ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਦਾ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ, ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਕਈ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲ ਰਹੇ ਹਨ। ਅੱਜ ਬਠਿੰਡਾ ਦੇ ਪਰਸਰਾਮ ਨਗਰ ਚੌਂਕ ਵਿੱਚ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅਨੋਖੇ ਢੰਗ ਨਾਲ ਕਾਂਗਰਸ ਤੇ ਆਪ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਖੌਟੇ ਪਾ ਕੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸਾਬਕਾ ਕੌਂਸਲਰ ਵੱਲੋਂ ਹਿੰਦੀ ਫਿਲਮ ਦਾ ਗੀਤ 'ਜੇ ਦੋਸਤੀ ਹਮ ਨਹੀ ਛੋੜੇਗੇ' ਗਾ ਕੇ ਇਹ ਪ੍ਰਦਰਸ਼ਨ ਕੀਤਾ ਗਿਆ।
ਆਪ-ਕਾਂਗਰਸ ਵਾਲੇ ਪੰਜਾਬੀਆਂ ਨੂੰ ਪਾਗਲ ਬਣਾ ਰਹੇ: ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਵਿਜੇ ਕੁਮਾਰ ਕੌਂਸਲਰ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਨੂੰ ਲੈ ਕੇ ਦੇਸ਼ ਭਰ ਵਿੱਚ ਕਾਂਗਰਸ ਅਤੇ ਆਪ ਵੱਲੋਂ ਗਠਜੋੜ ਕੀਤਾ ਗਿਆ ਹੈ, ਪਰ ਪੰਜਾਬ ਵਿੱਚ ਇਹ ਗੱਠਜੋੜ ਲਾਗੂ ਨਹੀਂ ਕੀਤਾ ਗਿਆ, ਕਿਉਂਕਿ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਬੁੱਧੂ ਬਣਾਉਂਦੇ ਹੋਏ ਕਾਂਗਰਸ ਅਤੇ ਆਪ ਵੱਲੋਂ ਇਹ ਗੱਠਜੋੜ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹਾਲਾਂਕਿ ਗੱਠਜੋੜ ਨਾ ਹੋਣ ਦੇ ਬਾਵਜੂਦ ਵੀ ਆਪ ਵੱਲੋਂ (Lok Sabha Election 2024) ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਉਤਾਰਿਆ ਜਾ ਰਿਹਾ ਹੈ, ਜਿਸ ਤੋਂ ਸਾਫ ਜਾ ਰਿਹਾ ਹੈ ਕਿ ਇਹ ਇੱਕਜੁੱਟ ਹਨ ਪਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਇਹ ਵੱਖ-ਵੱਖ ਹੋਣ ਦਾ ਡਰਾਮਾ ਕਰ ਰਹੇ ਹਨ।
ਭਗਵੰਤ ਮਾਨ, ਕੇਜਰੀਵਾਲ ਤੇ ਰਾਹੁਲ ਗਾਂਧੀ ਉੱਤੇ ਸਾਧੇ ਨਿਸ਼ਾਨੇ: ਰਾਹੁਲ ਗਾਂਧੀ ਦਾ ਮਖੌਟਾ ਪਾ ਕੇ ਪ੍ਰਦਰਸ਼ਨ ਕਰ ਰਹੇ ਸਾਬਕਾ ਕੌਂਸਲਰ ਵਿਜੇ ਕੁਮਾਰ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ, ਪਰ ਹੁਣ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਵਾਅਦਿਆਂ ਨੂੰ ਯਾਦ ਕਰਦੇ ਹੋਏ ਸਵਾਲ ਕੀਤੇ ਜਾਣ ਜਿਸ ਤਰ੍ਹਾਂ ਬੀਬੀਆਂ ਨੂੰ 1 ਹਜ਼ਾਰ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਦੋ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਬੀਬੀਆਂ ਨੂੰ ਇਕ ਰੁਪਿਆ ਨਹੀਂ ਦਿੱਤਾ। ਹੁਣ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਦੋ ਸਾਲ ਦੇ ਇਕੱਠੇ ਪੈਸਾਂ ਭਗਵੰਤ ਮਾਨ ਸਰਕਾਰ ਤੋਂ ਮੰਗਣ, ਜੋ ਕਿ ਲਗਭਗ 24 ਹਜ਼ਾਰ ਰੁਪਏ ਬਣਦਾ ਹੈ। ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਵੱਡੇ ਵੱਡੇ ਪੋਸਟਰ ਲਗਾਉਣ ਨੂੰ ਤਰਜੀਹ ਦੇਣਾ ਸਾਫ ਜਾ ਰਿਹਾ ਹੈ ਕਿ ਇਹ ਕਿਸਾਨਾਂ ਪ੍ਰਤੀ ਕਿੰਨਾ ਕੁ ਚਿੰਤਤ ਹਨ।