ਲੁਧਿਆਣਾ: ਪੂਰੇ ਦੇਸ਼ ਦੇ ਵਿੱਚ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਵਾਢੀ ਦੇ ਸੀਜ਼ਨ ਦੇ ਦੌਰਾਨ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਕਿਸਾਨਾਂ ਨੂੰ ਲੋੜ ਪੈਂਦੀ ਹੈ ਅਤੇ ਜੇਕਰ ਇਨ੍ਹਾਂ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਪੂਰੇ ਸਾਲ ਦੀ ਮਿਹਨਤ ਤੇ ਪਾਣੀ ਫਿਰਨ ਨੂੰ ਸਮਾਂ ਨਹੀਂ ਲੱਗਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਐਫਐਮਪੀਈ ਵਿਭਾਗ ਦੇ ਡਾਕਟਰ ਨਰੇਸ਼ ਕੁਮਾਰ ਚੁਨੇਜਾ ਖਾਸ ਕਰਕੇ ਇਨ੍ਹਾਂ ਮਸਲਿਆਂ ਦੇ ਮਾਹਿਰ ਹਨ ਅਤੇ ਵਾਢੀ ਦੇ ਸੀਜ਼ਨ ਦੇ ਦੌਰਾਨ ਅੱਗਜਨੀ ਦੀਆਂ ਘਟਨਾਵਾਂ ਤੋਂ ਆਪਣੀ ਫ਼ਸਲ ਨੂੰ ਕਿਸਾਨ ਕਿਵੇਂ ਬਚਾ ਸਕਦੇ ਹਨ। ਇਸ ਦੀ ਉਨ੍ਹਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਡਾਕਟਰ ਨਰੇਸ਼ ਕੁਮਾਰ ਚੁਨੇਜਾ ਨੇ ਦੱਸਿਆ ਕਿ ਕਿਸ ਤਰ੍ਹਾਂ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਨੀ ਹੈ ਅਤੇ ਨਾਲ ਹੀ ਇਸ ਤੋਂ ਇਲਾਵਾ ਖੇਤਾਂ ਵਿੱਚ ਅੱਗ ਲੱਗਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਮਸ਼ੀਨਰੀ ਦਾ ਧਿਆਨ: ਡਾਕਟਰ ਚੁਨੇਜਾ ਦੱਸਦੇ ਹਨ ਕਿ ਹਮੇਸ਼ਾ ਸਾਨੂੰ ਜਦੋਂ ਵੀ ਕਣਕ ਦੀ ਵਾਢੀ ਕਰਨੀ ਹੈ ਉਸ ਤੋਂ ਪਹਿਲਾਂ ਹੀ ਆਪਣੀ ਮਸ਼ੀਨਰੀ ਵੇਖ ਲੈਣੀ ਚਾਹੀਦੀ ਹੈ ਕਿ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ, ਮਸ਼ੀਨਰੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਪਾਰਕ ਨਾ ਹੋਵੇ ਇਸ ਕਰਕੇ ਮਸ਼ੀਨਰੀ ਦੇ ਵਿੱਚ ਇੱਕ ਡਿਵਾਈਸ ਲੱਗਦੀ ਹੈ, ਉਸ ਦੀ ਜਰੂਰ ਵਰਤੋਂ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕਦੇ ਵੀ ਰਾਤ ਵੇਲ੍ਹੇ ਜਾਂ ਫਿਰ ਤੜਕਸਾਰ ਕਣਕ ਦੀ ਵਾਢੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਸਮੇਂ ਦੇ ਦੌਰਾਨ ਕਣਕ ਵਿੱਚ ਨਮੀ ਜਿਆਦਾ ਹੁੰਦੀ ਹੈ। ਇਸ ਨਾਲ ਨਾ ਸਿਰਫ ਮਸ਼ੀਨਰੀ ਦਾ ਜ਼ੋਰ ਜਿਆਦਾ ਲੱਗਦਾ ਹੈ, ਸਗੋਂ ਕਣਕ ਵਿੱਚ ਨਮੀ ਰਹਿਣ ਦੀ ਵੀ ਗੁੰਜਾਇਸ਼ ਵੱਧ ਜਾਂਦੀ ਹੈ। ਇਸ ਕਰਕੇ ਮੰਡੀ ਵਿੱਚ ਜਦੋਂ ਕਿਸਾਨ ਕਣਕ ਲੈ ਕੇ ਜਾਂਦੇ ਹਨ, ਤਾਂ ਉਹ ਵਿਕਣ ਵਿੱਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਮਸ਼ੀਨਰੀ ਦੀ ਸੁਚੱਜੀ ਵਰਤੋ ਹੋਣੀ ਚਾਹੀਦੀ ਹੈ।
ਅੱਗ ਲੱਗਣ ਤੋਂ ਬਚਾਅ: ਡਾਕਟਰ ਚੁਨੇਜਾ ਨੇ ਦੱਸਿਆ ਹੈ ਕਿ ਸਭ ਤੋਂ ਜਰੂਰੀ ਕਣਕ ਨੂੰ ਅੱਗ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜਿੱਥੇ ਬਿਜਲੀ ਦੇ ਟ੍ਰਾਂਸਫਾਰਮਰ ਜਾਂ ਹਾਈ ਟੈਂਸ਼ਨ ਤਾਰਾਂ ਖੇਤ ਉੱਤੋਂ ਲੱਗਦੀਆਂ ਹਨ। ਉਨ੍ਹਾਂ ਥਾਵਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ ਕਿ ਕਿਸੇ ਵੀ ਕਿਸਮ ਦਾ ਕੋਈ ਸਪਾਰਕ ਉੱਥੇ ਨਾ ਹੋਵੇ। ਇਸ ਤੋਂ ਇਲਾਵਾ ਜਿੱਥੇ ਕਿਥੇ ਟ੍ਰਾਂਸਫਾਰਮ ਲੱਗਿਆ ਹੈ। ਉਸ ਥਾਂ ਨੂੰ ਚਾਰੇ ਪਾਸਿਓਂ ਥੋੜਾ ਬਹੁਤ ਛੱਡ ਦੇਣਾ ਚਾਹੀਦਾ ਹੈ, ਤਾਂ ਜੋ ਉਸ ਨੂੰ ਪੱਕਾ ਕਰਕੇ ਜੇਕਰ ਉਸ ਤੋਂ ਕੋਈ ਚੰਗਿਆੜੇ ਪੈਂਦੇ ਹਨ, ਤਾਂ ਕਣਕ ਨੂੰ ਉਸ ਤੋਂ ਬਚਾਇਆ ਜਾ ਸਕੇ।
ਇਸ ਤੋਂ ਇਲਾਵਾ ਸਾਨੂੰ ਖੁਦ ਕਦੇ ਵੀ ਬਿਜਲੀ ਦਾ ਕੋਈ ਕੰਮ ਖੇਤਾਂ ਦੇ ਨੇੜੇ ਤੇੜੇ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਤੋਂ ਹੀ ਇਹ ਕੰਮ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਜੇਕਰ ਕਣਕ ਨੂੰ ਅੱਗ ਲੱਗਣੀ ਇੱਕ ਵਾਰੀ ਸ਼ੁਰੂ ਹੋ ਜਾਂਦੀ ਹੈ, ਤਾਂ ਏਕੜਾਂ ਦੇ ਏਕੜ ਫਸਲ ਖਰਾਬ ਹੋ ਜਾਂਦੀ ਹੈ, ਕਿਉਂਕਿ ਕਣਕ ਦਾ ਨਾੜ ਪੂਰੀ ਤਰਾਂ ਸੁੱਕਾ ਹੁੰਦਾ ਹੈ। ਅਜਿਹੇ ਵਿੱਚ ਅੱਗ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਸ ਕਰਕੇ ਕਿਸਾਨ ਵੀਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣ ਕਿ ਬਿਜਲੀ ਦੇ ਸਪਾਰਕ ਹੋਣ ਨਾਲ ਕਿਸੇ ਵੀ ਤਰ੍ਹਾਂ ਕਣਕ ਦਾ ਨੁਕਸਾਨ ਨਾ ਹੋਵੇ।
ਮਨੁੱਖੀ ਬਚਾਅ: ਡਾਕਟਰ ਚੁਨੇਜਾ ਨੇ ਦੱਸਿਆ ਹੈ ਕਿ ਕੁਦਰਤੀ ਢੰਗ ਨਾਲੋਂ ਜਿਆਦਾ ਮਨੁੱਖ ਦੀ ਗ਼ਲਤੀਆਂ ਕਰਕੇ ਕਣਕ ਨੂੰ ਅੱਗ ਲੱਗਣ ਦਾ ਖ਼ਤਰਾ ਜਿਆਦਾ ਬਣਿਆ ਰਹਿੰਦਾ ਹੈ। ਅਕਸਰ ਹੀ ਖੇਤਾਂ ਵਿੱਚ ਕੰਮ ਕਰਨ ਵਾਲੀ ਲੇਬਰ ਖੇਤਾਂ ਦੇ ਨੇੜੇ ਹੀ ਰੋਟੀਆਂ ਬਣਾਉਣ ਲੱਗ ਪੈਂਦੀ ਹੈ ਜਾਂ ਫਿਰ ਅੱਗ ਦੇ ਬਾਲਣ ਦੇ ਨਾਲ ਕੋਈ ਹੋਰ ਕੰਮ ਕਰਦੀ ਹੈ ਜਿਸ ਨਾਲ ਹਵਾ ਚੱਲਣ ਕਰਕੇ ਚੰਗਿਆੜੇ ਕਣਕ ਵਿੱਚ ਪੈ ਜਾਂਦੇ ਹਨ ਅਤੇ ਅੱਗ ਲੱਗ ਜਾਂਦੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕਈ ਵਾਰ ਲੇਬਰ ਨੂੰ ਬੀੜੀ ਜਾਂ ਫਿਰ ਸਿਗਰਟ ਪੀਣ ਦੀ ਆਦਤ ਹੁੰਦੀ ਹੈ ਅਤੇ ਕਣਕ ਦੀ ਵਾਢੀ ਦੇ ਦੌਰਾਨ ਮਾਚਿਸ ਦੀ ਖੇਤ ਵਿੱਚ ਵਰਤੋਂ ਕਰਦੇ ਹਨ, ਜੋ ਕਿ ਬੇਹਦ ਖ਼ਤਰਨਾਕ ਹੈ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਦੋਂ ਵੀ ਕਣਕ ਦੀ ਵਾਢੀ ਸ਼ੁਰੂ ਹੁੰਦੀ ਹੈ। ਉਨ੍ਹਾਂ ਦਿਨਾਂ ਦੇ ਦੌਰਾਨ ਆਪਣੇ ਪਿੰਡ ਵਿੱਚ ਗੁਰਦੁਆਰੇ ਅਤੇ ਮੰਦਿਰਾਂ ਦੇ ਅੰਦਰ ਅਨਾਉਂਸਮੈਂਟ ਕਰਨ ਨੂੰ ਲੈ ਕੇ ਐਕਟਿਵ ਦੀ ਬੇਹਦ ਲੋੜ ਹੈ।
ਇਸ ਤੋਂ ਇਲਾਵਾ, ਜਿੱਥੇ ਕਣਕ ਵੱਢੀ ਜਾਣੀ ਹੈ, ਨੇੜੇ ਤੇੜੇ ਪਾਣੀ ਦੇ ਟੈਂਕਰ ਜਰੂਰ ਹੋਣੇ ਚਾਹੀਦੇ ਹਨ, ਤਾਂ ਜੋ ਕਿਸੇ ਵੀ ਅੱਗ ਜਾਨੀ ਘਟਨਾਵਾਂ ਉੱਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋਂ ਇੱਕ ਖੇਤ ਨੂੰ ਅੱਗ ਲੱਗ ਜਾਂਦੀ ਹੈ, ਤਾਂ ਦੂਜੇ ਦੇ ਖੇਤ ਨੂੰ ਅੱਗ ਲੱਗਣਾ ਵੀ ਲਾਜ਼ਮੀ ਹੈ। ਇਸ ਕਰਕੇ ਖਾਲਾਂ ਦੇ ਵਿੱਚ ਜੇਕਰ ਕਣਕ ਨੂੰ ਪਾਣੀ ਨਹੀਂ ਵੀ ਲਾਉਣਾ, ਤਾਂ ਉਨ੍ਹਾਂ ਨੂੰ ਗਿੱਲਾ ਜ਼ਰੂਰ ਰੱਖਿਆ ਜਾਵੇ, ਕਿਉਂਕਿ ਅੱਗ ਗਿੱਲ ਦੇ ਨਾਲ ਹੀ ਖ਼ਤਮ ਹੋਣੀ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਕਣਕ ਦੇ ਚਾਰ ਚੁਫੇਰੇ ਸੂਰਜ ਮੁਖੀ ਜਾਂ ਫਿਰ ਕੋਈ ਹੋਰ ਹਰੀ ਫ਼ਸਲ ਲਗਾ ਕੇ ਵੀ ਕਣਕ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ।