ਪਟਿਆਲਾ: ਪੰਜਾਬ ਵਿੱਚ ਆਏ ਦਿਨ ਦਿਲ ਕੰਬਾਊ ਘਟਨਾਵਾਂ ਵਾਪਰ ਦੀਆਂ ਰਹਿੰਦੀਆਂ ਹਨ। ਕਈ ਘਟਨਾਵਾਂ ਤਾਂ ਅਜਿਹੀਆਂ ਹੁੰਦੀਆਂ ਹਨ, ਜੋ ਕਈ ਪਰਿਵਾਰਾਂ ਦੀ ਸੁੱਖ-ਸ਼ਾਂਤੀ ਖੋਹ ਲੈਂਦੀਆਂ ਹਨ ਅਤੇ ਪਰਿਵਾਰ ਸਾਰੀ ਜ਼ਿੰਦਗੀ ਰੋਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਹੀ ਤਾਜ਼ਾ ਇੱਕ ਮਾਮਲਾ ਸੁਣਨ ਵਿੱਚ ਆਇਆ ਹੈ, ਜਿਸ ਨੇ ਹਰ ਇੱਕ ਨੂੰ ਸਦਮੇ ਵਿੱਚ ਪਾ ਦਿੱਤਾ ਹੈ।
ਦਰਅਸਲ, ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਵਿੱਚ ਬੀ ਫਾਰਮੇਸੀ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਪਛਾਣ ਸ਼ੁਭਮ ਵਜੋਂ ਹੋਈ ਹੈ, ਜੋ ਹਮੀਰਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸ਼ੁਭਮ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਬੀ ਫਾਰਮੇਸੀ ਦਾ ਵਿਦਿਆਰਥੀ ਸੀ ਅਤੇ ਉਹ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਹੋਸਟਲ ਦੀ ਛੇਵੀਂ ਮੰਜ਼ਿਲ ’ਤੇ ਰਹਿੰਦਾ ਸੀ।
ਮ੍ਰਿਤਕ ਸ਼ੁਭਮ ਦੇ ਮਾਤਾ-ਪਿਤਾ ਅਜੇ ਤੱਕ ਪਟਿਆਲਾ ਨਹੀਂ ਪਹੁੰਚੇ
ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਜਦੋਂ ਉਸ ਦੇ ਹੋਸਟਲ ਦੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਵਾਰਡਨ ਨੇ ਜਾ ਕੇ ਜਾਂਚ ਕੀਤੀ। ਜਿਵੇਂ ਹੀ ਸ਼ੁਭਮ ਨੂੰ ਲਟਕਦਿਆਂ ਦੇਖਿਆ ਗਿਆ ਤਾਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਫਿਲਹਾਲ ਇਸ ਮਾਮਲੇ 'ਚ ਅਰਬਨ ਸਟੇਟ ਥਾਣਾ ਪੁਲਸ ਕਾਰਵਾਈ ਕਰ ਰਹੀ ਹੈ, ਪਰ ਸ਼ੁਭਮ ਦੇ ਮਾਤਾ-ਪਿਤਾ ਅਜੇ ਤੱਕ ਪਟਿਆਲਾ ਨਹੀਂ ਪਹੁੰਚੇ।
ਰੱਸੀ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਥਾਣਾ ਅਰਬਨ ਸਟੇਟ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਦੀ ਉਮਰ 19 ਸਾਲ ਸੀ ਅਤੇ ਉਸ ਨੇ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦਾ ਰਹਿਣ ਵਾਲਾ ਹੈ, ਜਿਸ ਦਾ ਪਰਿਵਾਰ ਅਜੇ ਤੱਕ ਪਟਿਆਲਾ ਨਹੀਂ ਪਹੁੰਚਿਆ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ੁਭਮ ਦੇ ਨਾਲ ਕਮਰੇ ਵਿੱਚ ਇੱਕ ਹੋਰ ਵਿਦਿਆਰਥੀ ਰਹਿੰਦਾ ਸੀ, ਜੋ ਛੁੱਟੀਆਂ ਹੋਣ ਕਾਰਨ ਦੋ ਦਿਨਾਂ ਦਾ ਆਪਣੇ ਘਰ ਗਿਆ ਹੋਇਆ ਸੀ।
ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਦੱਸਿਆ ਕਿ ਖੁਦਕੁਸ਼ੀ ਕਰਨ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਅਤੇ ਨਾ ਹੀ ਕੋਈ ਸੁਸਾਇਡ ਨੋਟ ਵਗੈਰਾ ਮਿਲਿਆ ਹੈ। ਅੱਗੇ ਬੋਲਦਿਆਂ ਉਹਨਾਂ ਦੱਸਿਆ ਕਿ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰ ਨੂੰ ਇਤਲਾਹ ਦਿੱਤੀ ਜਾ ਚੁੱਕੀ ਹੈ, ਪਰ ਅਜੇ ਤੱਕ ਉਸ ਦਾ ਪਰਿਵਾਰ ਪਟਿਆਲਾ ਨਹੀਂ ਪਹੁੰਚਿਆ ਹੈ। ਪਰਿਵਾਰ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਜਾਵੇਗੀ।