ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਵੀ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਜਿਵੇਂ ਜਲੰਧਰ, ਲੁਧਿਆਣਾ, ਕਪੂਰਥਲਾ, ਕੋਟਕਪੂਰਾ, ਫਗਵਾੜਾ, ਪਟਿਆਲਾ ਆਦਿ ਵਿੱਚ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਹੈ। ਅੰਮ੍ਰਿਤਸਰ 'ਚ ਰਾਤ 10 ਵਜੇ ਤੋਂ ਬਾਅਦ ਵਿਜ਼ੀਬਿਲਟੀ ਜ਼ੀਰੋ 'ਤੇ ਪਹੁੰਚ ਗਈ ਹੈ। ਹਾਲਾਤ ਇਹ ਹਨ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਾਤ 10 ਵਜੇ ਤੋਂ ਕੋਈ ਵੀ ਫਲਾਈਟ ਲੈਂਡ ਨਹੀਂ ਕਰ ਸਕੀ। ਰਾਤ 10.15 ਵਜੇ ਕੁਆਲਾਲੰਪੁਰ ਤੋਂ ਆਉਣ ਵਾਲੀ ਫਲਾਈਟ ਨੂੰ ਦਿੱਲੀ ਵੱਲ ਮੋੜਨਾ ਪਿਆ। ਅੰਮ੍ਰਿਤਸਰ ਹਵਾਈ ਅੱਡੇ 'ਤੇ ਦੁਪਹਿਰ 12 ਵਜੇ ਤੱਕ ਸਾਰੀਆਂ ਉਡਾਣਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਚੰਡੀਗੜ੍ਹ ਅਤੇ ਪੰਜਾਬ ਲਈ ਅੱਜ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ, ਕਈ ਜ਼ਿਲ੍ਹਿਆਂ ਵਿੱਚ ਧੁੰਦ ਦੇਖਣ ਨੂੰ ਮਿਲ ਸਕਦੀ ਹੈ।
Observed #Minimum #Temperature over #Punjab, #Haryana & #Chandigarh dated 03-01-2025 pic.twitter.com/m3twYGk2Xi
— IMD Chandigarh (@IMD_Chandigarh) January 3, 2025
ਸਭ ਤੋਂ ਵੱਧ ਠੰਢਾ ਰਿਹਾ ਫ਼ਰੀਦਕੋਟ ਤੇ ਅੰਮ੍ਰਿਤਸਰ
ਫ਼ਰੀਦਕੋਟ ਵਿੱਚ ਬੀਤੇ ਦਿਨ 2 ਜਨਵਰੀ ਨੂੰ ਘੱਟ ਤੋਂ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ, ਅੰਮ੍ਰਿਤਸਰ ਵਿੱਚ ਵੀ 5.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਜੇਕਰ ਅੱਜ ਦੀ ਗੱਲ ਕਰੀਏ ਤਾਂ, ਖਬਰ ਲਿਖੇ ਜਾਣ ਤੱਕ, ਗੁਰਦਾਸਪੁਰ ਤੇ ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਕਿਹੜੇ ਜ਼ਿਲ੍ਹਿਆ ਵਿੱਚ ਅਲਰਟ ਜਾਰੀ ?
ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਅਗਲੇ 5 ਦਿਨਾਂ 'ਚ 2 ਤੋਂ 3 ਡਿਗਰੀ ਤੱਕ ਵਧ ਸਕਦਾ ਹੈ। ਈਰਾਨ 'ਚ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਕਰਕੇ ਅਤੇ ਜੰਮੂ-ਕਸ਼ਮੀਰ 'ਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ। ਜਿਸ ਕਾਰਨ ਪੰਜਾਬ ਵਿੱਚ 5-6 ਜਨਵਰੀ ਨੂੰ ਬਰਸਾਤ ਵਾਲੇ ਹਾਲਾਤ ਬਣ ਰਹੇ ਹਨ। ਜਿਸ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
WEATHER WARNING AND RAINFALL MAP #PUNJAB #HARYANA DATED 02-01-2025 pic.twitter.com/hTV6qMNMlb
— IMD Chandigarh (@IMD_Chandigarh) January 2, 2025
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਬਠਿੰਡਾ, ਬਰਨਾਲਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਮਾਨਸਾ ਵਿੱਚ ਸੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਵਿੱਚ ਸਥਿਤੀ ਆਮ ਵਾਂਗ ਰਹੇਗੀ ਅਤੇ ਮੌਸਮ ਵਿਭਾਗ ਨੇ ਕਿਸੇ ਹੋਰ ਜ਼ਿਲ੍ਹੇ ਲਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਚੰਡੀਗੜ੍ਹ ਵਿੱਚ ਵੀ ਮੀਂਹ ਦੇ ਆਸਾਰ ਹਨ।
ਜਾਣੋ ਆਪਣੇ ਸ਼ਹਿਰ ਦਾ ਤਾਪਮਾਨ
- ਚੰਡੀਗੜ੍ਹ ਦਾ ਤਾਪਮਾਨ - ਚੰਡੀਗੜ੍ਹ ਵਿੱਚ ਅਜ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹੇਗਾ।
- ਅੰਮ੍ਰਿਤਸਰ ਦਾ ਤਾਪਮਾਨ - ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਜਲੰਧਰ ਦਾ ਤਾਪਮਾਨ - ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਲੁਧਿਆਣਾ ਦਾ ਤਾਪਮਾਨ - ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਬਠਿੰਡਾ ਦਾ ਤਾਪਮਾਨ - ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹੇਗਾ।
- ਪਟਿਆਲਾ ਦਾ ਤਾਪਮਾਨ - ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
- ਫ਼ਰੀਦਕੋਟ ਦਾ ਤਾਪਮਾਨ - ਫ਼ਰੀਦਕੋਟ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹੇਗਾ।
ਬਠਿੰਡਾ ਵਿੱਚ ਧੁੰਦ ਕਾਰਨ ਵਾਪਰਿਆ ਹਾਦਸਾ
ਬਠਿੰਡਾ ਵਿਖੇ ਡੱਬ ਵਾਲੀ ਰੋਡ ਉੱਤੇ ਪਿੰਡ ਗੁਰੂਸਰ ਸੈਣੇਵਾਲਾ ਨਜ਼ਦੀਕ ਬੱਸ ਅਤੇ ਟਰੱਕ ਵਿੱਚ ਭਿਆਨਕ ਟੱਕਰ ਹੋਈ। ਦੱਸਿਆ ਜਾ ਰਿਹਾ ਕਿ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਹਾਦਸੇ ਵਿੱਚ ਕਰੀਬ 15 ਸਵਾਰੀਆਂ ਜਖਮੀ ਹੋਈਆਂ ਹਨ।