ਚੰਡੀਗੜ੍ਹ: ਭਾਰਤ ਦੇ ਪਹਿਲੇ ਕੱਦਾਵਰ ਸਿੱਖ ਲੀਡਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਵੀਰਵਾਰ ਰਾਤ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਆਖਰੀ ਸਾਹ ਲਏ। ਆਪਣੀ ਨਿਮਰਤਾ ਅਤੇ ਤੀਖਣ ਬੁੱਧੀ ਲਈ ਜਾਣੇ ਜਾਂਦੇ ਡਾ. ਸਿੰਘ ਨੇ ਭਾਰਤ ਦੇ ਸਿਆਸੀ ਅਤੇ ਆਰਥਿਕ ਦ੍ਰਿਸ਼ਟੀਕੋਣ 'ਤੇ ਹਮੇਸ਼ਾ ਆਪਣੀ ਅਮਿੱਟ ਛਾਪ ਛੱਡੀ। ਡਾ. ਮਨਮੋਹਨ ਸਿੰਘ ਦਾ ਪੰਜਾਬ ਪਹਿਲਾ ਪਿਆਰ ਸੀ। ਉਹ ਪੰਜਾਬ ਵਿੱਚ ਜੰਮੇ ਅਤੇ ਪੰਜਾਬ ਦੀ ਧਰਤੀ ਉੱਤੇ ਹੀ ਉਨ੍ਹਾਂ ਸਿੱਖਿਆ ਲਈ। ਪੰਜਾਬ ਦੀ ਧਰਤੀ ਦੀ ਤਾਕਤ ਹੀ ਸੀ ਜੋ ਉਹ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਬਣੇ।
ਅੰਮ੍ਰਿਤਸਰ ਨਾਲ ਉਨ੍ਹਾਂ ਦਾ 'ਭਾਵਨਾਤਮਕ' ਰਿਸ਼ਤਾ
ਡਾ. ਮਨਮੋਹਨ ਸਿੰਘ ਦਾ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਨਾਲ ਵਿਸ਼ੇਸ਼ ਅਤੇ ਭਾਵਨਾਤਮਕ ਰਿਸ਼ਤਾ ਸੀ। ਉਨ੍ਹਾਂ ਦਾ ਜਨਮ 26 ਸਤੰਬਰ, 1932 ਨੂੰ ਗਾਹ ਪਿੰਡ, ਪੰਜਾਬ (ਹੁਣ ਪਾਕਿਸਤਾਨ ਵਿੱਚ) ਵਿੱਚ ਹੋਇਆ। ਜਦੋਂ ਉਹ ਮਹਿਜ਼ 14 ਸਾਲ ਦੇ ਸਨ ਤਾਂ ਦੇਸ਼ ਦਾ ਬਟਵਾਰਾ ਹੋ ਗਿਆ ਤੇ ਪੰਜਾਬ ਦੀ ਵੰਡ ਦਾ ਸਦਮਾ ਹਮੇਸ਼ਾ ਉਨ੍ਹਾਂ ਨੇ ਮਹਿਸੂਸ ਕੀਤਾ। ਛੋਟੇ ਹੁੰਦਿਆਂ ਹੀ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਨੂੰ ਦਾਦੀ ਨੇ ਹੀ ਪਾਲਿਆ।
ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਛੱਡ ਕੇ ਅੰਮ੍ਰਿਤਸਰ ਵਿੱਚ ਵਸ ਗਿਆ ਸੀ। ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਵੀ ਅੰਮ੍ਰਿਤਸਰ ਸ਼ਹਿਰ ਤੋਂ ਹੀ ਹਨ। ਉਨ੍ਹਾਂ ਦੀ ਤਿੰਨ ਧੀਆਂ ਹਨ- ਉਪਿੰਦਰ ਕੌਰ, ਦਮਨ ਕੌਰ ਅਤੇ ਅੰਮ੍ਰਿਤ ਕੌਰ।
ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਅੰਮ੍ਰਿਤਸਰ ਵਿੱਚ ਹੀ ਪੂਰੀ ਕੀਤੀ। 1948 ਵਿੱਚ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਅਰਥ ਸ਼ਾਸਤਰ ਵਿੱਚ ਬੀਏ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਵਿੱਚ ਟਾਪ ਕੀਤਾ ਸੀ। ਤਕਰੀਬਨ ਸੱਤ ਦਹਾਕੇ ਬਾਅਦ ਸਾਲ 2018 ਵਿੱਚ ਹਿੰਦੂ ਕਾਲਜ ਪਹੁੰਚ ਕੇ ਉਨ੍ਹਾਂ ਆਪਣੇ ਪੁਰਾਣੇ ਪਲ ਯਾਦ ਕਰਦਿਆਂ ਕਿਹਾ ਸੀ ਕਿ, "ਇਸ ਕਾਲਜ ਨੇ ਮੈਨੂੰ ਉਹ ਬਣਾਇਆ ਜੋ ਮੈਂ ਅੱਜ ਹਾਂ।"
ਅੰਮ੍ਰਿਤਸਰ ਵਿੱਚ ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚ ਲਗਦੇ ਕਈ ਭੈਣ ਭਰਾ ਹੁਣ ਵੀ ਵਸਦੇ ਹਨ ਜਿਨ੍ਹਾਂ ਵਿੱਚ ਛੇ ਭੈਣਾਂ ਅਤੇ ਤਿੰਨ ਭਰਾ ਸੁਰਿੰਦਰ ਸਿੰਘ ਕੋਹਲੀ, ਸੁਰਜੀਤ ਸਿੰਘ ਕੋਹਲੀ ਅਤੇ ਦਲਜੀਤ ਸਿੰਘ ਕੋਹਲੀ ਹਨ। ਸੁਰਜੀਤ ਅਤੇ ਦਲਜੀਤ ਦੋਵੇਂ ਅੰਮ੍ਰਿਤਸਰ ਵਿੱਚ ਕੱਪੜਿਆਂ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੀ ਇੱਕ ਫੈਕਟਰੀ ਵੀ ਹੈ ਜੋ ਆਟੋ ਪਾਰਟਸ ਬਣਾਉਂਦੀ ਹੈ।
ਅੰਮ੍ਰਿਤਸਰ ਸ਼ਹਿਰ ਨਾਲ ਦਿਲੋਂ ਨੇੜਤਾ ਹੋਣ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ 2009 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੋਂ ਟਿਕਟ ਦੇਣ ਦਾ ਮਨ ਬਣਾਇਆ ਸੀ ਪਰ ਉਨ੍ਹਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਦੋਵੇਂ ਵਾਰ ਇਨਕਾਰ ਕਰ ਦਿੱਤਾ ਸੀ।
ਪ੍ਰਧਾਨ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਡਾ. ਮਨਮੋਹਨ ਸਿੰਘ ਨੇ ਮਾਰਚ 2006 ਵਿੱਚ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤੱਕ "ਪੰਜ-ਆਬ" ਬੱਸ ਸੇਵਾ ਨੂੰ ਹਰੀ ਝੰਡੀ ਦਿਖਾਈ ਸੀ, ਜੋ ਸਿੱਖਾਂ ਦੇ ਦੋ ਸਭ ਤੋਂ ਸਤਿਕਾਰਤ ਗੁਰਧਾਮਾਂ ਨੂੰ ਜੋੜਦੀ ਹੈ। ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਰਿਸ਼ਤਿਆਂ ਕਾਰਨ ਇਸ ਬੱਸ ਸੇਵਾ ਨੂੰ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਡਾ. ਸਿੰਘ ਦੇ ਦਿਲ ਵਿੱਚ ਵਸਦੀ ਸੀ ਪੰਜਾਬ ਯੂਨੀਵਰਸਿਟੀ
ਡਾ. ਮਨਮੋਹਨ ਸਿੰਘ ਦਾ ਪੰਜਾਬ ਯੂਨੀਵਰਸਿਟੀ ਨਾਲ ਵੱਖਰਾ ਹੀ ਰਿਸ਼ਤਾ ਸੀ। ਇੰਝ ਕਹਿ ਲਓ ਕਿ ਪੰਜਾਬ ਯੂਨੀਵਰਸਿਟੀ ਡਾ. ਮਨਮੋਹਨ ਸਿੰਘ ਦੇ ਦਿਲ ਵਿੱਚ ਵਸਦੀ ਸੀ। ਡਾ. ਮਨਮੋਹਨ ਸਿੰਘ ਦੇ ਅਕਾਦਮਿਕ ਸਫ਼ਰ ਵਿੱਚ ਚੰਡੀਗੜ੍ਹ ਦੀ ਵੱਕਾਰੀ ਪੰਜਾਬ ਯੂਨੀਵਰਸਿਟੀ ਦਾ ਵਿਸ਼ੇਸ਼ ਸਥਾਨ ਹੈ ਜਿੱਥੇ ਉਹ ਪੜ੍ਹੇ ਵੀ ਅਤੇ ਉਨ੍ਹਾਂ ਨੇ ਇੱਕ ਪ੍ਰੋਫੈਸਰ ਵਜੋਂ ਵਿਦਿਆਰਥੀਆਂ ਦੀ ਅਗਵਾਈ ਵੀ ਕੀਤੀ।
ਸਾਲ 2018 ਵਿੱਚ ਪੰਜਾਬ ਯੂਨੀਵਰਸਿਟੀ ਦੌਰੇ ਮੌਕੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਜਦੋਂ ਉਹ ਯੂਨੀਵਰਸਿਟੀ ਵਿੱਚ ਪੜ੍ਹਦੇ ਅਤੇ ਪੜ੍ਹਾਉਦੇ ਸਨ ਤਾਂ ਇਹ ਸਮਾਂ, ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਸਮਾਂ ਸੀ। ਉਨ੍ਹਾਂ ਨੇ 1957 ਤੋਂ 1966 ਤੱਕ ਇੱਥੇ ਬਤੌਰ ਪ੍ਰੋਫੈਸਰ ਸਮਾਂ ਬਿਤਾਇਆ। ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦੁਰ ਰੀਡਿੰਗ ਹਾਲ ਲਈ ਡਾ. ਸਿੰਘ ਨੇ 3500 ਕਿਤਾਬਾਂ ਵੀ ਦਾਨ ਦਿੱਤੀਆਂ ਸਨ।
1967 ਵਿੱਚ ਯੂਨੀਵਰਸਿਟੀ ਛੱਡਣ ਤੋਂ ਬਾਅਦ ਡਾ. ਮਨਮੋਹਨ ਸਿੰਘ ਦੋ ਵਾਰ ਪੰਜਾਬ ਯੂਨੀਵਰਸਿਟੀ ਵਾਪਸ ਆਏ ਅਤੇ ਹਰ ਵਾਰ ਉਨ੍ਹਾਂ ਆਨਰੇਰੀ ਡਿਗਰੀ ਹਾਸਿਲ ਕੀਤੀ। 12 ਮਾਰਚ, 1983 ਨੂੰ ਉਨ੍ਹਾਂ ਨੂੰ ਸਾਹਿਤ ਦੇ ਖੇਤਰ ਵਿੱਚ ਆਨਰੇਰੀ ਡਾਕਟਰੇਟ ਆਫ਼ ਲਿਟਰੇਚਰ ਦੀ ਡਿਗਰੀ ਅਤੇ 11 ਮਾਰਚ, 2009 ਨੂੰ ਆਨਰੇਰੀ ਡਾਕਟਰੇਟ ਆਫ਼ ਲਾਅ ਡਿਗਰੀ ਨਾਲ ਨਿਵਾਜਿਆ ਗਿਆ।
ਦਿੱਲੀ ਜਾਣ ਤੋਂ ਬਾਅਦ ਵੀ ਚੰਡੀਗੜ੍ਹ ਸ਼ਹਿਰ ਡਾ. ਮਨਮੋਹਨ ਸਿੰਘ ਦੇ ਦਿਲ ਦੇ ਨੇੜੇ ਰਿਹਾ। ਉਹ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਸੈਕਟਰ-11 ਵਿੱਚ ਇੱਕ ਘਰ ਵੀ ਖਰੀਦਿਆ ਸੀ। ਚੰਡੀਗੜ੍ਹ ਸਥਿਤ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (CRRID) ਦੀ ਗਵਰਨਿੰਗ ਬਾਡੀ ਦੇ ਵੀ ਉਹ ਕਾਫ਼ੀ ਸਮਾਂ ਮੈਂਬਰ ਰਹੇ।
ਪੰਜਾਬ ਨੂੰ ਕੀਤੀ 'ਆਖਰੀ ਅਪੀਲ'
ਸਾਲ 2018 ਵਿੱਚ ਪੰਜਾਬ ਯੂਨੀਵਰਸਿਟੀ ਨੇ ਉਨ੍ਹਾਂ ਦੇ ਸਨਮਾਨ ਲਈ ਇੱਕ ਸਮਾਗਮ ਰੱਖਿਆ ਸੀ ਜਿਸ ਵਿੱਚ ਉਨ੍ਹਾਂ ਬਿਨਾਂ ਕਿਸੇ ਦਾ ਨਾਮ ਲਏ ਤਾਨਾਸ਼ਾਹੀ ਅਤੇ ਵੰਡ ਪਾਊ ਸਿਆਸਤ ਦੀ ਆਲੋਚਨਾ ਕੀਤੀ ਸੀ। ਪੰਜਾਬ ਦੇ ਲੋਕਾਂ ਨੂੰ ਜੁਝਾਰੂ ਦੱਸਦਿਆਂ ਉਨ੍ਹਾਂ ਨੇ ਧਰਮ, ਜਾਤ ਜਾਂ ਭਾਸ਼ਾ ਦੇ ਆਧਾਰ 'ਤੇ ਸਮਾਜ ਨੂੰ ਵੰਡਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਜਮਹੂਰੀਅਤ ਦੇ ਵਧ ਰਹੇ ਖਤਰੇ ਨਾਲ ਨਜਿੱਠਣ ਲਈ ਏਕਤਾ ਦਾ ਸੱਦਾ ਦਿੱਤਾ ਸੀ। ਉਨ੍ਹਾਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਦਾ ਵੀ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਨੂੰ ਕੀਤੀ ਆਖਰੀ ਅਪੀਲ ਵਿੱਚ ਉਨ੍ਹਾਂ ਆਪਣੇ ਭਾਸ਼ਣ ਦੀ ਸਮਾਪਤੀ ਅਲਮਾ ਇਕਬਾਲ ਦੇ ਸ਼ੇਅਰ, "ਫਿਰ ਉਠੀ ਅਖੀਰ ਸਦਾ ਤੌਕੀਦ ਕੀ ਪੰਜਾਬ ਸੇ, ਮੁਰਦੇ ਕਾਮਿਲ ਨੇ ਜਗਾਇਆ ਹਿੰਦ ਕੋ ਫਿਰ ਖੁਆਬ ਸੇ", ਨਾਲ ਕੀਤੀ ਸੀ।
ਪੰਜਾਬ ਨੂੰ ਦਿੱਤੀਆਂ ਸੌਗਾਤਾਂ
ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੁੰਦਿਆਂ ਪੰਜਾਬ ਨੂੰ ਬਹੁਤ ਵੱਡੇ ਪ੍ਰਾਜੈਕਟ ਮਿਲੇ। ਡਾ. ਮਨਮੋਹਨ ਸਿੰਘ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ ਅਤੇ 2007 ਤੋਂ 2017 ਦਰਮਿਆਨ ਪੰਜਾਬ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ-ਬੀਜੇਪੀ ਗਠਜੋੜ ਸਰਕਾਰ ਸੀ। ਸਿਆਸੀ ਵਖਰੇਵਿਆਂ ਦੇ ਬਾਵਜੂਦ ਪੰਜਾਬ ਨੇ ਕਦੇ ਵੀ ਫੰਡਾਂ ਜਾਂ ਪ੍ਰਾਜੈਕਟਾਂ ਵਿੱਚ ਵਿਤਕਰਾ ਮਹਿਸੂਸ ਨਹੀਂ ਕੀਤਾ। ਜਦੋਂ ਵੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨੀ ਹੁੰਦੀ ਸੀ ਤਾਂ ਉਸੇ ਦਿਨ ਹੀ ਉਹ ਮੁਲਾਕਾਤ ਵੀ ਕਰਦੇ ਸਨ।
ਜਨਵਰੀ 2009 ਵਿੱਚ ਜਦੋਂ ਡਾ. ਮਨਮੋਹਨ ਸਿੰਘ ਦੀ ਬਾਈਪਾਸ ਸਰਜਰੀ ਹੋਣੀ ਸੀ ਤਾਂ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਵੀ ਰਖਵਾਇਆ ਸੀ। ਦੋਵਾਂ ਲੀਡਰਾਂ ਦੇ ਆਪਸੀ ਸਤਿਕਾਰ ਨੇ ਹਮੇਸ਼ਾ ਸਿਆਸੀ ਵਖਰੇਵਿਆਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਅਤੇ ਪੰਜਾਬ ਦੇ ਵਿਕਾਸ ਨੂੰ ਪਹਿਲ ਦਿੱਤੀ।
ਮੋਹਾਲੀ ਵਿੱਚ ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ (IISER) ਵੀ ਡਾ. ਸਿੰਘ ਦੇ ਦੇਣ ਹੈ ਜੋ 2007 ਤੋਂ ਮੋਹਾਲੀ ਦੇ ਸੈਕਟਰ-81 ਵਿੱਚ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਇਸ ਤੋਂ ਇਲਾਵਾ 30 ਦਸੰਬਰ 2013 ਨੂੰ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਵੀ ਡਾ. ਮਨਮੋਹਨ ਸਿੰਘ ਨੇ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਰੱਖਿਆ ਸੀ।
ਉਨ੍ਹਾਂ ਨੇ 3.73 ਲੱਖ ਕਿਸਾਨਾਂ ਦਾ ਤਕਰੀਬਨ 72000 ਕਰੋੜ ਦਾ ਕਰਜ਼ਾ ਵੀ ਮਾਫ਼ ਕੀਤਾ ਸੀ। ਅੰਮ੍ਰਿਤਸਰ-ਕੋਲਕਾਤਾ ਇੰਡਸਟ੍ਰੀਅਲ ਕੋਰੀਡੋਰ ਜਿਹੜਾ ਕਿ ਅੰਮ੍ਰਿਤਸਰ-ਜਲੰਧਰ-ਲੁਧਿਆਣਾ ਵਿੱਚੋਂ ਗੁਜ਼ਰਦਾ ਹੈ, ਵੀ ਡਾ. ਸਿੰਘ ਦੀ ਸਰਕਾਰ ਵੇਲੇ ਪੰਜਾਬ ਨੂੰ ਮਿਲਿਆ ਤੋਹਫ਼ਾ ਸੀ। ਇਸ ਤੋਂ ਇਲਾਵਾ 2006 ਵਿੱਚ ਪਟਿਆਲਾ ਵਿਖੇ ਨੈਸ਼ਨਲ ਲਾਅ ਯੂਨੀਵਰਸਿਟੀ, 2008 ਵਿੱਚ ਰੋਪੜ ਵਿਖੇ ਆਈਆਈਟੀ, 2011 ਵਿੱਚ ਬਠਿੰਡਾ ਵਿਖੇ ਰਿਫਾਇਨਰੀ ਵੀ ਉਨ੍ਹਾਂ ਦੇ ਸਦਕਾ ਹੀ ਪੰਜਾਬ ਨੂੰ ਮਿਲੀ ਸੀ।
ਸ਼ਹੀਦ ਭਗਤ ਸਿੰਘ ਦੀ ਖਟਕੜ ਕਲਾਂ ਵਿੱਚ ਬਣੀ ਯਾਦਗਾਰ ਵੀ ਡਾ. ਸਿੰਘ ਦੇ ਕਾਰਜਕਾਲ ਵੇਲੇ ਬਣੀ ਸੀ। ਤਲਵੰਡੀ ਸਾਬੋ ਅਤੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂਤਾ ਗੱਦੀ ਸ਼ਤਾਬਦੀ ਸਮਾਗਮ ਵੇਲੇ ਵੀ ਡਾ. ਸਿੰਘ ਨੇ ਖੁੱਲੇ ਦਿਲ ਨਾਲ ਪੰਜਾਬ ਨੂੰ ਫੰਡ ਦਿੱਤੇ ਸਨ।