ਅੰਮ੍ਰਿਤਸਰ: ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਦੇਸ਼ ਦੁਨੀਆਂ ਦੇ ਵਿੱਚ ਬੜੇ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੇ ਲਈ ਜਿੱਥੇ ਹਿੰਦੂ ਭਾਈਚਾਰੇ ਦੇ ਲੋਕ ਬਹੁਤ ਹੀ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕਰਦੇ ਹੋਏ ਮੰਦਿਰਾਂ ਨੂੰ ਸਜਾਉਂਦੇ ਹਨ।
ਤਿਆਰੀਆਂ ਮੁਕੰਮਲ : ਉੱਥੇ ਹੀ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਕਰੀਬ ਇੱਕ ਮਹੀਨੇ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਕਾਫੀ ਹੱਦ ਤੱਕ ਇਹ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜੰਡਿਆਲਾ ਗੁਰੂ ਵਿੱਚ ਸਥਿਤ ਸ੍ਰੀ ਰਾਧੇ ਕ੍ਰਿਸ਼ਨਾ ਮੰਦਰ ਨੂੰ ਬੇਹੱਦ ਸੁੰਦਰ ਤਰੀਕੇ ਦੇ ਨਾਲ ਸਜਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਖਾਸ ਦਿਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਆਪਣੇ ਆਪ ਵਿੱਚ ਇੱਕ ਅਲੱਗ ਹੀ ਖਿੱਚ ਪੈਦਾ ਕਰ ਰਹੀਆਂ ਹਨ।
ਦ੍ਰਿਸ਼ਾਂ ਨੂੰ ਬਹੁਤ ਹੀ ਸੁੰਦਰ ਢੰਗ ਦੇ ਨਾਲ ਦਿਖਾਉਣ ਦੀ ਤਿਆਰੀ : ਮੰਦਿਰ ਦੇ ਵੱਖ-ਵੱਖ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਮਹੀਨੇ ਤੋਂ ਉਹ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਕਰ ਰਹੇ ਹਨ। ਜਿਸ ਵਿੱਚ ਉਨ੍ਹਾਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੇ ਪਰਮ ਮਿੱਤਰ ਸੁਦਾਮਾ ਦੇ ਮਿਲਾਪ ਦ੍ਰਿਸ਼ਾਂ ਤੋਂ ਇਲਾਵਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਨਦੀ ਦੇ ਦ੍ਰਿਸ਼ ਅਤੇ ਹੋਰ ਵੱਖ ਵੱਖ ਦ੍ਰਿਸ਼ਾਂ ਨੂੰ ਬਹੁਤ ਹੀ ਸੁੰਦਰ ਢੰਗ ਦੇ ਨਾਲ ਦਿਖਾਉਣ ਦੀ ਤਿਆਰੀ ਕੀਤੀ ਗਈ ਹੈ।
ਫੁੱਲ, ਮਾਲਾਵਾਂ ਅਤੇ ਸੁੰਦਰ ਲਾਈਟਾਂ ਦੀ ਸਜਾਵਟ: ਪ੍ਰਬੰਧਕਾਂ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕਿਰਪਾ ਸਦਕਾ ਅਸੀਂ ਇਸ ਖਾਸ ਦਿਨ ਨੂੰ ਲੈ ਕੇ ਕਾਫੀ ਹੱਦ ਤੱਕ ਤਿਆਰੀਆਂ ਮੁਕੰਮਲ ਕਰ ਚੁੱਕੇ ਹਾਂ ਅਤੇ ਹੁਣ ਫੁੱਲ, ਮਾਲਾਵਾਂ ਅਤੇ ਸੁੰਦਰ ਲਾਈਟਾਂ ਦੀ ਸਜਾਵਟ ਨੂੰ ਲੈ ਕੇ ਵੀ ਕੰਮ ਤਕਰੀਬਨ ਮੁਕੰਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਲਾਕੇ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੰਗਤ ਵੱਧ ਚੜ ਕੇ ਇਸ ਖਾਸ ਦਿਨ ਦੇ ਉੱਤੇ ਮੰਦਰ ਵਿੱਚ ਸ਼ਿਰਕਤ ਕਰੇ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਨਤਮਸਤਕ ਹੋ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰੀਏ।