ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆਵਾਂ 19 ਫਰਵਰੀ ਤੋਂ ਸ਼ੁਰੂ ਹੋਣਗੀਆਂ। ਬੋਰਡ ਨੇ ਪ੍ਰੀਖਿਆ ਨਾਲ ਸਬੰਧਤ ਡੇਟਸ਼ੀਟ ਆਪਣੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਹੈ।
ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ
8ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 7 ਮਾਰਚ ਤੱਕ ਲਈਆਂ ਜਾਣਗੀਆਂ। ਜਦਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ ਤੱਕ ਹੋਣਗੀਆਂ। ਜਦਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ ਤੋਂ 4 ਅਪ੍ਰੈਲ ਤੱਕ ਚੱਲਣਗੀਆਂ। ਪ੍ਰੀਖਿਆ ਦਾ ਸਮਾਂ ਸਵੇਰੇ 11 ਵਜੇ ਹੋਵੇਗਾ। ਪ੍ਰੀਖਿਆ ਦੀ ਡੇਟਸ਼ੀਟ www.pseb.ac.in ਦੇਖੀ ਜਾ ਸਕਦੀ ਹੈ। ਇੱਕ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ। ਜਿੱਥੇ ਵਿਦਿਆਰਥੀਆਂ ਨਾਲ ਸਬੰਧਤ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ।
ਪ੍ਰੈਕਟੀਕਲ ਪ੍ਰੀਖਿਆ ਦੀਆਂ ਤਰੀਕਾਂ
ਦੱਸ ਦਈਏ ਕਿ ਇਸ ਤੋਂ ਪਹਿਲਾ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ), ਮੁਹਾਲੀ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੋਕੇਸ਼ਨਲ ਅਤੇ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (NSQF) ਵਿਸ਼ਿਆਂ ਦੀ ਪ੍ਰੈਕਟੀਕਲ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਸਰਕਾਰੀ ਸੂਚਨਾ ਅਨੁਸਾਰ ਇਹ ਪ੍ਰੈਕਟੀਕਲ ਪ੍ਰੀਖਿਆਵਾਂ 27 ਜਨਵਰੀ 2025 ਤੋਂ 4 ਫਰਵਰੀ 2025 ਤੱਕ ਰਾਜ ਦੇ ਵੱਖ-ਵੱਖ ਸਕੂਲਾਂ ਵਿੱਚ ਲਈਆਂ ਜਾਣਗੀਆਂ।
ਪੰਜਾਬ ਬੋਰਡ ਦੇ ਵਿਦਿਆਰਥੀਆਂ ਨੂੰ ਇਸ ਪ੍ਰੈਕਟੀਕਲ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਅਨੁਸਾਰ ਆਪੋ-ਆਪਣੇ ਸਕੂਲਾਂ ਵਿੱਚ ਬੈਠਣਾ ਪਵੇਗਾ। ਵਿਦਿਆਰਥੀ PSEB ਦੀ ਵੈੱਬਸਾਈਟ pseb.ac.in 'ਤੇ ਜਾ ਕੇ ਆਪਣੀ ਪ੍ਰੀਖਿਆ ਦਾ ਸਮਾਂ ਸਾਰਣੀ ਦੇਖ ਸਕਦੇ ਹਨ। PSEB ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਵੋਕੇਸ਼ਨਲ ਅਤੇ NSQF ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲ ਦੇ ਸਬੰਧਤ ਅਧਿਆਪਕਾਂ ਦੁਆਰਾ ਤਿਆਰ ਕੀਤੇ ਜਾਣਗੇ ਅਤੇ ਪ੍ਰੀਖਿਆਵਾਂ ਕਰਵਾਈਆਂ ਜਾਣਗੀਆਂ।
ਸੈਕਟਰ ਸਕਿੱਲ ਕੌਂਸਲ ਕਰੇਗੀ ਨਿਗਰਾਨੀ
NSQF ਪ੍ਰੈਕਟੀਕਲ ਪ੍ਰੀਖਿਆ ਦੀ ਨਿਗਰਾਨੀ ਸੈਕਟਰ ਸਕਿੱਲ ਕੌਂਸਲਾਂ ਦੁਆਰਾ ਕੀਤੀ ਜਾਵੇਗੀ, ਜੋ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (NSDC) ਦੇ ਅਧੀਨ ਕੰਮ ਕਰੇਗੀ। ਇਸ ਵਿਸ਼ੇ ਲਈ ਬੋਰਡ ਵੱਲੋਂ ਕੋਈ ਪ੍ਰਸ਼ਨ ਪੱਤਰ ਜਾਂ ਉੱਤਰ ਪੱਤਰੀਆਂ ਸਕੂਲਾਂ ਨੂੰ ਨਹੀਂ ਭੇਜੀਆਂ ਜਾਣਗੀਆਂ।