ਫਤਿਹਗੜ੍ਹ ਸਾਹਿਬ : ਬੀਤੇ ਦਿਨ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਵਿੱਚ ਇੱਕ ਮੈਰਿਜ ਪੈਲੇਸ ਵਿੱਚ ਵਿਆਹ ਹੋ ਰਿਹਾ ਸੀ। ਦੱਸਿਆ ਗਿਆ ਹੈ ਕਿ ਬਰਾਤ ਤਰਨਤਾਰਨ ਤੋਂ ਆਈ ਸੀ। ਦੱਸਿਆ ਗਿਆ ਸੀ ਕਿ ਸ਼ਾਮ ਟਾਈਮ ਡੋਲੀ ਤੁਰਨ ਦੇ ਮੌਕੇ ਵਿਆਹ ਵਿੱਚ ਸ਼ਾਮਿਲ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਜਿਸ ਤਹਿਤ ਗੋਲੀ ਵਿਆਹ ਵਾਲੀ ਕੁੜੀ ਦੇ ਮੱਥੇ ਵਿੱਚ ਜਾ ਲੱਗੀ। ਵਿਆਹ ਵਾਲੀ ਲੜਕੀ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਤ ਨਾਜ਼ੁਕ ਹੋਣ ਕਰਕੇ ਲੜਕੀ ਨੂੰ ਲੁਧਿਆਣਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਉੱਥੇ ਵੀ ਲੜਕੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸਚਾਈ ਇਹ ਹੈ ਕਿ ਫਿਰੋਜ਼ਪੁਰ ਵਿੱਚ ਲਾੜੀ ਦੀ ਵਿਦਾਈ ਦੌਰਾਨ ਗੋਲੀ ਲਾੜੀ ਦੇ ਭਰਾ ਤੋਂ ਚੱਲੀ ਸੀ। ਇਸ ਮਾਮਲੇ ਦੌਰਾਨ ਪੁਲਿਸ ਵੱਲੋਂ ਦੋ ਵਿਅਕਤੀ ਲੜਕੀ ਦੇ ਭਰਾ ਅਤੇ ਪੈਲੇਸ ਮਾਲਕ ਖ਼ਿਲਾਫ ਕੇਸ ਦਰਜ ਕਰ ਲਿਆ ਗਿਆ ਸੀ।
ਫਿਰੋਜ਼ਪੁਰ ਦੇ ਮੈਰਿਜ ਪੈਲੇਸ ਵਿੱਚ ਗੋਲੀ ਚੱਲਣ ਕਾਰਨ ਹੋਈ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਐਸਪੀ ਰਕੇਸ਼ ਯਾਦਵ ਨੇ ਅੱਜ ਜ਼ਿਲ੍ਹੇ ਦੇ ਮੈਰਿਜ ਪੈਲੇਸ ਮਾਲਕਾਂ ਨਾਲ ਬਚਤ ਭਵਨ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਹੈ। ਐਸਪੀ ਯਾਦਵ ਨੇ ਕਿਹਾ ਕਿ ਵਿਆਹ ਸ਼ਾਦੀ ਜਾਂ ਹੋਰ ਕਿਸੇ ਸਮਾਗਮ ਵਾਸਤੇ ਮੈਰਿਜ ਪੈਲੇਸ ਵਿੱਚ ਅਸਲਾ ਲੈ ਕੇ ਆਉਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ
ਇਸ ਮੌਕੇ ਗੱਲਬਾਤ ਕਰਦੇ ਹੋਏ ਐਸਪੀ ਯਾਦਵ ਨੇ ਕਿਹਾ ਕਿ ਵਿਆਹ ਸ਼ਾਦੀ ਜਾਂ ਹੋਰ ਕਿਸੇ ਸਮਾਗਮ ਵਾਸਤੇ ਮੈਰਿਜ ਪੈਲੇਸ ਵਿੱਚ ਅਸਲਾ ਲੈ ਕੇ ਆਉਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਕਿਉਂਕਿ ਇਹ ਸਮਾਗਮ ਖੁਸ਼ੀ ਦੇ ਸਮਾਗਮ ਹੁੰਦੇ ਹਨ ਅਤੇ ਇਨ੍ਹਾਂ ਸਮਾਗਮਾਂ ਵਿੱਚ ਹਥਿਆਰਾਂ ਦੀ ਕੋਈ ਲੋੜ ਨਹੀਂ ਹੁੰਦੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪ੍ਰੰਤੂ ਫੇਰ ਵੀ ਜੇਕਰ ਕੋਈ ਅਸਲਾ ਲਾਇਸੰਸ ਧਾਰਕ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੈਰਿਜ ਪੈਲੇਸ ਬੁੱਕ ਕਰਵਾਉਣ ਵਾਲੇ ਵਿਰੁੱਧ ਕਾਨੂੰਨੀ
ਐਸਪੀ ਯਾਦਵ ਨੇ ਦੱਸਿਆ ਕਿ ਮੈਰਿਜ ਪੈਲੇਸ ਬੁੱਕ ਕਰਾਉਣ ਵਾਲੇ ਵਿਅਕਤੀਆਂ ਵੱਲੋਂ ਮੈਰਿਜ ਪੈਲੇਸ ਮਾਲਕ ਨੂੰ ਬੁਕਿੰਗ ਸਮੇਂ ਇੱਕ ਫਾਰਮ ਉੱਤੇ ਦਸਤਖ਼ਤ ਕਰਕੇ ਦੇਣੇ ਪੈਣਗੇ। ਜਿਸ ਵਿੱਚ ਬੁਕਿੰਗ ਕਰਾਉਣ ਵਾਲੇ ਵਿਅਕਤੀ ਵੱਲੋਂ ਇਹ ਲਿਖਿਆ ਜਾਵੇਗਾ ਕਿ ਉਨ੍ਹਾਂ ਦੇ ਸਮਾਗਮ ਵਿੱਚ ਕੋਈ ਵਿਅਕਤੀ ਹਥਿਆਰ ਲੈ ਕੇ ਨਹੀਂ ਆਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਕਿਸੇ ਸਮਾਗਮ ਵਿੱਚ ਕੋਈ ਵਿਅਕਤੀ ਹਥਿਆਰ ਲੈ ਕੇ ਆਉਂਦਾ ਹੈ ਤਾਂ ਮੈਰਿਜ ਪੈਲੇਸ ਬੁੱਕ ਕਰਵਾਉਣ ਵਾਲੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੈਰਿਜ ਪੈਲੇਸ ਮਾਲਕਾਂ ਨੂੰ ਕਿਹਾ ਕਿ ਜੇਕਰ ਫਿਰ ਵੀ ਕੋਈ ਵਿਅਕਤੀ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਸਬੰਧੀ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
ਹੁਕਮਾਂ ਦੀ ਉਲੰਘਣਾ
ਯਾਦਵ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਿਆਹ ਸ਼ਾਦੀ ਵਰਗੇ ਸਮਾਗਮਾਂ ਵਿੱਚ ਦਿਖਾਵੇ ਦੇ ਤੌਰ 'ਤੇ ਹਥਿਆਰ ਨਾ ਲੈ ਕੇ ਆਉਣ ਕਿਉਂਕਿ ਕਈ ਵਾਰ ਕੀਤੀ ਗਈ ਕਿਸੇ ਗਲਤੀ ਦੇ ਨਤੀਜੇ ਬਹੁਤ ਭਿਆਨਕ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਨੂੰ ਖੁਸ਼ੀਆਂ ਭਰੇ ਮਾਹੌਲ ਵਿੱਚ ਹੀ ਮਨਾਉਣਾ ਚਾਹੀਦਾ ਹੈ ਅਤੇ ਜਿੱਥੇ ਖੁਸ਼ੀਆਂ ਦਾ ਮਾਹੌਲ ਹੋਵੇ ਉੱਥੇ ਹਥਿਆਰਾਂ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਅਸਲਾ ਲਾਇਸੰਸ ਧਾਰਕ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਦਾ ਲਾਇਸੰਸ ਰੱਦ ਕੀਤਾ ਜਾਵੇਗਾ।