ਲੁਧਿਆਣਾ: ਪਨਬਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵਲੋਂ ਵੱਡਾ ਐਲਾਨ ਕੀਤਾ ਗਿਆ ਕਿ ਕੱਲ੍ਹ (12 ਮਾਰਚ) ਦੁਪਹਿਰ 12 ਵਜੇ ਤੋਂ ਬਾਅਦ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਇਸ ਤੋਂ ਇਲਾਵਾ, ਕਿਹਾ ਕਿ 13 ਮਾਰਚ ਨੂੰ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ। ਸੋ, ਇਸ ਦੇ ਮੱਦੇਨਜ਼ਰ, ਕੱਲ੍ਹ ਪੰਜਾਬ ਦੀਆਂ ਸੜਕਾਂ 'ਤੇ 3000 ਦੇ ਕਰੀਬ ਬੱਸਾਂ ਨਹੀਂ ਚੱਲਣਗੀਆਂ।
12 ਤੇ 13 ਮਾਰਚ ਨੂੰ ਬੱਸਾਂ ਦੇ ਚੱਕੇ ਜਾਮ: ਇਸ ਮੌਕੇ ਬੋਲਦੇ ਹੋਏ ਪਨਬਸ ਅਤੇ ਪੀਆਰਟੀਸੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੀ ਹੈ ਤੇ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਤੋੜਨ ਮਰੋੜ ਕੇ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਸ ਦਾ ਵਿਰੋਧ ਕਰਨ ਲਈ ਅੱਜ ਗੇਟ ਰੈਲੀ ਕੀਤੀ ਗਈ ਹੈ ਅਤੇ ਕੱਲ ਦੁਪਹਿਰ 12 ਵਜੇ ਤੋਂ ਬਾਅਦ ਪੰਜਾਬ ਭਰ ਵਿੱਚ ਬੱਸਾਂ ਨਹੀਂ ਚੱਲਣਗੀਆਂ। ਉਨ੍ਹਾਂ ਨੇ ਕਿਹਾ ਕਿ 13 ਮਾਰਚ ਨੂੰ ਇਸ ਕਰਕੇ ਪੰਜਾਬ ਭਰ ਦੇ ਕੱਚੇ ਬਸ ਮੁਲਾਜ਼ਮ ਵਿਧਾਨ ਸਭਾ ਦਾ ਘਿਰਾਓ ਕਰਨਗੇ ਅਤੇ 13 ਮਾਰਚ ਨੂੰ ਸੜਕਾਂ ਉੱਪਰ ਕੋਈ ਵੀ ਸਰਕਾਰੀ ਬੱਸ ਨਹੀਂ ਚੱਲੇਗੀ।
ਇਹ ਹਨ ਮੁਲਾਜ਼ਮਾਂ ਦੀਆਂ ਮੰਗਾਂ: ਇਸ ਦੌਰਾਨ ਲੁਧਿਆਣਾ ਪਨਬਸ ਡੀਪੂ ਮੁਲਾਜ਼ਮ ਯੂਨੀਅਨ ਦੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਅੱਜ ਸਾਰੇ ਹੀ ਬਸ ਡੀਪੂਆਂ ਉੱਤੇ ਗੇਟ ਰੈਲੀ ਕੀਤੀ ਜਾ ਰਹੀ ਹੈ ਅਤੇ ਕੱਲ ਲਈ ਵਿਊਤਬੰਦੀ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਮਹਿਕਮੇ ਦੇ ਹੀ ਕੁਝ ਭ੍ਰਿਸ਼ਟ ਅਧਿਕਾਰੀ ਜਾਣ ਬੁਝ ਕੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਵਜ੍ਹਾਂ ਤੋਂ ਮੁਲਾਜ਼ਮਾਂ ਨੂੰ ਡਿਊਟੀ ਤੋਂ ਕੱਢ ਕੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ (Punbus and PRTC Employees Protest) ਜਾ ਰਹੀ ਹੈ। ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਪੱਕੀ ਤਨਖਾਹਾਂ ਜੋ ਮਿਲ ਰਹੀਆਂ ਹਨ, ਉਨ੍ਹਾਂ ਉੱਤੇ ਵੀ ਕਟੌਤੀ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਨੂੰ ਚੇਤਾਵਨੀ: ਗੁਰਪ੍ਰੀਤ ਵੜੈਚ ਨੇ ਕਿਹਾ ਕਿ ਨਾ ਹੀ ਪੰਜਾਬ ਸਰਕਾਰ ਨੇ ਕੋਈ ਇਸ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਹਨ ਅਤੇ ਨਾ ਹੀ ਟਰਾਂਸਪੋਰਟ ਮੰਤਰੀ ਨੇ ਕੋਈ ਅਜਿਹੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਮਹਿਕਮੇ ਦੇ ਹੀ ਕੁਝ ਅਧਿਕਾਰੀ ਅਜਿਹੇ ਮਨਮਰਜੀਆਂ ਕਰ ਰਹੇ ਹਨ। ਬਿਨਾਂ ਗੱਲ ਤੋਂ ਵਰਕਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸੀ ਦੀ ਰੋਸ ਵਜੋਂ ਅੱਜ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਜੇਕਰ ਫਿਰ ਵੀ ਸਾਡੀ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਤਾਂ ਕੱਲ੍ਹ 12 ਵਜੇ ਤੋਂ ਬਾਅਦ ਪੀਆਰਟੀਸੀ ਅਤੇ ਪਨ ਬੱਸ ਦੀ ਕੋਈ ਵੀ ਬੱਸ ਪੰਜਾਬ ਵਿੱਚ ਨਹੀਂ ਚੱਲੇਗੀ ਇਸ ਤੋਂ ਇਲਾਵਾ 13 ਮਾਰਚ ਨੂੰ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਦੌਰਾਨ ਉਹ ਪੰਜਾਬ ਦੀ ਵਿਧਾਨ ਸਭਾ ਦਾ ਵੀ ਘਿਰਾਓ ਕਰਨਗੇ।