ਲੁਧਿਆਣਾ: ਮੌਸਮ ਵਿਗਿਆਨੀਆਂ ਵੱਲੋਂ ਪਹਿਲਾਂ ਹੀ ਭਵਿੱਖਵਾਣੀ ਕੀਤੀ ਗਈ ਸੀ ਕਿ 19 ਜੂਨ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਬਰਸਾਤ ਅਤੇ ਬੱਦਲਵਾਈ ਹੋ ਸਕਦੀ ਹੈ। ਭਵਿੱਖਬਾਣੀ ਮੁਤਾਬਿਕ ਹੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਨਾਲ ਗਰਮੀ ਦਾ ਪ੍ਰਕੋਪ ਘਟਿਆ ਹੈ।
ਤਾਪਮਾਨ ਵਿੱਚ ਗਿਰਾਵਟ: ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਹਲਕੀ ਬਰਸਾਤ ਤੋਂ ਬਾਅਦ ਪੰਜਾਬ ਭਰ ਵਿੱਚ ਤਾਪਮਾਨ ਵਿੱਚ ਗਿਰਾਵਟ ਆਈ ਹੈ। ਤਕਰੀਬਨ ਤਕਰੀਬਨ 5 .8 ਡਿਗਰੀ ਦੇ ਕਰੀਬ ਤਾਪਮਾਨ ਘਟਿਆ ਹੈ । ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਰਹੇਗੀ। ਇਸ ਦੇ ਇਲਾਵਾ, ਰਾਤ ਦਾ ਤਾਪਮਾਨ ਆਮ ਤਾਪਮਾਨ ਨਾਲੋਂ ਇੱਕ ਡਿਗਰੀ ਘੱਟ ਰਿਕਾਰਡ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਦਿਨ ਦੇ ਤਾਪਮਾਨ ਵਿੱਚ ਵੀ ਕਮੀ ਵੇਖਣ ਨੂੰ ਮਿਲ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ।
ਕਿਸਾਨਾਂ ਸਣੇ ਆਮ ਲੋਕਾਂ ਨੂੰ ਇਹ ਅਪੀਲ: ਮੌਸਮ ਵਿਗਿਆਨੀ ਨੇ ਕਿਹਾ ਕਿ ਗਰਮੀ ਤੋਂ ਰਾਹਤ ਦੇ ਚੱਲਦਿਆਂ ਕਿਸਾਨ ਵੀ ਆਪਣੇ ਕੰਮ ਜਲਦੀ ਨਿਪਟਾ ਸਕਦੇ ਹਨ, ਕਿਉਂਕਿ ਆਉਣ ਵਾਲੇ ਦਿਨਾਂ 23 ਤਰੀਕ ਤੋਂ ਬਾਅਦ ਮੁੜ ਗਰਮੀ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ। ਲੋਕਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਬੇਸ਼ੱਕ ਗਰਮੀ ਦੇ ਪ੍ਰਕੋਪ ਤੋਂ ਰਾਹਤ ਮਿਲੀ ਹੈ, ਪਰ ਨਮੀ ਵਧਣ ਕਾਰਨ ਹੁਣ ਚਿਪਚਿਪੀ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਤਰਲ ਪਦਾਰਥ ਪੀਣੇ ਚਾਹੀਦੇ ਹਨ, ਤਾਂ ਜੋ ਗਰਮੀ ਦੇ ਨਾਲ ਨਾਲ ਹੂਮੀਡਿਟੀ ਤੋਂ ਵੀ ਬਚਿਆ ਜਾ ਸਕੇ। ਉੱਥੇ ਹੀ ਲੋਕਾਂ ਨੇ ਵੀ ਕਿਹਾ ਕਿ ਗਰਮੀ ਤੋਂ ਰਾਹਤ ਮਿਲੀ ਹੈ ਕਿਹਾ ਪਹਿਲਾਂ ਲੂ ਦੇ ਚੱਲਦਿਆਂ ਮੂੰਹ ਸਿਰ ਢੱਕ ਕੇ ਬਾਹਰ ਨਿਕਲਣਾ ਪੈਂਦਾ ਸੀ, ਪਰ ਹੁਣ ਮੌਸਮ ਸੁਹਾਵਣਾ ਹੈ।