ਚੰਡੀਗੜ੍ਹ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸੇ ਨਾ ਕਿਸੇ ਮੁੱਦੇ 'ਤੇ ਕਿਸਾਨਾਂ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਕਰੀਬ ਦੋ-ਤਿੰਨ ਦਿਨ ਪਹਿਲਾਂ ਰਵਨੀਤ ਬਿੱਟੂ ਨੇ ਕਿਸਾਨ ਆਗੂਆਂ ਨੂੰ ਖਾਦ ਦੀ ਲੁੱਟ ਕਰਨ ਵਾਲੇ ਤਾਲਿਬਾਨੀ ਕਿਹਾ ਸੀ। ਬਿੱਟੂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਸਰਕਾਰ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਏਗੀ। ਇੰਨ੍ਹਾਂ ਕੋਲ ਲੀਡਰ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਜਾਇਦਾਦ ਬਣੀ ਹੈ।
ਐਕਸ 'ਤੇ ਪਾਈ ਬਿੱਟੂ ਨੇ ਪੋਸਟ
ਇਸ ਬਿਆਨ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਹੁਣ ਐਕਸ 'ਤੇ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਨੂੰ ਜਨਤਕ ਕੀਤਾ ਹੈ। ਬਿੱਟੂ ਨੇ ਐਕਸ 'ਤੇ ਲਿਖਿਆ ਕਿ ਮੈਂ ਐਲਾਨ ਕੀਤਾ ਸੀ ਕਿ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦਾ ਜਨਤਕ ਤੌਰ 'ਤੇ ਐਲਾਨ ਕਰਾਂਗਾ। ਇਸ ਸਿਲਸਿਲੇ 'ਚ ਹੁਣ ਮੈਂ ਇਸਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕਰ ਰਿਹਾ ਹਾਂ।
I had announced that I will declare my assets and liabilities in the public domain. In continuation I am posting it on my social media handles now. pic.twitter.com/8hNXWy6BEn
— Ravneet Singh Bittu (@RavneetBittu) November 12, 2024
2009 ਤੋਂ 2024 ਤੱਕ ਰਵਨੀਤ ਬਿੱਟੂ ਦੀ ਕੁੱਲ ਜਾਇਦਾਦ
ਕੇਂਦਰੀ ਰਾਜ ਮੰਤਰੀ ਬਿੱਟੂ ਨੇ ਪੋਸਟ 'ਚ 2009 ਤੋਂ 2024 ਤੱਕ ਆਪਣੇ ਸਿਆਸੀ ਕਰੀਅਰ ਦੌਰਾਨ ਕਮਾਈ ਜਾਇਦਾਦਾਂ ਬਾਰੇ ਜਾਣਕਾਰੀ ਪੋਸਟ ਕੀਤੀ ਹੈ। ਜਿਸ ਵਿੱਚ ਸਾਫ਼ ਲਿਖਿਆ ਹੈ ਕਿ 2009 ਵਿੱਚ ਬਿੱਟੂ ਕੋਲ 1 ਲੱਖ 70 ਹਜ਼ਾਰ ਰੁਪਏ ਦੀ ਨਕਦੀ ਸੀ। ਉਨ੍ਹਾਂ ਕੋਲ ਬੈਂਕ ਵਿਚ 3 ਲੱਖ 443 ਰੁਪਏ ਸਨ ਅਤੇ ਉਨ੍ਹਾਂ ਕੋਲ ਮਾਰੂਤੀ ਸਟੀਮ ਕਾਰ ਸੀ। ਗਹਿਣਿਆਂ ਵਿੱਚੋਂ ਬਿੱਟੂ ਕੋਲ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ। ਇਸੇ ਤਰ੍ਹਾਂ 2014 ਵਿੱਚ ਬਿੱਟੂ ਕੋਲ 3 ਲੱਖ 30 ਹਜ਼ਾਰ ਰੁਪਏ ਨਕਦ ਅਤੇ ਬੈਂਕ ਵਿੱਚ 7 ਲੱਖ 43 ਹਜ਼ਾਰ 779 ਰੁਪਏ ਸਨ। ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ।
ਇਸ ਦੇ ਨਾਲ ਹੀ ਸਾਲ 2019 ਵਿੱਚ ਬਿੱਟੂ ਕੋਲ 3 ਲੱਖ 10 ਹਜ਼ਾਰ ਰੁਪਏ ਨਕਦ ਅਤੇ 3 ਲੱਖ 42 ਹਜ਼ਾਰ 692 ਰੁਪਏ ਬੈਂਕ ਵਿੱਚ ਜਮ੍ਹਾਂ ਸਨ। ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਸੀ। ਹੁਣ 2024 ਵਿੱਚ ਬਿੱਟੂ ਕੋਲ 3 ਲੱਖ 39 ਹਜ਼ਾਰ ਰੁਪਏ ਨਕਦ ਅਤੇ 10 ਲੱਖ 96 ਹਜ਼ਾਰ 405 ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਹਨ। ਉਨ੍ਹਾਂ ਕੋਲ ਮਾਰੂਤੀ ਸਟੀਮ ਕਾਰ ਅਤੇ 600 ਗ੍ਰਾਮ ਸੋਨਾ ਅਤੇ 500 ਗ੍ਰਾਮ ਚਾਂਦੀ ਹੈ। ਇਸੇ ਤਰ੍ਹਾਂ ਬਿੱਟੂ ਨੇ ਆਪਣੀ ਹੋਰ ਜ਼ਮੀਨ ਅਤੇ ਕਰਜ਼ਿਆਂ ਸਬੰਧੀ ਵੀ ਜਾਣਕਾਰੀ ਜਨਤਕ ਕੀਤੀ ਹੈ।
ਕਿਸਾਨਾਂ ਬਾਰੇ ਬਿੱਟੂ ਨੇ ਆਖੀਆਂ ਸੀ ਇਹ ਗੱਲਾਂ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ- ਕਿਸਾਨ ਵਿਰੋਧ ਨਹੀਂ ਕਰ ਰਹੇ ਹਨ। ਕਿਸਾਨ ਭਾਜਪਾ ਦੇ ਨਾਲ ਹੈ। ਸਿਰਫ ਲੀਡਰ ਹੀ ਵਿਰੋਧ ਕਰ ਰਹੇ ਹਨ। ਕਿਸਾਨ ਕੋਲ ਸਮਾਂ ਕਿੱਥੇ ਹੈ। ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਇਸ ਤੋਂ ਬਾਅਦ ਉਹ ਕਣਕ ਦੀ ਬਿਜਾਈ ਵਿੱਚ ਰੁੱਝ ਜਾਣਗੇ। ਇਹ ਉਹ ਲੀਡਰ ਹਨ ਜੋ ਭੇਜੇ ਜਾਂਦੇ ਹਨ। ਕੋਈ ਗੱਲ ਨਹੀਂ, ਚੋਣਾਂ ਵਿੱਚ ਸਾਡਾ ਵੀ ਵਿਰੋਧ ਹੋਇਆ ਸੀ।
ਕਿਸਾਨ ਯੂਨੀਅਨ ਦੇ ਕਈ ਵੱਡੇ ਆਗੂ ਬਣੇ ਹਨ, ਉਨ੍ਹਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਦੀਆਂ ਜ਼ਮੀਨਾਂ ਦੀ ਜਾਂਚ ਕੀਤੀ ਜਾਵੇਗੀ। ਕਿਸਾਨ ਆਗੂ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਨ੍ਹਾਂ ਨੇ ਕਿੰਨੀ ਜ਼ਮੀਨ ਅਤੇ ਜਾਇਦਾਦ ਬਣਾਈ ਹੈ। ਕਿਹੜਾ ਅਜਿਹਾ ਕਿਸਾਨ ਆਗੂ ਹੈ, ਜੋ ਆੜਤੀਆਂ ਨਹੀਂ ਜਾਂ ਸ਼ੈਲਰ ਮਾਲਕ ਨਹੀਂ ਹੈ।
ਰਵਨੀਤ ਬਿੱਟੂ ਨੇ ਇਸ ਦੇ ਨਾਲ ਕਿਹਾ ਸੀ ਕਿ ਕਿਤੇ ਟਰੇਨ ਲੁੱਟ ਲਈ, ਖਾਦ ਵੀ ਤਾਂ ਕਿਸਾਨਾਂ ਨੂੰ ਮਿਲਣੀ ਸੀ, ਇਹ ਕਹਿੰਦੇ ਹਨ ਕਿ ਇੱਥੇ ਨਹੀਂ ਉੱਥੇ ਜਾਵੇਗੀ। ਇਹ ਤਾਲਿਬਾਨ ਬਣ ਗਏ ਹਨ। ਕਿਤੇ ਤੇ ਇਹ ਕੰਮ ਰੋਕਣਾ ਪਵੇਗਾ। ਆਉਣ ਵਾਲੇ ਦਿਨਾਂ ‘ਚ ਕਿਸਾਨ ਭਾਜਪਾ ਨੂੰ ਵੋਟ ਪਾਵੇਗਾ। ਕਿਸਾਨਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਸੁਧਾਰ ਕੇਂਦਰ ਸਰਕਾਰ ਨਾਲ ਹੀ ਹੋ ਸਕਦਾ ਹੈ।