Punjab Bandh on 30 December : ਐਮਐਸਪੀ ਸਮੇਤ 13 ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ ਹੈ। 18 ਦਸੰਬਰ ਨੂੰ ਰੇਲ ਰੋਕੋ ਅੰਦੋਲਨ ਤੋਂ ਬਾਅਦ ਹੁਣ ਕਿਸਾਨ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 30 ਦਸੰਬਰ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ਕਈ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ। ਪੰਜਾਬ ਬੰਦ ਦੌਰਾਨ ਕੀ-ਕੀ ਬੰਦ ਰਹੇਗਾ ਤੇ ਕਿਹੜੀ ਸਹੂਲਤ ਚਾਲੂ ਰਹੇਗੀ, ਇਸ ਬਾਰੇ ਜਾਣਦੇ ਹਾਂ।
ਜਾਣੋ ਕੀ-ਕੀ ਰਹੇਗਾ ਬੰਦ
- 7 ਤੋਂ 4 ਵਜੇ ਤੱਕ ਪੰਜਾਬ ਰਹੇਗਾ ਬੰਦ।
- ਸਕੂਲ-ਕਾਲਜ ਬੰਦ ਰਹਿਣਗੇ।
- ਬੱਸਾਂ ਨਹੀਂ ਚੱਲਣਗੀਆਂ।
- ਰੇਲ ਆਵਾਜਾਈ ਬੰਦ।
- ਸ਼ਹੀਰਾਂ ਵਿੱਚ ਦੁਕਾਨਾਂ ਨਹੀਂ ਖੁੱਲ੍ਹਣਗੀਆਂ।
- ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰ ਬੰਦ।
- ਪ੍ਰਾਈਵੇਟ ਵਾਹਨ ਨਹੀਂ ਚੱਲਣਗੇ।
- ਗੈਸ ਸਟੇਸ਼ਨ ਬੰਦ।
- ਪੈਟਰੋਲ ਪੰਪ ਬੰਦ।
- ਸਬਜ਼ੀ ਮੰਡੀਆਂ ਬੰਦ।
- ਦੁੱਧ ਦੀ ਸਪਲਾਈ ਬੰਦ।
- 200,300 ਥਾਵਾਂ 'ਤੇ ਨਾਕੇਬੰਦੀ।
- ਆਮ ਜਨਤਾ ਘਰੋਂ ਬਾਹਰ ਨਾ ਨਿਕਲੇ।
ਜਾਣੋ ਕੀ-ਕੀ ਰਹੇਗਾ ਖੁੱਲ੍ਹਾ
- ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ।
- ਮੈਡੀਕਲ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।
- ਹਵਾਈ ਅੱਡੇ ਦੇ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ।
- ਲਾੜਾ-ਲਾੜੀ ਦੀ ਗੱਡੀ ਨੂੰ ਨਹੀਂ ਰੋਕਿਆ ਜਾਵੇਗਾ।
- ਵਿਦਿਆਰਥੀ ਜੋ ਪੇਪਰ ਦੇਣ ਜਾ ਰਿਹਾ ਹੈ, ਉਸ ਨੂੰ ਨਹੀਂ ਰੋਕਿਆ ਜਾਵੇਗਾ।
- ਇੰਟਰਵਿਊ ਦੇਣ ਜਾ ਰਹੇ ਨੌਜਵਾਨਾਂ ਨੂੰ ਨਹੀਂ ਰੋਕਿਆ ਜਾਵੇਗਾ।
ਕਰੀਬ 10 ਮਹੀਨੇ ਸਰਹੱਦਾਂ 'ਤੇ ਲਾਏ ਡੇਰੇ
ਗੌਰਤਲਬ ਹੈ ਕਿ ਐਸਕੇਐਮ (ਗੈਰ-ਸਿਆਸੀ) ਅਤੇ ਕੇਐਮਐਮ ਦੇ ਬੈਨਰ ਹੇਠ ਕਿਸਾਨ 13 ਫਰਵਰੀ, 2024 ਤੋਂ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਸ਼ੰਭੂ ਅਤੇ ਖਨੌਰੀ ਵਿਖੇ ਡੇਰੇ ਲਾਏ ਹੋਏ ਹਨ। ਇਸ ਦੌਰਾਨ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਦੇ ਦਿੱਲੀ ਵੱਲ ਮਾਰਚ ਨੂੰ ਰੋਕ ਦਿੱਤਾ ਸੀ। 101 ਕਿਸਾਨਾਂ ਦਾ ਇੱਕ ਸਮੂਹ ਪਹਿਲਾਂ ਹੀ 6 ਦਸੰਬਰ, 8 ਦਸੰਬਰ ਅਤੇ 14 ਦਸੰਬਰ ਨੂੰ ਪੈਦਲ ਦਿੱਲੀ ਵਿੱਚ ਦਾਖਲ ਹੋਣ ਦੀਆਂ ਤਿੰਨ ਕੋਸ਼ਿਸ਼ਾਂ ਕਰ ਚੁੱਕਾ ਹੈ। ਉਨ੍ਹਾਂ ਨੂੰ ਹਰਿਆਣਾ ਦੇ ਸੁਰੱਖਿਆ ਕਰਮੀਆਂ ਨੇ ਅੱਗੇ ਨਹੀਂ ਵਧਣ ਦਿੱਤਾ।
ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (70) 26 ਨਵੰਬਰ ਤੋਂ ਖਨੌਰੀ ਸਰਹੱਦ ’ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕੇਂਦਰ ’ਤੇ ਦਬਾਅ ਬਣਾਉਣ ਲਈ ਮਰਨ ਵਰਤ ’ਤੇ ਹਨ। ਡੱਲੇਵਾਲ ਦੀ ਵਿਗੜਦੀ ਸਿਹਤ ਦੇ ਵਿਚਕਾਰ, ਬੁੱਧਵਾਰ ਨੂੰ ਪੰਜਾਬ ਦੀ ਸੱਤਾਧਾਰੀ 'ਆਪ' ਦੇ ਇੱਕ ਵਫ਼ਦ ਨੇ ਖਨੌਰੀ ਧਰਨੇ ਵਾਲੀ ਥਾਂ 'ਤੇ ਕਿਸਾਨ ਆਗੂ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਸਿਹਤ ਨੂੰ ਮਹੱਤਵਪੂਰਨ ਦੱਸਦੇ ਹੋਏ ਡਾਕਟਰੀ ਇਲਾਜ ਕਰਵਾਉਣ ਦੀ ਅਪੀਲ ਕੀਤੀ।