂਆਤ
ਤੁਹਾਨੂੰ ਦੱਸ ਦਈਏ ਕਿ ਇਸ ਨਾਮਕਰਨ ਪਿੱਛੇ ਸਿੱਖ ਇੰਟਰਫੇਥ ਕੌਂਸਲ ਆਫ਼ ਵਿਕਟੋਰੀਆ ਦੇ ਚੇਅਰਮੈਨ ਜਸਬੀਰ ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ, ਜਿਨ੍ਹਾਂ ਨੇ 2018 ਵਿੱਚ ਵਿਕਟੋਰੀਆ ਦੇ ਪ੍ਰਧਾਨ ਮੰਤਰੀ ਨਾਲ ਇਸ ਵਿਸ਼ੇ 'ਤੇ ਗੱਲਬਾਤ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਹੁਣ ਇਹ ਝੀਲ ‘ਗੁਰੂ ਨਾਨਕ ਝੀਲ’ ਵਜੋਂ ਜਾਣੀ ਜਾਵੇਗੀ ਅਤੇ ਇਸ ਦਾ ਨਾਂਅ ਸਰਕਾਰੀ ਗਜ਼ਟ ਅਤੇ ਹੋਰ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਨਾਮਕਰਨ ਝੀਲ 'ਤੇ ਆਉਣ ਵਾਲੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਬਾਰੇ ਜਾਣਨ ਲਈ ਪ੍ਰੇਰਿਤ ਕਰੇਗਾ। ਇਸ ਦੇ ਨਾਲ ਹੀ ਵਕਟੋਰੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇੰਗਰਿਡ ਸਟਿੱਟ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਕਟੋਰੀਆ ਵਿੱਚ ਲੰਗਰ ਸਮਾਗਮਾਂ ਦੇ ਆਯੋਜਨ ਦੀ ਸਹਾਇਤਾ ਲਈ $600,000 ਦੀ ਗ੍ਰਾਂਟ ਵੀ ਪ੍ਰਦਾਨ ਕਰੇਗੀ।
ਬਾਈਟ:--- ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ