What Is Tankhaiya: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਕਰ ਦਿੱਤਾ ਗਿਆ ਹੈ। ਇਹ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ। ਉਹਨਾਂ ਕਿਹਾ ਕਿ 2007 ਤੋਂ 2017 ਤੱਕ ਦੇ ਆਪਣੇ ਕਾਰਜ ਕਾਲ ਦੌਰਾਨ ਲਏ ਫੈਸਲਿਆਂ ਨਾਲ ਸਿੱਖ ਹਿਤਾਂ ਨੂੰ ਢਾਅ ਲੱਗੀ ਹੈ, ਇਸ ਦੇ ਚੱਲਦਿਆਂ ਸੁਖਬੀਰ ਬਾਦਲ ਨੂੰ ਇਹ ਸਜ਼ਾ ਸੁਣਾਈ ਜਾਂਦੀ ਹੈ। ਇਸ ਦੌਰਾਨ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਜਦ ਤਕ ਸੁਖਬੀਰ ਬਾਦਲ ਵੱਲੋਂ ਨਿਮਾਣੇ ਸਿੰਘ ਵੱਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮੁਆਫੀ ਨਹੀਂ ਮੰਗਦੇ ਉਦੋਂ ਤੱਕ ਉਨ੍ਹਾਂ ਨੁੰ ਤਨਖਾਹੀਆ ਐਲਾਨਿਆ ਜਾਂਦਾ ਹੈ।
ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ, ਜਿਸ ਨਾਲ ਪੰਥਕ ਸਰੂਪ ਨੂੰ ਅਕਸਰ ਨੁਕਸਾਨ ਹੁੰਦਾ ਸੀ। ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ। 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। - ਗਿਆਨੀ ਰਘਬੀਰ ਸਿੰਘ, ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ
ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ। ਇਸ ਘਟਨਾਕ੍ਰਮ ਤੋਂ ਬਾਅਦ ਹਰ ਪਾਸੇ ਤਨਖ਼ਾਹੀਆ ਸ਼ਬਦ ਦੀ ਬੇਹੱਦ ਚਰਚਾ ਹੋ ਰਹੀ ਹੈ ਕਿ ਆਖ਼ਰ ਕਿੰਨਾਂ ਲੋਕਾਂ ਨੂੰ ਅਤੇ ਕਿਸ ਦੋਸ਼ ਕਰਕੇ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ।
ਬਾਗ਼ੀ ਧੜੇ ਦੀਆਂ ਸ਼ਿਕਾਇਤਾਂ:-
- ਬਾਦਲ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲਿਆਂ ਦੀ ਸਹੀ ਜਾਂਚ ਨਹੀ ਹੋਈ।
- ਬੇਅਦਬੀ ਤੋਂ ਬਾਅਦ ਦੁੱਖਦਾਈ ਗੋਲੀ ਕਾਂਡ ਵਾਪਰੇ ਪਰ ਕੋਈ ਕਰਵਾਈ ਨਹੀਂ ਹੋਈ।
- ਦਸਮ ਪਿਤਾ ਦੀ ਨਕਲ ਕਰਨ 'ਤੇ ਡੇਰਾ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਗਈ।
- ਬਾਦਲ ਸਰਕਾਰ ਵੱਲੋਂ ਰਾਮ ਰਹੀਮ ਨੂੰ ਮੁਆਫ਼ੀ ਦੇਣ ਤੋਂ ਬਾਅਦ 80 ਲੱਖ ਰੁਪਏ ਦੀ ਇਸ਼ਤਹਾਰਬਾਜ਼ੀ ਕੀਤੀ ਗਈ।
- ਕਈ ਮਾਮਲਿਆਂ 'ਚ ਨਾਮਜਦ ਸੁਮੇਧ ਸੈਣੀ ਨੂੰ ਡੀਜੀਪੀ ਬਣਾਇਆ।
- ਇਸ ਦੇ ਨਾਲ ਹੀ ਮਨਮਾਨੀਆਂ ਕਰਨ ਦੇ ਦੋਸ਼ ਵੀ ਬਾਦਲ ਸਰਕਾਰ ਉੱਤੇ ਲਾਏ ਗਏ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ: ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਜੋਧਪੁਰੀ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਸਮੇਂ ਤੇ ਸਥਾਨ ਦੇ ਪ੍ਰਭਾਵਾਂ ਤੋਂ ਸੁਤੰਤਰ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਭੂਸੱਤਾ ਸੰਪੰਨ ਸੰਸਥਾ ਹੋਣ ਕਰਕੇ ਇਥੋਂ ਹੋਏ ਹੁਕਮਨਾਮੇ, ਆਦੇਸ਼ ਜਾਂ ਫੈਸਲੇ ਨੂੰ ਇਸ ਦੇ ਮੰਨਣ ਵਾਲਿਆਂ ਨੇ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਈ ਗਈ ਧਾਰਮਿਕ ਸਜ਼ਾ ਦਾ ਅਸਲ ਮਨੋਰਥ 'ਕਿਸੇ ਦੋਸ਼ੀ ਨੂੰ ਦੋਸ਼ੀ ਬਣਾ ਕੇ' ਉਸ ਦਾ ਨਿਰਾਦਰ ਕਰਨਾ ਨਹੀਂ, ਸਗੋਂ ਵਿਅਕਤੀ ਵਿਸ਼ੇਸ਼ ਵਿਚ ਆਈ ਵਕਤੀ ਕਮਜ਼ੋਰੀ, ਸਿਧਾਂਤਕ ਢਿਲਿਆਈ ਨੂੰ ਦੂਰ ਕਰ ਕੇ ਉਸ ਨੂੰ ਮਨ-ਬਚਨ ਕਰਮ ਤੋਂ ਪਵਿੱਤਰ ਬਣਾਉਂਦਿਆਂ, ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਕਰਨਾ ਹੈ। ਜੇ ਕੋਈ ਗੁਰਸਿੱਖ ਧਾਰਮਿਕ ਗਲਤੀ ਕਰਦਾ ਹੈ ਤਾਂ ਉਸਨੂੰ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ।
ਕੌਣ ਹੁੰਦਾ ਹੈ ਤਨਖ਼ਾਹੀਆ: ਉਹਨਾਂ ਦੱਸਿਆ ਕਿ ਸਿੱਖ ਪੰਥ ਵਿੱਚ ਜਿਸ ਪੂਰਨ ਗੁਰਸਿੱਖ ਵਿਅਕਤੀ ਤੋਂ ਕੋਈ ਧਾਰਮਿਕ ਅਵੱਗਿਆ ਹੁੰਦੀ ਹੈ, ਉਸਨੂੰ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ। ਇਸ ਲਈ ਜਿਸ ਵਿਅਕਤੀ ਤੋਂ ਇਹ ਅਵੱਗਿਆ ਹੋਈ ਹੁੰਦੀ ਹੈ, ਉਸਨੂੰ ਤਖ਼ਤ ਸਾਹਿਬ ਉਪਰ ਪੰਜ ਸਿੰਘਾਂ ਵੱਲੋਂ ਤਲਬ ਕੀਤਾ ਜਾਂਦਾ ਹੈ। ਉਕਤ ਵਿਅਕਤੀ ਉਪਰ ਧਾਰਮਿਕ ਗਲਤੀ ਹੋਣ ਦੇ ਦੋਸ਼ ਤੈਅ ਹੋਣ ਤੋਂ ਬਾਅਦ ਉਸਨੂੰ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਤਨਖਾਹੀਆ ਕਰਾਰ ਦਿੱਤਾ ਗਏ ਵਿਅਕਤੀ ਨੂੰ ਤਖ਼ਤ ਸਾਹਿਬ ਉਪਰ ਪੇਸ਼ ਹੋ ਕੇ ਆਪਣੇ ਕੀਤੇ ਗੁਨਾਹਾਂ ਲਈ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਜਾਂਦਾ ਹੈ।
ਤਨਖਾਹੀਆ ਤੋਂ ਅੱਗੇ ਪੰਥ ਵਿੱਚੋਂ ਛੇਕਣ ਦੀ ਸਜ਼ਾ: ਜਿਸ ਸਿੱਖ ਨੂੰ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ, ਉਸਨੂੰ ਤਖ਼ਤ ਸਾਹਿਬ ਉਪਰ ਨਿਮਾਣੇ ਗੁਰਸਿੱਖ ਵਾਂਗ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣ ਲਈ ਸਮਾਂ ਦਿੱਤਾ ਜਾਂਦਾ ਹੈ। ਜੇਕਰ ਉਕਤ ਤਨਖ਼ਾਹੀਆ ਤੈਅ ਸਮੇਂ ਵਿੱਚ ਤਖ਼ਤ ਸਾਹਿਬ ਉਪਰ ਪੇਸ਼ ਨਹੀਂ ਹੁੰਦਾ ਤਾਂ ਉਸਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ ਜਾਂਦਾ ਹੈ। ਭਾਵ ਪੰਥ ਵਿੱਚੋਂ ਛੇਕੇ ਗਏ ਵਿਅਕਤੀ ਨਾਲ ਕੋਈ ਵੀ ਗੁਰਸਿੱਖ ਰੋਟੀ ਬੋਟੀ ਦੀ ਸਾਂਝ ਵੀ ਨਹੀਂ ਰੱਖ ਸਕਦਾ। ਉਸਦੇ ਸਾਰੇ ਸਿੱਖਾਂ ਵਾਲੇ ਧਾਰਮਿਕ ਅਧਿਕਾਰ ਖ਼ਤਮ ਕਰ ਦਿੱਤੇ ਜਾਂਦੇ ਹਨ। ਉਸ ਵਿਅਕਤੀ ਦੇ ਨਾਲ ਸਾਂਝ ਰੱਖਣ ਵਾਲੇ ਜਾਂ ਉਸਦੇ ਕਿਸੇ ਵੀ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣਾ ਵੀ ਗੁਰਸਿੱਖ ਲਈ ਗੁਨਾਹ ਮੰਨਿਆ ਜਾਂਦਾ ਹੈ।
ਕੌਣ ਤੈਅ ਕਰਦਾ ਹੈ ਤਨਖਾਹੀਆ: ਉਹਨਾਂ ਦੱਸਿਆ ਕਿ ਸਿੱਖ ਕੌਮ ਵਿੱਚ ਤਨਖ਼ਾਹੀਆ ਦੇਣ ਦਾ ਹੱਕ ਪੰਜ ਸਿੰਘਾਂ ਨੂੰ ਦਿੱਤਾ ਗਿਆ ਹੈ। ਪੰਜ ਸਿੰਘ ਗੁਰਮਤਾ ਕਰਨ ਉਪਰੰਤ ਕਿਸੇ ਗੁਰਸਿੱਖ ਵਲੋਂ ਕੀਤੀ ਗਲਤੀ ਲਈ ਉਸਨੂੰ ਤਨਖ਼ਾਹੀਆ ਕਰਾਰ ਦਿੰਦੇ ਹਨ। ਮੌਜੂਦਾ ਸਮੇਂ ਵਿੱਚ ਸਿੱਖ ਪੰਥ ਦੇ ਪੰਜ ਤਖ਼ਤਾਂ ਦੇ ਜੱਥੇਦਾਰਾਂ ਵਲੋਂ ਗੁਰਮਤਾ ਕਰਨ ਉਪਰੰਤ ਇਹ ਫ਼ੈਸਲਾ ਲਿਆ ਜਾਂਦਾ ਰਿਹਾ ਹੈ। ਕਿਸੇ ਜੱਥੇਦਾਰ ਦੀ ਗੈਰ ਹਾਜ਼ਰੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਪੰਜ ਸਿੰਘ ਸਾਹਿਬਾਨਾਂ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ।
ਸਿਰਫ਼ ਗੁਰਸਿੱਖ ਵਿਅਕਤੀ ਨੂੰ ਹੀ ਦਿੱਤਾ ਜਾਂਦਾ ਹੈ ਤਨਖ਼ਾਹੀਆ ਹੋਣ ਦੀ ਸਜ਼ਾ: ਸਿੱਖ ਪੰਥ ਵਿੱਚ ਪੂਰਨ ਗੁਰਸਿੱਖ ਵਿਅਕਤੀ ਨੂੰ ਹੀ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਰਿਹਾ ਹੈ। ਜੋ ਵਿਅਕਤੀ ਆਪਣੇ ਕੇਸ ਕਤਲ ਨਾ ਕਰਵਾਉਂਦਾ ਹੋਵੇ, ਉਸਨੂੰ ਹੀ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਂਦਾ ਹੈ। ਜਦਕਿ ਕੇਸ , ਦਾੜੀ ਆਦਿ ਕਟਵਾਉਣ ਵਾਲੇ ਸਿੱਖ ਨੂੰ ਕੁਰਹਿਤੀਆ ਮੰਨਿਆ ਜਾਂਦਾ ਹੈ, ਜਿਸ ਕਰਕੇ ਉਸਨੂੰ ਤਖ਼ਤ ਸਾਹਿਬ ਉਪਰ ਤਲਬ ਨਹੀਂ ਕੀਤਾ ਜਾਂਦਾ।
ਤਨਖ਼ਾਹੀਆ ਹੋਣ ਦੀ ਸਜ਼ਾ: ਕਿਸੇ ਵੀ ਗੁਰਸਿੱਖ ਦੇ ਤਨਖ਼ਾਹੀਆ ਹੋਣ ਦੀ ਸਜ਼ਾ ਵੀ ਪੰਜ ਸਿੰਘ ਸਾਹਿਬਾਨ ਵਲੋਂ ਉਕਤ ਗੁਰਸਿੱਖ ਦਾ ਸਪੱਸ਼ਟੀਕਰਨ ਸੁਨਣ ਤੋਂ ਬਾਅਦ ਲਗਾਈ ਜਾਂਦੀ ਹੈ। ਮੌਜੂਦਾ ਸਮੇਂ ਵਿੱਚ ਬਹੁਤੇ ਗੁਰਸਿੱਖਾਂ ਨੇ ਤਖ਼ਤ ਸਾਹਿਬ ਉਪਰ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਸਜ਼ਾ ਲਗਵਾਈ ਹੈ। ਇਹਨਾਂ ਵਿੱਚੋਂ ਬਹੁਤਿਆਂ ਨੂੰ ਗੁਰੂਘਰ ਵਿੱਚ ਭਾਂਡੇ ਮਾਂਜਣ, ਝਾੜੂ ਲਗਾਉਣ ਦੀ ਸੇਵਾ ਲਗਾ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਭੁੱਲ ਬਖ਼ਸਾਉਣ ਲਈ ਗੁਰਬਾਣੀ ਪਾਠ ਕਰਨ ਦੀ ਸੇਵਾ ਵੀ ਲਗਾਈ ਜਾਂਦੀ ਹੈ। ਜਦਕਿ ਕੁੱਝ ਮਾਮਲਿਆਂ ਵਿੱਚ ਤਨਖ਼ਾਹੀਆ ਕਰਾਰ ਦਿੱਤੇ ਸਿੱਖਾਂ ਨੂੰ ਸਖ਼ਤ ਸਜ਼ਾ ਵੀ ਲੱਗੀ ਹੈ।
ਮਹਾਰਾਜਾ ਰਣਜੀਤ ਸਿੰਘ ਅਤੇ ਮੁੱਖ ਮੰਤਰੀ ਬਰਨਾਲਾ ਨੂੰ ਥਮਲੇ ਨਾਲ ਬੰਨ੍ਹ ਕੇ ਕੋੜੇ ਵੀ ਮਾਰੇ ਗਏ: ਤਨਖ਼ਾਹੀਆ ਕਰਾਰ ਹੋਣ ਤੋਂ ਬਾਅਦ ਸਿੱਖ ਕੌਮ ਦੇ ਪਹਿਲੇ ਮਹਾਰਾਜੇ ਸ਼ੇਰ ਏ ਪੰਜਾਬ ਮਹਾਰਾਜ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਉਪਰ ਤਲਬ ਕਰਕੇ ਥਮਲੇ ਨਾਲ ਬੰਨ੍ਹ ਕੇ ਕੋੜੇ ਵੀ ਮਾਰੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਵਲੋਂ ਆਪਣੇ ਰਾਜ ਦੌਰਾਨ ਕੰਜਰੀਆ ਨਚਾਉਣ ਦਾ ਦੋਸ਼ ਸੀ, ਜਿਸਤੋਂ ਬਾਅਦ ਉਹਨਾਂ ਨੁੰ ਤਖ਼ਤ ਸਾਹਿਬ 'ਤੇ ਤਲਬ ਕੀਤਾ ਗਿਆ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਤਖ਼ਤ ਸਾਹਿਬ ਉਪਰ ਥਮਲੇ ਨਾਲ ਬੰਨ੍ਹ ਕੇ ਸਜ਼ਾ ਲਗਾਈ ਜਾ ਚੁੱਕੀ ਹੈ।
ਹੁਣ ਤੱਕ ਵੱਡੇ ਰਾਜਸੀ ਅਤੇ ਧਾਰਮਿਕ ਲੀਡਰਾਂ ਨੂੰ ਤਖਤ ਸਾਹਿਬ ਉਪਰ ਦਿੱਤਾ ਜਾ ਚੁੱਕਿਐ ਤਨਖ਼ਾਹੀਆ ਕਰਾਰ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਹੋਣ ਵਾਲੇ ਸੁਖਬੀਰ ਸਿੰਘ ਬਾਦਲ ਪਹਿਲੇ ਸਿੱਖ ਨਹੀਂ ਹਨ, ਬਲਕਿ ਇਸਤੋਂ ਪਹਿਲਾਂ ਹੋਰ ਵੀ ਕਈ ਵੱਡੇ ਰਾਜਸੀ ਅਤੇ ਧਾਰਮਿਕ ਸਿੱਖ ਲੋਕ ਤਖ਼ਤ ਸਾਹਿਬ ਤੋਂ ਤਨਖ਼ਾਹੀਏ ਕਰਾਰ ਦਿੱਤੇ ਜਾ ਚੁੱਕੇ ਹਨ। ਭਾਈ ਸੁਬੇਗ ਸਿੰਘ, ਜੱਸਾ ਸਿੰਘ ਰਾਮਗੜ੍ਹੀਏ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਪੰਥ-ਰਤਨ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ, ਨਿਹੰਗ ਮੁਖੀ ਬਾਬਾ ਸੰਤਾ ਸਿੰਘ, ਆਦਿ ਪੰਥਕ ਲੀਡਰਾਂ ਡਾ: ਪਿਆਰ ਸਿੰਘ, ਡਾ. ਪਿਸ਼ੌਰਾ ਸਿੰਘ ਆਦਿ ਵਰਗੇ ਸਿੱਖ ਵਿਦਵਾਨਾਂ ਨੂੰ ਤਖ਼ਤ ਸਾਹਿਬ ਤੋਂ ਤਨਖ਼ਾਹ ਲਾਈ ਜਾ ਚੁੱਕੀ ਹੈ।
ਨੋਟ- ਇਹ ਜਾਣਕਾਰੀ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਜੋਧਪੁਰੀ ਵੱਲੋਂ ਸਾਂਝੀ ਕੀਤੀ ਗਈ ਹੈ।
- "ਗੁਨਾਹਾਂ ਦੀ ਮੁਆਫੀ ਮੰਗਣ ..." ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੁਖਬੀਰ ਬਾਦਲ 'ਤੇ ਵੱਡਾ ਫੈਸਲਾ, ਬਾਦਲ ਨੂੰ ਐਲਾਨਿਆ ਤਨਖਾਹੀਆ
- ਬਲਵਿੰਦਰ ਸਿੰਘ ਭੂੰਦੜ ਦਾ ਬਿਆਨ : ਬੋਲੇ- ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਹਰ ਤਰ੍ਹਾਂ ਦੇ ਕੀਤੇ ਜਾਣਗੇ ਯਤਨ
- ਸਾਬਕਾ MP ਮਾਨ ਨੇ ਕੰਗਨਾ ਰਣੌਤ ਨੂੰ ਲੈਕੇ ਕੀਤੀ ਅਜਿਹੀ ਗੱਲ ਤਾਂ ਹੋ ਗਿਆ ਹੰਗਾਮਾ, ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ