ਮੋਗਾ: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 34ਵਾਂ ਦਿਨ ਹੈ। ਉਸ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਸ ਸਬੰਧੀ ਹੁਣ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ।
9 ਜਨਵਰੀ ਨੂੰ ਮੋਗਾ ਵਿੱਚ ਮਹਾਪੰਚਾਇਤ
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਉੱਤੇ ਇੱਕ ਬਹੁਤ ਵੱਡਾ ਇਕੱਠ ਮੋਗੇ ਦੇ ਵਿੱਚ ਕਰ ਰਹੇ ਹਾਂ। ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜ਼ੋਰ ਲਾ ਕੇ ਇਸ ਮਹਾਪੰਚਾਇਤ ਵਿੱਚ ਹਿੱਸਾ ਲਿਆ ਜਾਵੇ ਤਾਂ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਦੇ ਕੰਨ ਖੋਲ ਸਕੀਏ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਸਰਕਾਰਾਂ ਨਜ਼ਰ ਅੰਦਾਜ਼ ਕਰ ਰਹੀਆਂ ਹਨ, ਇਸ ਕਰਕੇ ਅਸੀਂ ਮਹਾਪੰਚਾਇਤ ਕਰ ਰਹੇ ਹਾਂ ਤਾਂ ਜੋ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕੇ।
4 ਜਨਵਰੀ ਨੂੰ ਹਰਿਆਣਾ ਵਿੱਚ ਮਹਾਪੰਚਾਇਤ
ਜੋਗਿੰਦਰ ਸਿੰਘ ਉਗਰਾਹਾਂ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ 27 ਤਰੀਕ ਨੂੰ ਹਰਿਆਣੇ ਦੀਆਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਆ ਜਿਹਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਉੱਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ। ਅਸੀਂ ਸਾਰੇ ਇਹ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਕੈਡਰ ਨੂੰ ਉਥੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜੋ ਗੂੰਗੀ ਬੋਲੀ ਅਤੇ ਅੱਖਾਂ ਉੱਤੇ ਪੱਟੀ ਬੰਨ੍ਹਕੇ ਤਮਾਸ਼ਾ ਦੇਖ ਰਹੀਆਂ ਹਨ ਉਹਨਾਂ ਨੂੰ ਸਬਕ ਸਿਖਾਇਆ ਜਾ ਸਕੇ।
ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਹੜਾ ਨਵਾਂ ਡ੍ਰਾਫਟ ਲੈ ਕੇ ਆਈ ਹੈ, ਉਸ ਉੱਤੇ ਚਰਚਾ ਕਰਨ ਬਹੁਤ ਜ਼ਰੂਰੀ ਹੈ। ਦਿੱਲੀ ਕੂਚ ਕਰ ਰਹੇ ਸਾਥੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ, ਉਹਨਾਂ ਦੇ ਜਮਹੂਰੀ ਹੱਕ ਨੂੰ ਸਰਕਾਰ ਨੇ ਕੁਚਲਿਆ ਹੈ। ਉਗਰਾਹਾਂ ਨੇ ਸਭ ਨੂੰ ਬੇਨਤੀ ਕੀਤੀ ਹੈ ਕਿ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ ਉੱਤੇ ਮੋਗਾ ਵਿੱਚ ਮਹਾਪੰਚਾਇਤ ਕੀਤੀ ਜਾ ਰਹੀ ਹੈ ਸਾਰੇ ਇਸ ਵਿੱਚ ਵਧ ਚੜ੍ਹਕੇ ਹਿੱਸਾ ਲੈਣ।