ਲੁਧਿਆਣਾ: ਹਾਲ ਹੀ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ (19 ਜੂਨ) ਨੂੰ ਥਾਣਾ ਸਮਰਾਲਾ ਵਿਖੇ ਤਾਇਨਾਤ ਰਿਹਾ ਸਹਾਇਕ ਸਬ-ਇੰਸਪੈਕਟਰ ਸਿਕੰਦਰ ਰਾਜ ਨੂੰ 18,000 ਰੁਪਏ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ, ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਲੁਧਿਆਣਾ ਰੇਂਜ ਨੇ ਖੁਲਾਸਾ ਕੀਤਾ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਇਹ ਮੁਕੱਦਮਾ ਸੈਕਟਰ 32ਏ, ਚੰਡੀਗੜ੍ਹ ਰੋਡ, ਲੁਧਿਆਣਾ ਦੇ ਵਸਨੀਕ ਰਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਬਿਆਨ ਦਰਜ ਕਰਵਾਏ ਸਨ ਕਿ 13 ਮਾਰਚ 2021 ਨੂੰ ਉਸਦੇ ਡਰਾਈਵਰ ਰਾਜਦੀਪ ਸਿੰਘ ਵਾਸੀ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ ਅਤੇ ਹੈਲਪਰ ਬਿਰਜੂ ਵਾਸੀ ਸੰਜੇ ਗਾਂਧੀ ਕਲੋਨੀ ਲੁਧਿਆਣਾ ਨੇੜੇ ਨੀਲੋਂ ਪੁਲ ਸਮਰਾਲਾ ਵਿਖੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਦਿਨ ਥਾਣਾ ਸਮਰਾਲਾ ਤੋਂ ਏਐਸਆਈ ਸਿਕੰਦਰ ਰਾਜ ਹੋਰ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ 'ਤੇ ਪਹੁੰਚਿਆ ਅਤੇ ਦੋਵੇਂ ਵਾਹਨਾਂ ਨੂੰ ਥਾਣੇ ਲੈ ਗਏ, ਇਸ ਤੋਂ ਬਾਅਦ ਏਐਸਆਈ ਸਿਕੰਦਰ ਰਾਜ ਨੇ ਸ਼ਿਕਾਇਤਕਰਤਾ ਤੋਂ ਉਸਦੇ ਡਰਾਈਵਰ ਨੂੰ ਜ਼ਮਾਨਤ ਦਿਵਾਉਣ, ਉਸਦੀ ਗੱਡੀ ਵਿੱਚ ਲੱਦਿਆ ਸਮਾਨ ਛੁਡਵਾਉਣ ਅਤੇ ਉਸਦੇ ਡਰਾਈਵਰ ਖਿਲਾਫ਼ ਦਰਜ ਹੋਏ ਹਾਦਸੇ ਦੇ ਕੇਸ 'ਚੋਂ ਬਰੀ ਕਰਵਾਉਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਆਖਰਕਾਰ ਸੌਦਾ 18,000 ਰੁਪਏ ਵਿੱਚ ਹੋਇਆ।
- ਪੰਜਾਬ ਨੂੰ ਦਿਨੋ-ਦਿਨ ਕਾਲਾ ਕਰ ਰਿਹਾ ਹੈ ਚਿੱਟਾ, ਹੁਣ ਹੋਈ 16 ਸਾਲ ਦੇ ਬੱਚੇ ਦੀ ਮੌਤ, ਮਾਂ ਨੇ ਹੌਂਕਿਆ ਨਾਲ ਦੱਸੀ ਹੱਡਬੀਤੀ - Punjab drug news
- ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਲੱਗਾ ਵੱਡਾ ਝਟਕਾ, NSA 1 ਸਾਲ ਵਧਿਆ, ਖਡੂਰ ਸਾਹਿਬ ਤੋਂ ਨੇ MP - amritpal nsa increased for one year
- ਪਨਬਸ ਕਾਮਿਆ ਨੂੰ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਮੋਗਾ ਬੱਸ ਸਟੈਂਡ 'ਤੇ ਕੀਤਾ ਰੋਸ ਪ੍ਰਦਰਸ਼ਨ - PRPC Workers Union
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਕਤ ਪੁਲਿਸ ਮੁਲਾਜ਼ਮ ਵੱਲੋਂ ਰਿਸ਼ਵਤ ਦੀ ਮੰਗ ਸੰਬੰਧੀ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਐੱਸਐੱਸਪੀ ਲੁਧਿਆਣਾ ਦੱਸਿਆ ਕਿ ਜਾਂਚ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਇਲਜ਼ਾਮ ਸਹੀ ਅਤੇ ਦਰੁੱਸਤ ਪਾਏ ਗਏ ਹਨ।
ਇਸ ਤੋਂ ਬਾਅਦ ਥਾਣਾ ਦੋਰਾਹਾ ਵਿਖੇ ਤਾਇਨਾਤ ਏਐਸਆਈ ਸਿਕੰਦਰ ਰਾਜ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ ਉਕਤ ਮੁਲਜ਼ਮ ਨੂੰ ਬਿਉਰੋ ਦੀ ਲੁਧਿਆਣਾ ਰੇਂਜ ਦੀ ਟੀਮ ਵੱਲੋਂ ਥਾਣਾ ਦੋਰਾਹਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।