ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਅਦਾਰੇ ਬੰਦ ਰਹਿਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਇਹ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੀ 30 ਦਸੰਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵੀ 31 ਦਸੰਬਰ ’ਤੇ ਕਰ ਦਿੱਤੀ ਸੀ। ਐਡਵੋਕੇਟ ਸਿੰਘ ਧਾਮੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਹਠੀ ਰਵੱਈਆ ਛੱਡ ਕੇ ਤਰਜੀਹੀ ਪੱਧਰ ਉੱਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ।
30 ਦਸੰਬਰ ਨੂੰ ਪੰਜਾਬ ਬੰਦ
ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 30 ਦਸੰਬਰ ਨੂੰ ਪੰਜਾਬ ਬੰਦ ਰਹੇਗਾ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਇਹ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਲਾਗੂ ਰਹੇਗਾ। ਇਸ ਕਾਰਨ ਸੜਕੀ ਅਤੇ ਰੇਲ ਆਵਾਜਾਈ ਠੱਪ ਹੋਣ ਦਾ ਖਦਸ਼ਾ ਹੈ, ਜਿਸ ਦਾ ਸਿੱਧਾ ਅਸਰ ਸੂਬੇ ਦੇ ਆਮ ਲੋਕਾਂ 'ਤੇ ਪੈ ਸਕਦਾ ਹੈ ਅਤੇ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਹੀਂ ਮਿਲਣਗੀਆਂ ਦੁੱਧ ਤੇ ਸਬਜ਼ੀਆਂ
ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ 30 ਦਸੰਬਰ ਦੀ ਸਵੇਰ ਨੂੰ ਦੁੱਧ ਦੀ ਸਪਲਾਈ ਬੰਦ ਰਹੇਗੀ ਅਤੇ ਸਬਜ਼ੀ ਮੰਡੀਆਂ ਸ਼ਾਮ 4 ਵਜੇ ਤੋਂ ਬਾਅਦ ਹੀ ਖੁੱਲ੍ਹਣਗੀਆਂ। ਇਸ ਦਾ ਮਤਲਬ ਹੈ ਕਿ 30 ਦਸੰਬਰ ਸ਼ਾਮ 4 ਵਜੇ ਤੱਕ ਦੁੱਧ, ਫਲ ਅਤੇ ਸਬਜ਼ੀਆਂ ਦੀ ਸਪਲਾਈ ਨਹੀਂ ਹੋਵੇਗੀ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਆਮ ਆਦਮੀ 'ਤੇ ਪੈ ਰਿਹਾ ਹੈ। ਇਸ ਦੌਰਾਨ ਵਪਾਰਕ, ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨਾਲ ਕੇਐਮਐਮ ਅਤੇ ਐਸਕੇਐਮ-ਐਨਪੀ ਆਗੂਆਂ ਨੇ ਪੰਜਾਬ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
4 ਜਨਵਰੀ ਨੂੰ ਖਨੌਰੀ ਸਰਹੱਦ ਵਿਖੇ ਕਿਸਾਨ ਮਹਾਂਪੰਚਾਇਤ
4 ਜਨਵਰੀ ਨੂੰ ਖਨੌਰੀ ਸਰਹੱਦ ਵਿਖੇ ਵਿਸ਼ਾਲ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ। ਕਿਸਾਨ ਆਗੂਆਂ ਅਭਿਮਨਿਊ ਕੋਹਾੜ, ਕਾਕਾ ਸਿੰਘ ਕੋਟੜਾ ਨੇ 4 ਜਨਵਰੀ ਨੂੰ ਖਨੌਰੀ ਸਰਹੱਦ ਵਿਖੇ ਕਿਸਾਨ ਮਹਾਂਪੰਚਾਇਤ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਇੱਛਾ 'ਤੇ ਇਹ ਮਹਾਪੰਚਾਇਤ ਕਰਵਾਈ ਜਾ ਰਹੀ ਹੈ, ਕਿਉਂਕਿ ਉਹ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਹਨ। ਡੱਲੇਵਾਲ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਛੇੜਨਾ ਚਾਹੁੰਦੇ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮਹਾਂਪੰਚਾਇਤ ਵਿੱਚ ਪੰਜਾਬ, ਹਰਿਆਣਾ ਤੋਂ ਇਲਾਵਾ ਯੂਪੀ, ਐਮਪੀ, ਰਾਜਸਥਾਨ ਅਤੇ ਹੋਰ ਕਈ ਰਾਜਾਂ ਦੇ ਕਿਸਾਨ ਭਾਗ ਲੈਣਗੇ। ਖਰਾਬ ਸਿਹਤ ਦੇ ਬਾਵਜੂਦ ਡੱਲੇਵਾਲ ਇਸ ਮਹਾਪੰਚਾਇਤ ਨੂੰ ਸੰਬੋਧਿਤ ਵੀ ਕਰਨਗੇ, ਭਾਵੇਂ ਕੁਝ ਸਮੇਂ ਲਈ ਹੀ ਕਿਉਂ ਨਾ ਹੋਵੇ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਅਤੇ ਹੋਰ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਅੰਦੋਲਨ ਕਰ ਰਹੇ ਹਨ।