ਅੰਮ੍ਰਿਤਸਰ: ਵਿਰਸਾ ਸਿੰਘ ਵਲਟੋਹਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿੱਚ ਲਗਾਤਾਰ ਤਣਾਅ ਵੱਧਦਾ ਜਾ ਰਿਹਾ ਹੈ। ਇੱਕ ਦੂਜੇ ਉੱਪਰ ਦੁਸ਼ਣ ਬਾਜੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇੱਕ ਵਾਰ ਫਿਰ ਤੋਂ ਵਿਰਸਾ ਸਿੰਘ ਵਲਟੋਹਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਵਿੱਚ ਵਿਰਸਾ ਸਿੰਘ ਵਲਟੋਹਾ ਅਰਦਾਸ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਸ ਅਰਦਾਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਖੁਦ ਗੁਰੂ ਦੇ ਅੱਗੇ ਪੇਸ਼ ਹੋ ਕੇ ਉਸ ਦੀ ਸੱਚਾਈ ਸਾਹਮਣੇ ਲਿਆਉਣ ਲਈ ਕਿਹਾ ਜਾ ਰਿਹਾ ਹੈ। ਵਿਰਸਾ ਸਿੰਘ ਵਲਟੋਹਾ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਉੱਤੇ ਬਹੁਤ ਵੱਡੇ-ਵੱਡੇ ਤੰਜ ਕਸ ਚੁੱਕੇ ਹਨ ਅਤੇ ਇੱਕ ਵਾਰ ਫਿਰ ਤੋਂ ਹੁਣ ਉਨ੍ਹਾਂ ਦੀ ਇਹ ਵੀਡੀਓ ਜਨਤਕ ਹੋਣ ਤੋਂ ਬਾਅਦ ਦੁਬਾਰਾ ਤੋਂ ਮੁੱਦਾ ਗਰਮਾ ਚੁੱਕਾ ਹੈ।
16 ਅਕਤੂਬਰ ਨੂੰ ਵਿਰਸਾ ਸਿੰਘ ਵਲਟੋਹਾ ਉੱਪਰ ਇਲਜ਼ਾਮ ਤੈਅ ਕਰਨ ਤੋਂ ਬਾਅਦ 10 ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਲਗਾਤਾਰ ਹੀ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰਾਂ ਉੱਤੇ ਭੜਕਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਵਾਰ-ਵਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਤੰਜ ਕੱਸੇ ਜਾ ਰਹੇ ਹਨ। ਉਸ ਵੇਲੇ ਹੋਈ ਮੀਟਿੰਗ ਦੀ ਵੀਡੀਓ ਵੀ ਵਾਇਰਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਹਰਪ੍ਰੀਤ ਸਿੰਘ ਵੱਲੋਂ ਲਗਾਏ ਇਲਜ਼ਾਮਾਂ 'ਤੇ ਸਪਸ਼ਟੀਕਰਨ ਦਿੰਦੇ ਨਜ਼ਰ ਆਇਆ ਵਲਟੋਹਾ
ਵਿਰਸਾ ਸਿੰਘ ਵਲਟੋਹਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਹਨ। ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਹੋ ਕੇ ਅਰਦਾਸ ਕਰਦਿਆਂ ਹੋਇਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਲਗਾਏ ਗਏ ਇਲਜ਼ਾਮਾਂ ਉੱਪਰ ਆਪਣਾ ਸਪੱਸ਼ਟੀਕਰਨ ਦਿੰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਵੱਲ ਅਤੇ ਉਨ੍ਹਾਂ ਦੀ ਜਾਤ ਬਰਾਦਰੀ ਉੱਤੇ ਕੁ਼ਝ ਵੀ ਬੋਲਿਆ ਹੋਵੇ ਤਾਂ ਗੁਰੂ ਸਾਹਿਬ ਖੁਦ ਇਸ ਦਾ ਨਿਆ ਸਾਹਮਣੇ ਲਿਆਉਣ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਇਸ ਵੀਡੀਓ ਵਿੱਚ ਕਿਹਾ ਕਿ ਉਨ੍ਹਾਂ ਦਾ ਗਿਆਨੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਕੋਈ ਵੀ ਝਗੜਾ ਨਹੀਂ ਹੈ।
ਵਲਟੋਹਾ ਦਾ ਵਾਰ-ਵਾਰ ਹਰਪ੍ਰੀਤ ਸਿੰਘ ਉੱਤੇ ਤੰਜ
ਇੱਥੇ ਦੱਸਣ ਯੋਗ ਹੈ ਕਿ ਜਦੋਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਉੱਪਰ ਬਹੁਤ ਸਾਰੇ ਲੋਕਾਂ ਵੱਲੋਂ ਕਿੰਤੂ-ਪ੍ਰੰਤੂ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਵਿਰਸਾ ਸਿੰਘ ਵਲਟੋਹਾ ਦਾ ਵਾਰ-ਵਾਰ ਗਿਆਨੀ ਹਰਪ੍ਰੀਤ ਸਿੰਘ ਉੱਪਰ ਤੰਜ ਕੱਸਣਾ ਅਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਕੀਤੇ ਗਏ ਸਵਾਲ ਜਵਾਬ ਦੀ ਵੀਡੀਓ ਜਨਤਕ ਕਰਨ ਲਈ ਕਹਿਣਾ ਜਰੂਰ ਕਿਤੇ ਨਾ ਕਿਤੇ ਸਵਾਲ ਖੜੇ ਕਰ ਰਿਹਾ ਹੈ।