ਅੰਮ੍ਰਿਤਸਰ: ਭਾਜਪਾ ਦੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅੱਜ 28 ਮਾਰਚ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਜਿੱਥੇ ਉਹਨਾਂ ਨੇ ਸੱਚਖੰਡ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ ਭਾਜਪਾ ਦੇ ਰਾਜ ਸਭਾ ਮੈਂਬਰ ਬਣਨ ਦਾ ਮਾਨ ਬਖਸ਼ਿਆ ਹੈ। ਮੇਰੇ ਉਤੇ ਭਰੋਸਾ ਪ੍ਰਗਟ ਕੀਤਾ ਹੈ ਅਤੇ ਮੈਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਤਾਂ ਜੋ ਮੈਂ ਸਿੱਖਿਆ ਦੇ ਖੇਤਰ ਬਾਰੇ ਗੱਲਬਾਤ ਕਰ ਸਕਾਂ।'
ਉਹਨਾਂ ਨੇ ਅੱਗੇ ਕਿਹਾ ਕਿ 'ਮੈਂ ਬਹੁਤ ਹੀ ਸਧਾਰਨ ਘਰ ਤੋਂ ਉੱਠਿਆਂ ਹਾਂ, ਮੈਨੂੰ ਦੇਸ਼ ਦੀ ਸਿੱਖਿਆ ਦੀ ਸੇਵਾ ਕਰਨ ਲਈ ਜੋ ਮੌਕਾ ਮਿਲਿਆ ਹੈ, ਉਸ ਨੂੰ ਲੈ ਕੇ ਮੈਂ ਇੱਥੇ ਮੱਥਾ ਟੇਕਣ ਦੇ ਲਈ ਆਇਆ ਹਾਂ। ਅੱਜ ਮੈਂ ਕੋਈ ਰਾਜਨੀਤੀ ਦੀ ਗੱਲ ਕਰਨ ਨਹੀਂ ਆਇਆ, ਮੈਂ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਅਦਾ ਕਰਨ ਆਇਆ ਹਾਂ ਅਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਆਇਆ ਹਾਂ ਤਾਂ ਕਿ ਮੇਰੇ ਉਤੇ ਕਿਰਪਾ ਕਰਨ ਮੈਂ ਦੇਸ਼ ਅਤੇ ਕੌਮ ਦੇ ਵਾਸਤੇ ਆਪਣਾ ਫਰਜ਼ ਪੂਰਾ ਕਰ ਸਕਾਂ।'
ਨਸ਼ਿਆਂ ਉੱਤੇ ਕੀ ਬੋਲੇ: ਪੰਜਾਬ ਦੀ ਨੌਜਵਾਨੀ ਬਾਰੇ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ 'ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਮੱਥੇ 'ਤੇ ਨਸ਼ਿਆਂ ਦਾ ਬਹੁਤ ਵੱਡਾ ਦਾਗ਼ ਲੱਗਿਆ ਹੈ, ਜਿਸ ਨੂੰ ਖਤਮ ਕਰਨ ਲਈ ਸਾਰਾ ਸਮਾਜ ਚਿੰਤਿਤ ਹੈ। ਉਨ੍ਹਾਂ ਅੱਗੇ ਕਿਹਾ ਕਿ 'ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਬਹੁਤ ਚਿੰਤਿਤ ਹਨ। ਉਹਨਾਂ ਦੀ ਦਿਲੀ ਤਾਮੰਨਾ ਵੀ ਹੈ ਕਿ ਪੰਜਾਬ ਵਿੱਚ ਨਸ਼ਿਆਂ ਵਾਸਤੇ ਇੱਕ ਜਾਗਰੂਕਤਾ ਅਤੇ ਸਮਾਜ ਨੂੰ ਇੱਕਜੁੱਟਤਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ। ਸਾਡੀ ਕੋਸ਼ਿਸ਼ ਹੋਵੇਗੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਕੇ ਇਹਨਾਂ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕਰ ਸਕੀਏ।'