ਲੁਧਿਆਣਾ: ਕਾਂਗਰਸ ਦੇ 2 ਵਾਰ ਲੋਕ ਸਭਾ ਮੈਂਬਰ ਰਹੇ ਰਵਨੀਤ ਬਿੱਟੂ ਭਾਜਪਾ ਵੱਲੋਂ ਲੁਧਿਆਣਾ ਤੋਂ ਉਮੀਦਵਾਰੀ ਦੀ ਟਿਕਟ ਹਾਸਲ ਕਰਨ ਤੋਂ ਬਾਅਦ ਅੱਜ ਲੁਧਿਆਣਾ ਪਰਤਣਗੇ। ਦੱਸ ਦਈਏ ਕਿ ਸ਼ਤਾਬਦੀ ਰਾਹੀਂ ਉਹ 11 ਵਜੇ ਲੁਧਿਆਣਾ ਰੇਲਵੇ ਸਟੇਸ਼ਨ ਪੁੱਜਣਗੇ, ਜਿੱਥੇ ਭਾਜਪਾ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਆਪਣੇ ਲੁਧਿਆਣਾ ਤੋਂ ਉਮੀਦਵਾਰ ਦਾ ਸਵਾਗਤ ਕੀਤਾ ਜਾਵੇਗਾ। ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਨੂੰ ਭਾਜਪਾ ਦਾ ਵਫਦ ਲੈਣ ਦੇ ਲਈ ਸਟੇਸ਼ਨ ਜਾਵੇਗਾ। ਬੀਤੇ ਦਿਨੀਂ ਰਵਨੀਤ ਬਿੱਟੂ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ, ਜਿਸ ਤੋਂ 2 ਦਿਨ ਬਾਅਦ ਹੀ ਭਾਜਪਾ ਵੱਲੋਂ ਪੰਜਾਬ ਲਈ ਆਪਣੇ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਰਵਨੀਤ ਬਿੱਟੂ ਨੂੰ ਲੁਧਿਆਣਾ ਤੋਂ ਅਪਣਾ ਉਮੀਦਵਾਰ ਬਣਾਇਆ ਸੀ।

ਇਹ ਤਰ੍ਹਾਂ ਰਹੇਗਾ ਰੂਟ: ਰਵਨੀਤ ਬਿੱਟੂ ਸਟੇਸ਼ਨ ਤੋਂ ਆਉਂਣ ਤੋਂ ਬਾਅਦ ਦੁਰਗਾ ਮਾਤਾ ਮੰਦਿਰ ਨਤਮਸਤਕ ਹੋਣਗੇ, ਜਿਸ ਤੋਂ ਬਾਅਦ ਉਹ ਜਗਰਾਓਂ ਪੁਲ ਤੋਂ ਹੁੰਦੇ ਹੋਏ ਵਿਸ਼ਵਕਰਮਾਂ ਚੌਂਕ ਅਤੇ ਫਿਰ ਗਿੱਲ ਰੋਡ ਹੁੰਦੇ ਹੋਏ ਬਾਅਦ ਦੁਪਹਿਰ ਭਾਜਪਾ ਦੇ ਮੁੱਖ ਦਫਤਰ ਨੇੜੇ ਦਾਣਾ ਮੰਡੀ ਪੁੱਜਣਗੇ। ਇਸ ਦੌਰਾਨ 3:30 ਵਜੇ ਦੇ ਕਰੀਬ ਰਵਨੀਤ ਬਿੱਟੂ ਮੀਡੀਆ ਦੇ ਰੂਬਰੂ ਹੋਣਗੇ। ਬਿੱਟੂ ਦੀ ਇਹ ਭਾਜਪਾ ਦੇ ਉਮੀਦਵਾਰ ਬਣਨ ਤੋਂ ਬਾਅਦ ਪਹਿਲੀ ਲੁਧਿਆਣਾ ਚ ਪ੍ਰੈਸ ਕਾਨਫਰੰਸ ਹੋਵੇਗੀ। ਉੱਥੇ ਹੀ ਬੀਤੇ ਦਿਨੀਂ ਰਵਨੀਤ ਬਿੱਟੂ ਦੇ ਸਵਾਗਤ ਲਈ ਪੰਜਾਬ ਸਾਬਕਾ ਪ੍ਰਧਾਨ ਲੁਧਿਆਣਾ ਪੁੱਜੇ ਸਨ ਪਰ ਸੂਤਰਾਂ ਮੁਤਾਬਿਕ ਸਥਾਨਕ ਕੁੱਝ ਆਗੂਆਂ ਦੇ ਵਿਰੋਧ ਤੋਂ ਬਾਅਦ ਸਾਬਕਾ ਪ੍ਰਧਾਨ ਨੇ ਪੀ ਸੀ ਰੱਦ ਕਰ ਦਿੱਤੀ ਸੀ।
ਭਾਜਪਾ ਲਈ ਲੁਧਿਆਣਾ ਤੋਂ ਚੋਣ ਪ੍ਰਚਾਰ: ਅੱਜ ਰਨਵਿਤ ਬਿੱਟੂ ਲੁਧਿਆਣਾ ਆਉਣਗੇ, ਜਿਸ ਤੋਂ ਬਾਅਦ ਉਹ ਭਾਜਪਾ ਲਈ ਲੁਧਿਆਣਾ ਤੋਂ ਚੋਣ ਪ੍ਰਚਾਰ ਵੀ ਕਰਨਗੇ। ਰਵਨੀਤ ਬਿੱਟੂ ਨੂੰ ਲੈਕੇ ਕਾਂਗਰਸੀ ਵਰਕਰਾਂ ਵਿੱਚ ਜਰੂਰ ਰੋਸ ਦੀ ਲਹਿਰ ਸੀ, ਕਾਂਗਰਸ ਦੇ ਲੁਧਿਆਣਾ ਤੋਂ ਆਗੂਆਂ ਨੇ ਇਸ ਦਾ ਕਾਫੀ ਵਿਰੋਧ ਜਤਾਇਆ ਸੀ। ਹਾਲਾਂਕਿ ਰਵਨੀਤ ਬਿੱਟੂ ਨੇ ਕਾਂਗਰਸ ਖਿਲਾਫ ਬਹੁਤਾ ਕੁਝ ਨਾ ਬੋਲਦੇ ਹੋਏ ਚੁੱਪਚਾਪ ਦਿੱਲੀ ਜਾ ਕੇ ਭਾਜਪਾ ਜੋਇਨ ਕਰ ਲਈ ਸੀ। ਅੱਜ ਉਨ੍ਹਾਂ ਦਾ ਲੁਧਿਆਣਾ ਆਉਣ ਤੇ ਭਾਜਪਾ ਵੱਲੋਂ ਸਵਾਗਤ ਕੀਤਾ ਜਾਵੇਗਾ। ਬਿੱਟੂ 3 ਵਾਰ ਕਾਂਗਰਸ ਦੀ ਟਿਕਟ ਤੋਂ ਐਮ ਪੀ ਰਹਿ ਚੁੱਕੇ ਨੇ 1 ਵਾਰ ਸ੍ਰੀ ਅਨੰਦਪੁਰ ਸਾਹਿਬ ਆਏ 2 ਵਾਰ ਲਗਾਤਾਰ ਉਹ ਲੁਧਿਆਣਾ ਤੋਂ ਐਮ ਪੀ ਰਹੇ ਹਨ।