ਚੰਡੀਗੜ੍ਹ: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਐਤਵਾਰ ਨੂੰ ਮੌਸਮ ਵਿਭਾਗ ਵਲੋਂ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਅਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਵੱਲੋਂ ਜਾਰੀ ਅਲਰਟ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਗਲੇ 2-3 ਦਿਨਾਂ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਸੂਬੇ 'ਚ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ।
ਪੰਜਾਬ ਦੇ 9 ਜ਼ਿਲ੍ਹਿਆਂ 'ਚ ਅਲਰਟ: ਉਥੇ ਹੀ ਆਈਐਮਡੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 9 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮਾਨਸਾ, ਸੰਗਰੂਰ, ਸ੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਅਤੇ ਤੂਫ਼ਾਨ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਨਸੂਨ ਦੀ ਪੰਜਾਬ 'ਚ ਦਸਤਕ: ਮੌਨਸੂਨ ਨੇ ਦੋ ਦਿਨ ਪਹਿਲਾਂ ਹੀ ਪੰਜਾਬ ਵਿੱਚ ਦਸਤਕ ਦਿੱਤੀ ਹੈ। ਮੌਨਸੂਨ ਨੇ ਇਹ ਦਸਤਕ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਦੇ ਰਸਤੇ ਕੀਤੀ ਪਰ ਦੋ ਦਿਨਾਂ ਤੋਂ ਪੰਜਾਬ ਦੇ ਮੌਨਸੂਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈਐਮਡੀ ਦਾ ਅਨੁਮਾਨ ਹੈ ਕਿ ਇਸ ਸਾਲ ਮੌਨਸੂਨ ਆਮ ਨਾਲੋਂ ਬਿਹਤਰ ਬਾਰਿਸ਼ ਦੇਵੇਗਾ। ਆਉਣ ਵਾਲੇ 2-3 ਦਿਨਾਂ 'ਚ ਮੌਨਸੂਨ ਆਪਣੀ ਸਥਿਤੀ ਬਦਲ ਕੇ ਪੰਜਾਬ ਦੇ ਕੁਝ ਹੋਰ ਸੂਬਿਆਂ 'ਚ ਸਰਗਰਮ ਹੋ ਜਾਵੇਗਾ।
ਜੂਨ 'ਚ ਆਮ ਨਾਲੋਂ ਘੱਟ ਮੀਂਹ: ਆਈਐਮਡੀ ਮੁਤਾਬਕ ਮੌਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ ਪਰ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 1 ਤੋਂ 29 ਜੂਨ ਤੱਕ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ। ਆਮ ਤੌਰ 'ਤੇ ਪੰਜਾਬ 'ਚ ਇਨ੍ਹਾਂ 29 ਦਿਨਾਂ 'ਚ 49.7 ਮਿਲੀਮੀਟਰ ਬਾਰਿਸ਼ ਹੁੰਦੀ ਸੀ ਪਰ ਇਸ ਸਾਲ ਹੁਣ ਤੱਕ ਸਿਰਫ 25.6 ਮਿਲੀਮੀਟਰ ਬਾਰਿਸ਼ ਹੀ ਹੋਈ ਹੈ, ਜੋ ਕਿ ਆਮ ਨਾਲੋਂ 48 ਫੀਸਦੀ ਘੱਟ ਹੈ।
- ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ, ਇਕਲੌਤਾ ਪੁੱਤ ਸੀ ਮ੍ਰਿਤਕ - Death of policeman due to drugs
- ਪਠਾਨਕੋਟ ਦੀ ਲੀਚੀ ਪਹੁੰਚੇਗੀ ਲੰਡਨ, ਜਾਣੋਂ ਪਹਿਲੀ ਵਾਰ ਵਿਦੇਸ਼ ਨਿਰਯਾਤ ਹੋਈ ਲੀਚੀ 'ਚ ਕੀ ਹੈ ਖਾਸ - pathankot litchi exported
- ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪੋਟ ਨਹੀਂ ਸਮਝਣਾ ਚਾਹੀਦਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - Jathedar Giani Harpreet Singh