ਚੰਡੀਗੜ੍ਹ: ਲੋਕ ਸਭਾ ਚੋਣਾਂ ਨੂੰ ਲੈਕੇ ਜਿਥੇ ਬਾਕੀ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ ਤਾਂ ਉਥੇ ਹੀ ਪੰਜਾਬ ਦੀ ਪੰਥਕ ਪਾਰਟੀ ਕਹੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਆਪਣੇ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਸੂਚੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦਾਸਪੁਰ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਫਰੀਦਕੋਟ, ਸੰਗਰੂਰ ਅਤੇ ਪਟਿਆਲਾ ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ ਡਾ. ਦਲਜੀਤ ਸਿੰਘ ਵਲੋਂ ਦਿੱਤੀ ਗਈ ਹੈ।
ਪਹਿਲੀ ਸੂਚੀ 'ਚ ਸੱਤ ਉਮੀਦਵਾਰਾਂ ਦਾ ਐਲਾਨ: ਡਾ. ਦਲਜੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਐਕਸ 'ਤੇ ਲਿਖਿਆ ਕਿ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2024 ਦੀਆਂ ਸੰਸਦੀ ਚੋਣਾਂ ਲਈ ਉਮੀਦਵਾਰਾਂ ਵਜੋਂ ਪਾਰਟੀ ਦੇ 7 ਸੀਨੀਅਰ ਆਗੂਆਂ ਦੀ ਸੂਚੀ ਦਾ ਐਲਾਨ ਕੀਤਾ ਹੈ। ‘ਖਾਲਸਾ ਸਿਰਜਣਾ ਦਿਵਸ’ ਦੇ ਇਤਿਹਾਸਕ ਅਤੇ ਪਵਿੱਤਰ ਦਿਹਾੜੇ ਨੂੰ ਚੋਣ ਬਿਗਲ ਵਜਾਉਣ ਲਈ ਸਭ ਤੋਂ ਢੁਕਵੇਂ ਦਿਨ ਵਜੋਂ ਚੁਣਦੇ ਹੋਏ ਉਨ੍ਹਾਂ ਨੇ ਪਹਿਲੀ ਸੂਚੀ ਜਾਰੀ ਕੀਤੀ।
ਇੰਨ੍ਹਾਂ ਚੋਣ ਮੈਦਾਨ 'ਚ ਉਤਾਰਿਆ: ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦਾਸਪੁਰ ਤੋਂ ਡਾ ਦਲਜੀਤ ਸਿੰਘ ਚੀਮਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ, ਜਦਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਐਨ ਕੇ ਸ਼ਰਮਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ, ਸ੍ਰੀ ਫਤਹਿਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਫਰੀਦਕੋਟ ਤੋਂ ਸਵਰਗੀ ਗੁਰਦੇਵ ਸਿੰਘ ਬਾਦਲ ਦੇ ਪੋਤੇ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਉਮੀਦਵਾਰ ਐਲਾਨਿਆ ਹੈ।
ਬਠਿੰਡਾ ਸੀਟ ਨੇ ਨਹੀਂ ਖੋਲ੍ਹੇ ਹਾਲੇ ਪੱਤੇ: ਬਠਿੰਡਾ ਲੋਕ ਸਭਾ ਸੀਟ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹੋਲਡ 'ਤੇ ਰੱਖਿਆ ਹੋਇਆ ਹੈ। ਹਾਲੇ ਇਸ ਸੀਟ 'ਤੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ, ਜਦਕਿ ਹਰਸਿਮਰਤ ਕੌਰ ਬਾਦਲ ਇੱਥੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ। ਪਹਿਲੀ ਸੂਚੀ ਵਿੱਚ ਹਰਸਿਮਰਤ ਕੌਰ ਬਾਦਲ ਦਾ ਨਾਂ ਤੈਅ ਮੰਨਿਆ ਜਾ ਰਿਹਾ ਸੀ। ਹਾਲਾਂਕਿ ਪਾਰਟੀ ਨੇ ਅਜੇ ਉਨ੍ਹਾਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ।
ਫ਼ਿਰੋਜ਼ਪੁਰ ਸੀਟ 'ਤੇ ਵੀ ਸਸਪੈਂਸ ਬਰਕਰਾਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਸਮੇਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਪਹਿਲੀ ਸੂਚੀ ਵਿੱਚ ਵੀ ਫ਼ਿਰੋਜ਼ਪੁਰ ਸੀਟ ਲਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਚਰਚਾ ਹੈ ਕਿ ਪਾਰਟੀ ਇੱਥੇ ਕੋਈ ਹੋਰ ਚਿਹਰਾ ਉਤਾਰ ਸਕਦੀ ਹੈ, ਕਿਉਂਕਿ ਪਿਛਲੇ ਦਿਨੀਂ ਸੁਖਬੀਰ ਬਾਦਲ ਨੇ ਖੁਦ ਐਲਾਨ ਕੀਤਾ ਸੀ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਜਿਸ ਤੋਂ ਸੰਭਾਵਿਕ ਹੈ ਕਿ ਪਾਰਟੀ ਇਥੇ ਨਵੇਂ ਚਿਹਰੇ ਨੂੰ ਮੌਕਾ ਦੇਵੇਗੀ।
- ਖਾਲਸਾ ਪੰਥ ਸਾਜਨਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਜਾਰੀ ਕੀਤਾ ਸੰਦੇਸ਼ - Khalsa Panth Sajna DIVAS
- ਸ਼ਹੀਦ ਪੁੱਤਰ ਨੂੰ ਯਾਦ ਕਰ ਅੱਜ ਵੀ ਭੁੱਬਾਂ ਮਾਰਦੈ ਪਰਿਵਾਰ, ਵਰਦੀ ਵੇਖ ਮਾਂ ਦੇ ਵਹਿ ਗਏ ਅੱਥਰੂ - Shaheed Resham Singh
- ਮੁਹਾਲੀ ਪੁਲਿਸ ਦੇ SHO 'ਤੇ ਜਾਨਲੇਵਾ ਹਮਲਾ, ਬੁਲੇਟਪਰੂਫ ਸਕਾਰਪੀਓ ਕਾਰਨ ਬਚੀ ਜਾਨ - Attack on Mohali SHO Gabbar Singh