ਜਲੰਧਰ/ਅੰਮ੍ਰਿਤਸਰ/ਸੰਗਰੂਰ/ ਬਠਿੰਡਾ: ਅੱਜ ਦੇ ਸੰਘਣੇ ਕੋਹਰੇ ਕਾਰਨ ਪੰਜਾਬ ਦੀ ਸੱਜਰੀ ਸਵੇਰ ਨੂੰ ਹਾਦਸਿਆਂ ਦੀ ਸਵੇਰ 'ਚ ਬਦਲ ਦਿੱਤਾ। ਦਰਅਸਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਸੜਕੀ ਹਾਦਸੇ ਵਾਪਰ ਗਏ ਹਨ। ਜਿਨਾਂ ਨੇ ਹੱਸਦੇ ਵੱਸਦੇ ਘਰਾਂ ਵਿੱਚ ਮਾਤਮ ਦਾ ਮਹੌਲ ਪੈਦਾ ਕਰ ਦਿੱਤਾ ਹੈ।
ਜਲੰਧਰ 'ਚ ਬੱਸਾਂ ਦੀ ਹੋਈ ਟੱਕਰ
ਗੱਲ ਕੀਤੀ ਜਾਵੇ ਸ਼ਹਿਰ ਜਲੰਧਰ ਦੀ ਤਾਂ ਤੜਕੇ ਹੀ ਜਲੰਧਰ ਤੋਂ ਲੁਧਿਆਣਾ ਜਾਣ ਵਾਲੀ ਸੜਕ 'ਤੇ ਅੰਬੇਡਕਰ ਚੌਕ ਕੋਲ ਫਲਾਈਓਵਰ 'ਤੇ ਰੋਡਵੇਜ਼ ਦੀ ਬੱਸ ਅਤੇ ਇੱਕ ਪ੍ਰਾਈਵੇਟ ਸਲਿਪਰ ਬੱਸ ਵਿਚਾਲੇ ਹਾਦਸਾ ਵਾਪਰ ਗਿਆ। ਜਿੱਥੇ ਦੋ ਬੱਸਾਂ ਦੀ ਟੱਕਰ ਨੇ ਖਲਬਲੀ ਮਚਾ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਯੂਪੀ ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਇਸ ਦੌਰਾਨ ਸੰਘਣੀ ਧੁੰਦ ਕਾਰਨ ਇੱਕ ਪ੍ਰਾਈਵੇਟ ਬੱਸ ਨਾਲ ਟਕਰਾ ਗਈ। ਹਾਦਸੇ ਕਾਰਨ ਬੱਸ ਹਾਈਵੇਅ ਫਲਾਈਓਵਰ 'ਤੇ ਫਸ ਗਈ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਅੰਮ੍ਰਿਤਸਰ 'ਚ ਭਿਆਨਕ ਸੜਕ ਹਾਦਸਾ
ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਦੇ ਬਾਹਰਵਾਰ ਬੱਬਰੀ ਬਾਈਪਾਸ ਨਾਕੇ 'ਤੇ ਇੱਕ ਵੱਡੀ ਦੁਰਘਟਨਾ ਹੋ ਗਈ। ਜਿਥੇ ਬਾਈਪਾਸ ਦੇ ਮੋੜ 'ਤੇ ਇੱਕ ਕਿੰਨੂਆਂ ਨਾਲ ਭਰਿਆ ਟਰੱਕ ਅਸੰਤੁਲਿਤ ਹੋਣ ਕਾਰਨ ਪਲਟ ਗਿਆ ਤੇ ਕਾਰ 'ਤੇ ਜਾ ਡਿੱਗਿਆ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਜੋ ਜਿਮ ਲਗਾ ਕੇ ਬਟਾਲਾ ਸਾਈਡ ਤੋਂ ਆਪਣੇ ਪਿੰਡ ਘੁਰਾਲਾ ਨੂੰ ਜਾ ਰਹੇ ਸਨ। ਗਨੀਮਤ ਇਹ ਰਹੀ ਕਿ ਟਰੱਕ ਕਾਰ ਦੇ ਪਿਛਲੇ ਪਾਸੇ ਡਿੱਗਿਆ ਜਿਸ ਕਾਰਨ ਕਾਰ ਸਵਾਰ ਨੌਜਵਾਨ ਵਾਲ-ਵਾਲ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉੱਥੇ ਹੀ ਟਰੱਕ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ ਹਨ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਟਰੱਕ ਪਲਟਣ ਤੋਂ ਬਾਅਦ ਟਰੱਕ ਵਿੱਚ ਲੱਦੇ ਗਏ ਕਿੱਨੂੰ ਵੀ ਸੜਕ ਤੇ ਬਿਖਰ ਗਏ।
ਬਠਿੰਡਾ 'ਚ ਟਰੱਕ ਅਤੇ ਕਾਰ ਦੀ ਟੱਕਰ
ਬਠਿੰਡਾ ਵਿਖੇ ਵੀ ਸੰਘਣੀ ਧੁੰਦ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਥੇ ਡੱਬਵਾਲੀ ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਰੁਲਦੂਵਾਲਾ ਦੇ ਨੇੜੇ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ 4 ਲੋਕ ਬੁਰੀ ਜ਼ਖਮੀ ਹੋ ਗਏ। ਜਿਨਾਂ ਨੂੰ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਹਾਲਤ ਗੰਭੀਰ ਦੇਖਦੇ ਹੋਏ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਵਿੱਚ ਜੁਟੀ ਹੈ।
- ਕੇਂਦਰ ਨੂੰ ਪੰਜਾਬ ਸਰਕਾਰ ਦਾ ਵੱਡਾ ਝਟਕਾ, ਮਾਨ ਸਰਕਾਰ ਨੇ ‘ਕੌਮੀ ਖੇਤੀ ਮੰਡੀ ਨੀਤੀ’ ਦਾ ਖਰੜਾ ਕੀਤਾ ਰੱਦ
- ਗੁਮਟਾਲਾ ਪੁਲਿਸ ਚੌਂਕੀ ਬਾਹਰ ਧਮਾਕਾ, ਪੁਲਿਸ ਨੇ ਕਿਹਾ- ਰੇਡੀਏਟਰ ਫੱਟਿਆ, ਇਸ ਵਿਦੇਸ਼ੀ ਅੱਤਵਾਦੀ ਸੰਗਠਨ ਨੇ ਲਈ ਜਿੰਮੇਵਾਰੀ
- ਸੁਪਰੀਮ ਕੋਰਟ 'ਚ ਸੁਣਵਾਈ ਤੋਂ ਪਹਿਲਾਂ ਡੱਲੇਵਾਲ ਦਾ ਭਾਜਪਾ ਨੂੰ ਜਵਾਬ, ਕਿਹਾ- ਜਥੇਦਾਰ ਦੀ ਬਜਾਏ ਪੀਐਮ ਕੋਲ ਜਾਣ ਪੰਜਾਬ ਭਾਜਪਾ ਵਾਲੇ ...
ਸੰਗਰੂਰ 'ਚ ਹਾਦਸਾ, ਇੱਕ ਦੀ ਮੌਤ
ਸੰਗਰੂਰ ਦੇ ਪਿੰਡ ਬਹਾਦਰਪੁਰ ਨਜ਼ਦੀਕ ਪੀਆਰਟੀਸੀ ਦੀ ਬੱਸ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਬੱਸ ਚੰਡੀਗੜ੍ਹ ਤੋਂ ਡੱਬਵਾਲੀ ਵੱਲ ਜਾ ਰਹੀ ਸੀ ਕਿ ਅਚਾਨਕ ਇੱਕ ਟਾਇਲਾਂ ਵਾਲੀ ਫੈਕਟਰੀ ਦੇ ਵਿੱਚੋਂ ਟਰਾਲੀ ਬਾਹਰ ਨਿਕਲ ਆਈ ਅਤੇ ਜ਼ਿਆਦਾ ਧੁੰਦ ਦੇ ਕਾਰਨ ਟਰਾਲੀ ਬੱਸ ਡਰਾਈਵਰ ਨੂੰ ਨਹੀਂ ਨਜ਼ਰ ਨਾ ਆਈ ਅਤੇ ਜ਼ਬਰਦਸਤ ਟੱਕਰ ਹੋਣ ਕਾਰਨਨ ਹਾਦਸਾ ਵਾਪਰ ਗਿਆ। ਬੱਸ ਵਿੱਚ ਮੌਜੂਦ ਸਵਾਰੀਆਂ ਨੇ ਦੱਸਿਆ ਕਿ ਬੱਸ ਦੀ ਸਪੀਡ ਕੋਈ ਜਿਆਦਾ ਤੇਜ਼ ਨਹੀਂ ਸੀ ਪਰ ਅਚਾਨਕ ਸਾਹਮਣੇ ਤੋਂ ਵਾਹਨ ਆਉਣ ਕਾਰਨ ਇਹ ਹਾਦਸਾ ਹੋ ਗਿਆ ਜਿਸ ਵਿੱਚ ਕਡੰਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ।