ਚੰਡੀਗੜ੍ਹ/ਅੰਮ੍ਰਿਤਸਰ: ਸੂਬੇ ਵਿੱਚੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਜਾਰੀ ਮੁਹਿੰਮ ਤਹਿਤ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਅੰਮ੍ਰਿਤਸਰ ਦੇ ਪਿੰਡ ਸੁੱਖੇਵਾਲਾ ਨੇੜੇ ਦੋ ਸ਼ੱਕੀ ਵਾਹਨ ਪਾਏ ਗਏ ਅਤੇ ਜਿਸ ‘ਚੋਂ ਇੱਕ ਮਾਰੂਤੀ ਬਲੇਨੋ ਕਾਰ 10.4 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਦੱਸਣਯੋਗ ਹੈ ਕਿ ਮੁਲਜ਼ਮ ਜਿਸ ਦੀ ਪਛਾਣ ਸੁਖਰਾਜ ਸਿੰਘ ਵਜੋਂ ਹੋਈ ਹੈ, ਉਹ ਬਲੇਨੋ ਕਾਰ ਦਾ ਮਾਲਕ ਸੀ ਅਤੇ ਹੈਰੋਇਨ ਦੀ ਖੇਪ ਦਾ ਕਥਿਤ ਸਪਲਾਇਰ ਵੀ ਸੀ, ਜੋ ਆਪਣੇ ਸਾਥੀ ਸਮੇਤ ਆਪਣੀ ਮਹਿੰਦਰਾ ਸਕਾਰਪੀਓ ਕਾਰ (ਬਿਨਾਂ ਰਜਿਸਟ੍ਰੇਸ਼ਨ ਨੰਬਰ) ਵਿੱਚ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਟੀਮ ਨੇ ਮੌਕੇ 'ਤੇ ਹੀ ਬਲੇਨੋ ਕਾਰ (ਰਜਿਸਟ੍ਰੇਸ਼ਨ ਨੰਬਰ ਪੀ.ਬੀ.46ਏ.ਜੀ. 1224), ਜਿਸ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ, ਇਸ ਨੂੰ ਕਬਜ਼ੇ 'ਚ ਲੈ ਲਿਆ।
In a major blow to trans border narcotic smuggling networks: Counter Intelligence, #Amritsar successfully intercepted two suspicious vehicles near Village Sukhewala, Amritsar which led to a recovery of 10.4 Kg Heroin.
— DGP Punjab Police (@DGPPunjabPolice) October 12, 2024
One of the accused, Sukhraj Singh from #TarnTaran, along… pic.twitter.com/F43O4f8KL7
ਕਾਰ ਦੀ ਤਲਾਸ਼ੀ ਕਰਨ ਉੱਤੇ ਮਿਲੀ ਹੈਰੋਇਨ, ਮੁਲਜ਼ਮ ਫ਼ਰਾਰ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕਾਰਾਂ ਵਿੱਚ ਸਵਾਰ ਵਿਅਕਤੀਆਂ ਦਰਮਿਆਨ ਹੈਰੋਇਨ ਦੀ ਖੇਪ ਦੇ ਲੈਣ-ਦੇਣ ਬਾਰੇ ਮਿਲੀ ਖੁਫੀਆ ਜਾਣਕਾਰੀ ਉਪਰੰਤ ਡੀਐਸਪੀ ਸੀਆਈ ਨਵਤੇਜ ਸਿੰਘ ਦੀ ਅਗਵਾਈ ਵਿੱਚ ਸੀਆਈ ਅੰਮ੍ਰਿਤਸਰ ਦੀ ਪੁਲੀਸ ਟੀਮ ਨੇ ਇੰਡੀਅਨ ਆਇਲ ਪੈਟਰੋਲ ਪੰਪ, ਪਿੰਡ ਸੁੱਖੇਵਾਲਾ, ਅੰਮ੍ਰਿਤਸਰ ਦੇ ਨੇੜਿਓਂ ਸੜਕ ਕਿਨਾਰੇ ਖੜ੍ਹੀਆਂ ਦੋਵੇਂ ਕਾਰਾਂ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ, ਉਸ ਸਮੇਂ ਦੋਵੇਂ ਵਾਹਨਾਂ ਦੇ ਡਰਾਈਵਰ ਸਕਾਰਪੀਓ ਕਾਰ ਕੋਲ ਖੜ੍ਹੇ ਕੋਈ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੇਖ ਕੇ ਦੋਵੇਂ ਦੋਸ਼ੀ ਮਹਿੰਦਰਾ ਸਕਾਰਪੀਓ ਕਾਰ 'ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ, ਜਦਕਿ ਆਪਣੀ ਦੂਜੀ ਬਲੇਨੋ ਕਾਰ ਉਥੇ ਹੀ ਛੱਡ ਗਏ। ਬਲੇਨੋ ਕਾਰ ਦੀ ਚੈਕਿੰਗ ਕਰਨ 'ਤੇ ਪੁਲਿਸ ਟੀਮਾਂ ਨੇ ਕਾਰ 'ਚੋਂ ਹੈਰੋਇਨ ਦੀ ਖੇਪ, 1000 ਰੁਪਏ ਨਕਦ, ਸੁਖਰਾਜ ਸਿੰਘ ਦਾ ਆਧਾਰ ਕਾਰਡ ਤੇ ਵੋਟਰ ਆਈਡੀ ਕਾਰਡ ਦੀਆਂ ਫੋਟੋ ਕਾਪੀਆਂ ਬਰਾਮਦ ਕੀਤੀਆਂ।
ਭਗੌੜਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੁਲਜ਼ਮ ਸੁਖਰਾਜ ਸਿੰਘ ਨੇ ਸਕਾਰਪੀਓ ਕਾਰ ਵਿੱਚ ਸਵਾਰ ਵਿਅਕਤੀ ਨੂੰ ਹੈਰੋਇਨ ਦੀ ਖੇਪ ਦੇਣੀ ਸੀ। ਉਨ੍ਹਾਂ ਕਿਹਾ ਕਿ ਉਸ ਦੇ ਦੂਜੇ ਸਾਥੀ ਦੀ ਪਛਾਣ ਕਰਨ ਲਈ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਭਗੌੜਿਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਦੀ ਧਾਰਾ 21, 25 ਅਤੇ 29 ਤਹਿਤ ਐਫਆਈਆਰ ਨੰਬਰ 61 ਮਿਤੀ 11-10-2024 ਨੂੰ ਦਰਜ ਕੀਤੀ ਗਈ ਹੈ।