ਬਠਿੰਡਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ, ਉੱਥੇ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਦੀਆਂ ਲੋਕ ਸਭਾ ਸੀਟਾਂ ਤੇ ਜਿਨਾਂ ਅੱਠ ਵਿਅਕਤੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉਹਨਾਂ ਵਿੱਚੋਂ ਚਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਟ ਮੰਤਰੀ ਹਨ ਅਤੇ ਇੱਕ ਫਿਲਮੀ ਕਲਾਕਾਰ ਅਤੇ ਦੋ ਕਾਂਗਰਸ ਨੂੰ ਅਲਵਿਦਾ ਆਖ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜਿਨ੍ਹਾਂ ਵਿੱਚੋਂ ਮੌਜੂਦਾ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਲੋਕ ਸਭਾ ਮੈਂਬਰ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ 117 ਸੀਟਾਂ ਵਿੱਚੋਂ 92 ਸੀਟਾਂ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਆਖਰ ਚਾਰ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਕਿਉਂ ਉਤਾਰਿਆ ਗਿਆ। ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਨੇ ਵੱਡਾ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ, ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਧੂਰੀ ਦੇ ਉੱਤੋਂ ਵਿਧਾਇਕ ਚੁਣੇ ਗਏ।
ਸੀਐਮ ਮਾਨ ਦੇ ਐਲਾਨ ਕਿੱਥੇ ਗਏ?: ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਚੰਡੀਗੜ੍ਹ ਤੋਂ ਨਹੀਂ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਚੱਲੇਗੀ। ਦੋ ਸਾਲ ਤੋਂ ਵੱਧ ਦਾ ਕਾਰਜਕਾਲ ਪੂਰਾ ਕਰ ਚੁੱਕੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਇਸ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਲੋਕ ਉਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਵੇਖਦੇ ਹੋਏ 13 ਦੀਆਂ 13 ਸੀਟਾਂ ਤੇ ਬਹੁਮਤ ਦੇਣਗੇ, ਪਰ ਜੇਕਰ ਮੌਜੂਦਾ ਸਮੇਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੇ ਗਏ 8 ਲੋਕ ਸਭਾ ਉਮੀਦਵਾਰਾਂ ਦੀ, ਤਾਂ ਲੋਕਾਂ ਵਿੱਚ ਇਹ ਚਰਚਾ ਹੈ ਕਿ ਆਖਿਰ ਕਿਉਂ ਆਮ ਆਦਮੀ ਪਾਰਟੀ ਨੂੰ ਆਪਣੇ ਚਾਰ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪਿਆ, ਕੀ ਆਮ ਆਦਮੀ ਪਾਰਟੀ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਗਵਾ ਚੁੱਕੀ ਹੈ?
ਆਪ ਦੀ ਉਮੀਦਵਾਰ ਲਿਸਟ ਉੱਤੇ ਉੱਠ ਰਹੇ ਸਵਾਲ: ਆਮ ਆਦਮੀ ਦੀ ਗੱਲ ਕਰਨ ਵਾਲੀ ਆਖਰ ਆਮ ਆਦਮੀ ਪਾਰਟੀ ਨੂੰ ਕੀ ਪੰਜਾਬ ਵਿੱਚ ਲੋਕ ਸਭਾ ਲੜਨ ਲਈ ਉਮੀਦਵਾਰ ਨਹੀਂ ਮਿਲ ਰਹੇ। ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਕਾਂਗਰਸ ਨਾਲ ਗੱਠਜੋੜ ਕਰਕੇ ਲੋਕ ਸਭਾ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਨੇ ਆਖਿਰ ਪੰਜਾਬ ਵਿੱਚ ਕਿਉਂ ਕਾਂਗਰਸ ਨਾਲ ਗੱਠਜੋੜ ਨਹੀਂ ਕੀਤਾ? ਅਸੀਂ ਕਿਉਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਇਹ ਕਈ ਤਰ੍ਹਾਂ ਦੇ ਸਵਾਲ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਸਿਆਸੀ ਵਿਰੋਧੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਅਤੇ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਵਜੋਂ ਐਲਾਨੇ ਗਏ ਕੈਬਨਿਟ ਮੰਤਰੀਆਂ ਤੇ ਸਵਾਲ ਉਠਾਏ ਜਾ ਰਹੇ ਹਨ।
ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆਪ ਸਰਕਾਰ: ਬਠਿੰਡਾ ਤੋਂ ਲਗਾਤਾਰ ਤਿੰਨ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਿਲ ਕਰਨ ਵਾਲੇ ਬਠਿੰਡਾ ਤੋਂ ਐਮਪੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਉੱਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਗੱਲਾਂ ਤੋਂ ਇਲਾਵਾ ਪੰਜਾਬ ਵਿੱਚ ਕੁਝ ਨਹੀਂ ਕੀਤਾ, ਭਾਵੇਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਦਾਅਵਾ ਸੀ ਕਿ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ, ਪਰ ਇੱਥੇ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਕੁਝ ਉਲਟ ਹੋਇਆ ਹੈ। ਦਿੱਲੀ ਵਾਲਿਆਂ ਦੇ ਹੁਕਮ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਦਰੀਆਂ ਵਿਛਾਉਣ ਵਾਲੇ ਲੋਕਾਂ ਨੂੰ ਦਰ ਕਿਨਾਰ ਕਰਦੇ ਹੋਏ, ਉਨਾਂ ਲੋਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜੋ ਪਹਿਲਾਂ ਹੀ ਸੱਤਾ ਦਾ ਨਿੱਘ ਮਾਣ ਰਹੇ ਹਨ। ਆਮ ਆਦਮੀ ਪਾਰਟੀ ਦੇ ਕਹਿਣੇ ਅਤੇ ਕਰਨੀ ਵਿੱਚ ਵੱਡਾ ਅੰਤਰ ਹੈ।
ਆਪ ਦੀ ਕਥਨੀ ਅਤੇ ਕਰਨੀ ਵਿੱਚ ਵੱਡਾ ਫ਼ਰਕ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਬਣਾਏ ਗਏ ਉਮੀਦਵਾਰਾਂ ਨੂੰ ਜਿੱਥੇ ਵਧਾਈਆਂ ਦਿੱਤੀਆਂ, ਉੱਥੇ ਹੀ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਵੱਡਾ ਫ਼ਰਕ ਹੈ। ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਪਹਿਲਾਂ ਉਹ ਆਮ ਲੋਕਾਂ ਨੂੰ ਚੋਣ ਲੜਵਾਏਗੀ ਅਤੇ ਆਮ ਲੋਕਾਂ ਦੀ ਸਹਿਮਤੀ ਨਾਲ ਹੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣਗੇ, ਪਰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਲੋਕਾਂ ਵਿੱਚ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ ਜਿਸ ਕਾਰਨ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹਾਰ ਦਾ ਡਰ ਸਤਾਉਣ ਲੱਗਿਆ। ਇਸੇ ਕਰਕੇ ਕੈਬਨਿਟ ਮੰਤਰੀਆਂ ਨੂੰ ਲੋਕ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਤਾਂ ਜੋ ਆਪਣੀ ਡਿਗਦੀ ਹੋਈ ਸ਼ਾਖ ਨੂੰ ਬਚਾਇਆ ਜਾ ਸਕੇ।
ਲੋਕਾਂ ਨੂੰ ਝੂਠੇ ਸੁਪਨੇ ਦਿਖਾ ਰਹੀ ਆਪ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸਤਾ ਦਾ ਨਿੱਘ ਮਾਨ ਰਹੀ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਦਾ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਸਭਾ ਚੋਣਾਂ ਲੜਾਉਣ ਲਈ ਪੰਜਾਬ ਵਿੱਚੋਂ ਉਨਾਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਅਤੇ ਆਪਣੇ ਹੀ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਪੈ ਰਿਹਾ ਹੈ, ਜਾਂ ਕਾਂਗਰਸ ਤੋਂ ਉਧਾਰੇ ਲੈਣੇ ਪੈ ਰਹੇ ਹਨ। ਆਮ ਆਦਮੀ ਦੀ ਗੱਲ ਕਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕਾਂਗਰਸ ਵਿਚਕਾਰ ਸਮਝੌਤਾ ਹੋਇਆ ਹੈ। ਇਸੇ ਗੁਪਤ ਸਮਝੌਤੇ ਤਹਿਤ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਮੁੜ ਉਮੀਦਵਾਰ ਬਣਾਇਆ ਜਾ ਰਿਹਾ ਹੈ।
ਮਾਹਿਰ ਦੀ ਰਾਏ: ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਉੱਤੇ ਟਿੱਪਣੀ ਕਰਦੇ ਹੋਏ ਸੀਨੀਅਰ ਜਰਨਲਿਸਟ ਸਵਰਨ ਸਿੰਘ ਦਾਨੇਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੋਚੀ ਸਮਝੀ ਰਣਨੀਤੀ ਤਹਿਤ ਕੈਬਨਟ ਮੰਤਰੀਆਂ ਉੱਤੇ ਦਾਅ ਖੇਡਿਆ ਗਿਆ। ਭਾਵੇਂ ਪੰਜਾਬ ਦੇ ਵਿੱਚੋਂ 92 ਵਿਧਾਇਕ ਆਮ ਆਦਮੀ ਪਾਰਟੀ ਦੇ ਹਨ, ਪਰ ਉਨ੍ਹਾਂ ਵਿਧਾਇਕਾਂ ਵਿੱਚੋਂ ਬਹੁਤ ਘੱਟ ਆਮ ਲੋਕਾਂ ਵਿੱਚ ਵਿਚਰੇ ਹਨ। ਕੈਬਨਿਟ ਮੰਤਰੀਆਂ ਹੀ ਲੋਕਾਂ ਵਿੱਚ ਵਿਚਰਦੇ ਹਨ ਅਤੇ ਉਨ੍ਹਾਂ ਦੀ ਇੱਕ ਵੱਖਰੀ ਪਛਾਣ ਹੁੰਦੀ ਹੈ ਅਤੇ ਇਸੇ ਪਛਾਣ ਦਾ ਫਾਇਦਾ ਆਮ ਆਦਮੀ ਪਾਰਟੀ ਉਠਾਉਣਾ ਚਾਹੁੰਦੀ ਹੈ, ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਬਹੁਮਤ ਹਾਸਲ ਕਰ ਸਕੇ, ਪਰ ਇਹ ਬਹੁਤਾ ਸੌਖਾ ਨਹੀਂ ਜਾਪ ਰਿਹਾ, ਕਿਉਂਕਿ ਵਿਰੋਧੀਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਨੂੰ ਕੀਤੇ ਹੋਏ ਵਾਅਦੇ ਯਾਦ ਕਰਾਏ ਜਾ ਰਹੇ ਹਨ।