ਚੰਡੀਗੜ੍ਹ: ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਔਰਤਾਂ ਨਾਲ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਗਰੰਟੀ ਨੂੰ ਅਮਲੀ ਜਾਮ ਪਹਿਨਾਉਂਦਿਆਂ ਆਪਣੇ ਬਜਟ ਸੈਸ਼ਨ ਦੌਰਾਨ ਪੂਰਾ ਕੀਤਾ ਹੈ। ਹੁਣ ਅਜਿਹੇ ਵਿੱਚ ਕਿਆਸਰਾਈਆਂ ਜ਼ੋਰਾਂ ਉੱਤੇ ਹਨ ਕਿ ਪੰਜਾਬ ਵਿੱਚ ਮਹਿਲਾਵਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਸਰਕਾਰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਦੀ ਗਾਰੰਟੀ ਨੂੰਬਰ ਪਾ ਸਕਦੀ ਹੈ।
ਪੰਜਾਬ ਦੀਆਂ ਉਮੀਦਾਂ 'ਚ ਵਾਧਾ: ਮੰਨਿਆ ਜਾ ਰਿਹਾ ਹੈ ਕਿ ਆਗਾਮੀ ਲੋਕ ਸਭਾ, ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਐਲਾਨ ਕੀਤੇ ਜਾਣਗੇ। ਇਸ ਲਈ ਸਰਕਾਰ ਵੱਲੋਂ ਘੱਟੋ-ਘੱਟ ਇਸ ਬਜਟ ਦੌਰਾਨ ਲੋਕਾਂ 'ਤੇ ਕੋਈ ਵਾਧੂ ਬੋਝ ਨਹੀਂ ਪਾਇਆ ਜਾਵੇਗਾ। ਨਾਲ ਹੀ ਬਜਟ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਕੀਤੇ ਗਏ ਕੁਝ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਜਿਸ ਤਰ੍ਹਾਂ ਦਿੱਲੀ ਅਤੇ ਹਿਮਾਚਲ ਸਰਕਾਰਾਂ ਨੇ ਔਰਤਾਂ ਨੂੰ ਹਰ ਮਹੀਨੇ ਨਕਦ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਬਜਟ 'ਚ ਇਸ ਸਬੰਧੀ ਕੋਈ ਐਲਾਨ ਵੀ ਕਰ ਸਕਦੀ ਹੈ ਕਿਉਂਕਿ ਦਿੱਲੀ ਵਿੱਚ ਆਪ ਦੀ ਸਰਕਾਰ ਹੈ। ਕਾਂਗਰਸ ਸਰਕਾਰ ਨੇ ਹਿਮਾਚਲ ਵਿੱਚ ਹਰ ਮਹੀਨੇ 1500 ਰੁਪਏ ਅਤੇ ਦਿੱਲੀ ਵਿੱਚ 1000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਅਜਿਹੇ 'ਚ ਪੰਜਾਬ ਦੀਆਂ ਉਮੀਦਾਂ ਵੀ ਵਧ ਗਈਆਂ ਹਨ।
ਹੰਗਾਮਾ ਭਰਪੂਰ ਰਿਹਾ ਹੈ 2024 ਦਾ ਪਲੇਠਾ ਬਜਟ: ਜੇਕਰ ਹੁਣ ਤੱਕ ਦੇ ਬਜਟ ਦੀ ਸੈਸ਼ਨ ਦੀ ਗੱਲ ਕਰੀਏ ਤਾਂ ਉਮੀਦ ਮੁਤਾਬਿਕ ਇਹ ਹੰਗਾਮੇਦਾਰ ਹੀ ਰਿਹਾ ਹੈ। ਸੈਸ਼ਨ ਦੀ ਸ਼ੁਰੂਆਤ ਇੱਕ ਮਾਰਚ ਨੂੰ ਰਾਜਪਾਲ ਦੇ ਭਾਸ਼ਣ ਨਾਲ ਹੋਈ। ਹਾਲਾਂਕਿ ਕਾਂਗਰਸ ਦੇ ਵਿਰੋਧ ਤੋਂ ਬਾਅਦ ਉਹ ਆਪਣਾ ਭਾਸ਼ਣ ਪੂਰਾ ਨਹੀਂ ਕਰ ਸਕੇ। ਬਾਅਦ ਦੁਪਹਿਰ ਮ੍ਰਿਤਕ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਫਿਰ 4 ਮਾਰਚ ਨੂੰ ਰਾਜਪਾਲ ਦੇ ਸੰਬੋਧਨ 'ਤੇ ਬਹਿਸ ਹੋਈ। ਹਾਲਾਂਕਿ ਇਸ ਦੌਰਾਨ ਵੀ ਸਦਨ ਵਿੱਚ ਪੂਰਾ ਦਿਨ ਹੰਗਾਮਾ ਹੁੰਦਾ ਰਿਹਾ ਪਰ ਸੈਸ਼ਨ ਪੂਰਾ ਦਿਨ ਚੱਲਦਾ ਰਿਹਾ। ਅੱਜ ਬਜਟ ਸੈਸ਼ਨ ਹੋਵੇਗਾ ਜਦਕਿ ਅਗਲੇ ਦਿਨ ਬਜਟ 'ਤੇ ਬਹਿਸ ਹੋਵੇਗੀ। 7 ਮਾਰਚ ਗੈਰ-ਸਰਕਾਰੀ ਦਿਨ ਹੋਵੇਗਾ। ਇਸ ਦਿਨ ਪ੍ਰਾਈਵੇਟ ਬਿੱਲ ਆਉਣਗੇ।