ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਨਾਂ ਭਾਜਪਾ ਦੇ ਲੋਕ ਸਭਾ ਚੋਣਾਂ ਲੜੀਆਂ ਜਾਣੀਆਂ ਹਨ। ਅਕਾਲੀ ਦਲ ਦੇ ਕਈ ਸੀਨੀਅਰ ਲੀਡਰ ਚੋਣਾਂ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਇੱਥੋਂ ਤੱਕ ਕਿ ਸੁਖਬੀਰ ਬਾਦਲ ਨੇ ਵੀ ਲੋਕ ਸਭਾ ਚੋਣ ਦੇ ਵਿੱਚ ਹਿੱਸਾ ਲੈਣ ਤੋਂ ਕਿਨਾਰਾ ਕਰ ਲਿਆ ਹੈ ਜਿਸ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਸੁਖਦੇਵ ਢੀਂਡਸਾ, ਪਰਮਿੰਦਰ ਢੀਂਡਸਾ, ਬੀਬੀ ਜਗੀਰ ਕੌਰ ਅਤੇ ਹੁਣ ਅਕਾਲੀ ਦਲ ਦੇ ਸਾਬਕਾ ਮੰਤਰੀ ਰਹਿ ਚੁੱਕੇ ਟਕਸਾਲੀ ਆਗੂ ਜਗਦੀਸ਼ ਗਰਚਾ ਨੂੰ ਮਨਾਉਣ ਲਈ ਵੀਰਵਾਰ ਨੂੰ ਸੁਖਬੀਰ ਬਾਦਲ ਉਨ੍ਹਾਂ ਦੀ ਰਿਹਾਇਸ਼ ਉੱਤੇ ਪੁੱਜੇ।
ਹਾਲਾਂਕਿ, ਅਕਾਲੀ ਦਲ ਸੰਯੁਕਤ ਦੇ ਮੁੱਖ ਆਗੂ ਸੁਖਦੇਵ ਢਿੰਡਸਾ ਤੇ ਪਰਮਿੰਦਰ ਢੀਡਸਾ ਪਹਿਲਾਂ ਹੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ। ਹੁਣ ਪੁਰਾਣੇ ਟਕਸਾਲੀ ਆਗੂਆਂ ਨੂੰ ਮਨਾਉਣ ਦੇ ਲਈ ਸੁਖਬੀਰ ਬਾਦਲ ਵੱਲੋਂ ਮੁਹਿੰਮ ਚਲਾਈ ਗਈ ਹੈ। ਸੁਖਬੀਰ ਬਾਦਲ ਇਹ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਉਹ ਆਪਣੇ ਪੁਰਾਣੇ ਲੀਡਰਾਂ ਉੱਤੇ ਹੀ ਲੋਕ ਸਭਾ ਚੋਣਾਂ ਦੇ ਵਿੱਚ ਵਿਸ਼ਵਾਸ ਜਿਤਾਉਣਗੇ।
ਚੋਣ ਲੜਨ ਤੋਂ ਇਨਕਾਰ: ਅਕਾਲੀ ਦਲ ਦੇ ਦੋ ਲੀਡਰ ਪਹਿਲਾਂ ਹੀ ਚੋਣ ਲੜਨ ਤੋਂ ਸਾਫ ਇਨਕਾਰ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਸੁਰਜੀਤ ਸਿੰਘ ਰੱਖੜਾ ਅਤੇ ਵਿਪਨ ਕਾਕਾ ਸੂਦ ਸ਼ਾਮਿਲ ਹੈ। ਵਿਪਨ ਕਾਕਾ ਸੂਦ ਨੂੰ ਇੱਕ ਸਾਲ ਪਹਿਲਾਂ ਸੁਖਬੀਰ ਬਾਦਲ ਨੇ ਖੁਦ ਲੁਧਿਆਣਾ ਤੋ ਲੋਕ ਸਭਾ ਚੋਣਾਂ ਵਿੱਚ ਖੜ੍ਹਾ ਕਰਨ ਲਈ ਥਾਪੜਾ ਦਿੱਤਾ ਸੀ, ਪਰ ਭਾਜਪਾ ਤੇ ਅਕਾਲੀ ਦਲ ਦਾ ਗੜਜੋੜ ਟੁੱਟਣ ਤੋਂ ਬਾਅਦ ਵਿਪਿਨ ਕਾਕਾ ਸੂਦ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਉਨ੍ਹਾਂ ਕਿਹਾ ਹੈ ਕਿ ਕਿਸੇ ਘਰੇਲੂ ਕਾਰਨਾਂ ਕਰਕੇ ਉਹ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੇ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਮਲ ਚੇਤਲੀ ਨੇ ਕਿਹਾ ਕਿ ਵਿਪਿਨ ਕਾਕਾ ਸੂਦ ਘਰੇਲੂ ਕਾਰਨਾ ਕਰਕੇ ਚੋਣ ਲੜਨ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਅਕਾਲੀ ਦਲ ਜਿਸ ਕਿਸੇ ਉਮੀਦਵਾਰ ਨੂੰ ਚੋਣ ਚ ਖੜਾ ਕਰੇਗੀ ਉਸ ਨੂੰ ਸਮਰਥਨ ਦੇਣਗੇ। ਕਮਲ ਚੇਤਲੀ ਨੇ ਕਿਹਾ ਕਿ ਅਕਾਲੀ ਦਲ ਤਕੜਾ ਹੋ ਕੇ ਪੰਜਾਬ ਦੀ ਲੋਕ ਸਭਾ ਚੋਣ ਲੜੇਗਾ ਤੇ 13 ਦੀਆਂ 13 ਸੀਟਾਂ ਤੇ ਕਬਜ਼ਾ ਕਰੇਗਾ। ਹਾਲਾਂਕਿ, ਇਸ ਤੋਂ ਪਹਿਲਾਂ ਸੁਰਜੀਤ ਸਿੰਘ ਰੱਖੜਾ ਜੋ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕੈਬਨਟ ਮੰਤਰੀ ਰਹਿ ਚੁੱਕੇ ਹਨ, ਉਨ੍ਹਾਂ ਨੇ ਵੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
ਭਾਜਪਾ ਅਤੇ ਬਸਪਾ ਗਠਜੋੜ ਟੁੱਟਿਆ: ਅਕਾਲੀ ਦਲ ਦਾ ਬਸਪਾ ਦੇ ਨਾਲ ਅਤੇ ਭਾਜਪਾ ਦੇ ਨਾਲ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਗਠਜੋੜ ਟੁੱਟ ਚੁੱਕਾ ਹੈ। ਬਸਪਾ ਨੇ ਇਹ ਕਹਿ ਕੇ ਅਕਾਲੀ ਦਲ ਦੇ ਨਾਲ ਗਠਜੋੜ ਤੋੜ ਲਿਆ ਸੀ ਕਿ ਉਹਨਾਂ ਦਾ ਗਠਜੋੜ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਨਾਲ ਹੋਣ ਜਾ ਰਿਹਾ ਹੈ, ਪਰ ਭਾਜਪਾ ਨੇ ਵੀ ਆਖਰ ਮੌਕੇ ਤੇ ਇਕੱਲਿਆ ਹੀ ਪੰਜਾਬ ਦੀਆਂ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਜਿਸ ਨੂੰ ਲੈ ਕੇ ਅੱਜ ਸੁਖਬੀਰ ਬਾਦਲ ਨੇ ਕਿਹਾ ਕਿ ਨੈਸ਼ਨਲ ਪਾਰਟੀਆਂ ਨੂੰ ਲੀਡਰਾਂ ਦੀ ਕਦਰ ਬਾਰੇ ਪਤਾ ਹੀ ਨਹੀਂ ਹੈ ਉਹਨਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਕੈਪਟਨ ਨੂੰ ਲਿਆ ਅਤੇ ਫਿਰ ਰਵਨੀਤ ਬਿੱਟੂ ਨੂੰ ਲਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਲੋਕਲ ਲੀਡਰਸ਼ਿਪ ਤੋਂ ਵੀ ਨਹੀਂ ਪੁੱਛਦੇ ਕਿ ਪੰਜਾਬ ਦੇ ਵਿੱਚ ਉਸ ਦੀ ਕਦਰ ਕੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀਆਂ ਜਮਾਨਤਾਂ ਲੋਕ ਸਭਾ ਚੋਣਾਂ ਦੇ ਵਿੱਚ ਜਬਤ ਹੋ ਜਾਣਗੀਆਂ। ਹਾਲਾਂਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਨੇ ਸਾਫ ਕਹਿ ਦਿੱਤਾ ਸੀ ਕਿ ਉਹ ਪੰਜਾਬ ਦੀਆਂ 13 ਸੀਟਾਂ ਦੇ ਇਕੱਲੇ ਅਸੀਂ ਚੋਣਾਂ ਲੜਨਗੇ। ਉਧਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਵੱਖਰੇ ਚੋਣਾਂ ਪੰਜਾਬ ਦੇ ਵਿੱਚ ਲੜ ਰਹੇ ਨੇ। ਹਾਲਾਂਕਿ ਸੁਖਬੀਰ ਬਾਦਲ ਨੇ ਇਹ ਜਰੂਰ ਕਿਹਾ ਕਿ ਇਹ ਦੋਵੇਂ ਅੰਦਰ ਖਾਤੇ ਇਕੱਠੇ ਹੀ ਹਨ ਅਤੇ ਜਿਹੜੀਆਂ ਸੀਟਾਂ ਬਚ ਗਈਆਂ ਹਨ ਉਸ ਤੇ ਇਸੇ ਕਰਕੇ ਉਮੀਦਵਾਰ ਦਾ ਐਲਾਨ ਨਹੀਂ ਕਰ ਰਹੇ ਕਿਉਂਕਿ, ਇਨ੍ਹਾਂ ਨੇ ਰਲ ਮਿਲ ਕੇ ਉੱਥੇ ਇਲੈਕਸ਼ਨ ਲੜਨੀ ਹੈ।
ਅਕਾਲੀ ਦਲ ਦੇ ਆਂਕੜੇ: ਜੇਕਰ ਕੱਲ ਸਾਲ 2017 ਤੋਂ ਬਾਅਦ ਦੀਆਂ ਚੋਣਾਂ ਦੀ ਕੀਤੀ ਜਾਵੇ, ਤਾਂ ਅਕਾਲੀ ਦਲ ਨੂੰ ਪੰਜਾਬ ਵਿੱਚ ਕੋਈ ਬਹੁਤਾ ਚੰਗਾ ਸਮਰਥਨ ਨਹੀਂ ਮਿਲ ਪਾਇਆ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿੱਚ ਅਕਾਲੀ ਦਲ 2012 ਤੋਂ 2017 ਤੱਕ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ਵਿਰੋਧੀ ਧਿਰ ਵਜੋਂ ਵੀ 2017 ਵਿੱਚ ਸੀਟਾਂ ਨਹੀਂ ਪ੍ਰਾਪਤ ਕਰ ਸਕਿਆ। ਆਮ ਆਦਮੀ ਪਾਰਟੀ 2017 ਦੇ ਵਿੱਚ ਵਿਰੋਧੀ ਪਾਰਟੀ ਬਣੀ। ਅਕਾਲੀ ਦਲ ਤੋਂ ਜਿਆਦਾ ਆਮ ਆਦਮੀ ਪਾਰਟੀ ਨੂੰ ਸੀਟਾਂ ਮਿਲੀਆਂ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਨੂੰ ਮਹਿਜ਼ 3 ਸੀਟਾਂ ਮਿਲ ਸਕੀਆਂ। ਹਾਲਾਂਕਿ 2017 ਵਿੱਚ ਅਕਾਲੀ ਦਲ 15 ਵਿਧਾਨ ਸਭਾ ਹਲਕੇ ਤੋਂ ਜਿੱਤ ਪ੍ਰਾਪਤ ਹੋਈ ਸੀ। ਰਿਵਾਇਤੀ ਪਾਰਟੀ ਹੋਣ ਕਰਕੇ ਅਕਾਲੀ ਦਲ ਨਾ ਸਿਰਫ ਲੋਕ ਸਭਾ ਚੋਣਾਂ ਦੇ ਵਿੱਚ, ਸਗੋਂ ਵਿਧਾਨ ਸਭਾ ਚੋਣਾਂ ਵਿੱਚ ਵੀ ਗਠਜੋੜ ਦੇ ਨਾਲ ਲੜਦੀ ਰਹੀ ਹੈ ਪਿਛਲੇ 28 ਸਾਲ ਤੋਂ ਭਾਜਪਾ ਦੇ ਨਾਲ ਅਕਾਲੀ ਦਲ ਦਾ ਗਠਜੋੜ ਚੱਲ ਰਿਹਾ ਸੀ, ਪਰ ਕਿਸਾਨ ਅੰਦੋਲਨ ਦੇ ਦੌਰਾਨ ਅਕਾਲੀ ਦਲ ਨੇ ਭਾਜਪਾ ਦੇ ਨਾਲ ਆਪਣਾ ਸਾਲਾਂ ਪੁਰਾਣਾ ਗਠਜੋੜ ਤੋੜ ਲਿਆ ਸੀ।