ਬਠਿੰਡਾ: ਆਪਣੀਆਂ ਮੰਗਾਂ ਨੂੰ ਲੈਕੇ 17 ਦਿਨ ਪਹਿਲਾਂ ਦਿੱਲੀ ਦੀਆਂ ਬਰੂਹਾਂ ਨੂੰ ਕੂਚ ਕਰਨ ਲਈ ਕਿਸਾਨ ਪੰਜਾਬ ਤੋਂ ਰਵਾਨਾ ਹੋਏ ਪਰ ਹਰਿਆਣਾ ਸਰਕਾਰ ਨੇ ਬਾਰਡਰਾਂ ਨੂੰ ਕਿਲ੍ਹੇ ਵਿੱਚ ਬਦਲ ਕੇ ਕਿਸਾਨਾਂ ਨੂੰ ਦਿੱਲੀ ਕੂਚ ਨਹੀਂ ਕਰਨ ਦਿੱਤਾ। ਇਸ ਤੋਂ ਬਾਅਦ 21 ਫਰਵਰੀ ਨੂੰ ਕਿਸਾਨ ਆਗੂਆਂ ਦੀ ਕਾਲ ਉੱਤੇ ਕਿਸਾਨਾਂ ਨੇ ਬਾਰਡਰਾਂ ਨੂੰ ਪਾਰ ਕਰਕੇ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਖਨੌਰੀ ਬਾਰਡਰ ਉੱਤੇ ਸੰਘਰਸ਼ ਵਿੱਚ ਸ਼ਾਮਿਲ ਨੌਜਵਾਨ ਕਿਸਾਨ ਸ਼ੁੱਭਕਰਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।
ਸ਼ੁੱਭਕਰਨ ਦੀ ਬਣਾਈ ਜਾਵੇਗੀ ਯਾਦਗਾਰ: ਸ਼ੁੱਭਕਰਨ ਦਾ ਅੰਤਿਮ ਸਸਕਾਰ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਅਤੇ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤੀ ਜ਼ਮੀਨ ’ਚ ਕੀਤਾ ਗਿਆ ਹੈ। ਪਹਿਲਾਂ ਅੰਤਿਮ ਰਸਮਾਂ ਪਿੰਡ ਦੇ ਰਾਮਬਾਗ ’ਚ ਨਿਭਾਉਣ ਦੀ ਗੱਲ ਕਹੀ ਜਾ ਰਹੀ ਸੀ ਪਰ ਬਾਅਦ ’ਚ ਫ਼ੈਸਲਾ ਬਦਲ ਦਿੱਤਾ ਗਿਆ। ਇਸ ਜ਼ਮੀਨ ’ਚ ਹੁਣ ਸ਼ੁੱਭਕਰਨ ਦੀ ਯਾਦਗਾਰ ਵੀ ਬਣਾਉਣ ਦੀ ਗੱਲ ਆਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਦੇ ਕਾਫਲੇ ਨਾਲ ਸ਼ਹੀਦ ਸ਼ੁੱਭਕਰਨ ਸਿੰਘ ਦੀ ਮ੍ਰਿਤਕ ਦੇਹ ਫੁੱਲਾਂ ਨਾਲ ਸਜ਼ੀ ਐਂਬੂਲੈਂਸ ’ਚ ਪਿੰਡ ਬੱਲੋ ਵਿਖੇ ਉਨ੍ਹਾਂ ਦੇ ਜੱਦੀ ਘਰ ਲਿਆਂਦੀ ਗਈ।
ਭੈਣਾਂ ਨੇ ਸਜਾਇਆ ਸਿਹਰਾ: ਸ਼ੁੱਭਕਰਨ ਦੀ ਅੰਤਿਮ ਯਾਤਰਾ ਦੌਰਾਨ ਸਤਿਨਾਮ-ਵਾਹਿਗਰੂ ਦਾ ਜਾਪ ਹੋਇਆ ਤੇ ਉਸ ਦੀ ਸੋਚ 'ਤੇ ਪਹਿਰਾ ਦੇਣ ਦੇ ਨਾਅਰੇ ਵੀ ਲੱਗੇ। ਅੰਤਿਮ ਵਿਦਾਈ ਦੇਣ ਤੋਂ ਪਹਿਲਾਂ ਸ਼ਹੀਦ ਦੀਆਂ ਦੋਵਾਂ ਭੈਣਾਂ ਨੇ ਆਪਣੇ ਇਕਲੌਤੇ ਭਰਾ ਦੇ ਸਿਹਰਾ ਸਜਾਇਆ ਤੇ ਅੰਤਿਮ ਵਿਦਾਈ ਦਿੱਤੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਸਤਿਕਾਰ ਵਜੋਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਜੱਥੇਬੰਦੀ ਦਾ ਝੰਡਾ ਪਾਇਆ। ਸ਼ਹੀਦ ਦੀ ਮ੍ਰਿਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਦਿੱਤੀ।
ਨਮ ਅੱਖਾਂ ਨਾਲ ਅੰਤਿਮ ਸਸਕਾਰ: ਇਸ ਤੋਂ ਮਗਰੋਂ ਸ਼ੁਭਕਰਨ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਕਤਲ ਦੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਅਤੇ ਕੁੱਝ ਹੋਰ ਮੰਗਾਂ ਪੂਰੀਆਂ ਕਰਨ ਦੀ ਸ਼ਰਤ ਰੱਖੀ। ਇਨ੍ਹਾਂ ਮੰਗਾਂ ਨੂੰ ਪੂਰੀਆਂ ਕਰਦਿਆਂ ਸਰਕਾਰ ਨੇ ਹਫਤੇ ਤੋਂ ਜ਼ਿਆਦਾ ਸਮਾਂ ਲਗਾ ਦਿੱਤਾ ਅਤੇ ਹੁਣ ਇੱਕ ਹਫਤੇ ਤੋਂ ਵੀ ਜ਼ਿਆਦਾ ਸਮੇਂ ਮਗਰੋਂ ਮ੍ਰਿਤਕ ਸ਼ੁੱਭਕਰਨ ਦਾ ਅੰਤਿਮ ਸਸਕਾਰ ਉਸ ਦੇ ਜੱਦੀ ਪਿੰਡ ਬੱਲੋ ਵਿਖੇ ਕੀਤਾ ਗਿਆ। ਇਸ ਦੌਰਾਨ ਲੱਖਾਂ ਦੀ ਗਿਣਤੀ 'ਚ ਲੋਕ ਸ਼ੁੱਭਕਰਨ ਸਿੰਘ ਦੇ ਅੰਤਿਮ ਸਸਕਾਰ 'ਚ ਸ਼ਾਮਲ ਹੋਏ।
3 ਮਾਰਚ ਨੂੰ ਬੱਲੋ ਦਾਣਾ ਮੰਡੀ 'ਚ ਭੋਗ: ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਸੰਘਰਸ਼ ਲਈ ਨੌਜਵਾਨ ਕਿਸਾਨ ਨੇ ਸ਼ਹਾਦਤ ਦਿੱਤੀ ਹੈ, ਉਸ ਲਈ ਧਰਨਾ ਲਗਾਤਾਰ ਜਾਰੀ ਰਹੇਗਾ ਅਤੇ ਆਪਣੀਆਂ ਹੱਕੀ ਮੰਗਾਂ ਮੰਨ ਕੇ ਹੀ ਵਾਪਸ ਮੁੜਾਂਗੇ। ਉਨ੍ਹਾਂ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਧਰਨਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨ ਕਿਸਾਨ ਦੇ ਅੰਤਿਮ ਸਸਕਾਰ ਲਈ ਦੇਸ਼ ਭਰ ਤੋਂ ਕਿਸਾਨ ਅਤੇ ਮਾਤਾਵਾਂ ਤੇ ਭੈਣਾਂ ਆਈਆਂ ਹਨ, ਜਿੰਨ੍ਹਾਂ ਨੂੰ ਉਹ ਅੱਗੇ ਵੀ ਬੇਨਤੀ ਕਰਨਗੇ ਕਿ 3 ਮਾਰਚ ਨੂੰ ਬੱਲੋ ਦੀ ਦਾਣਾ ਮੰਡੀ 'ਚ ਸ਼ਹੀਦ ਸ਼ੁੱਭਕਰਨ ਸਿੰਘ ਦੇ ਲਈ ਰੱਖੇ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਵੇਗਾ, ਜਿਸ 'ਚ ਵੱਧ ਚੜ੍ਹ ਕੇ ਹਿੱਸਾ ਲੈਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡਾ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਹੈ ਜੋ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਦੀ ਗੋਲੀ ਨਾਲ ਨੌਜਵਾਨ ਕਿਸਾਨ ਦੀ ਸ਼ਹਾਦਤ ਹੋਈ ਹੈ, ਉਸ ਦਾ ਬਦਲਾ ਦੇਸ਼ ਦੇ ਲੋਕ ਜ਼ਰੂਰ ਲੈਣਗੇ।
ਜਿੱਤ ਕੇ ਮੁੜਾਂਗੇ ਵਾਪਸ: ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਨੌਜਵਾਨ ਸ਼ਹੀਦ ਕਿਸਾਨ ਸ਼ੁੱਭਕਰਨ ਸਿੰਘ ਦੀ ਸ਼ਹਾਦਤ ਨੂੰ ਫੁੱਲ ਪੈਣੇ ਸ਼ੁਰੂ ਹੋਏ ਹਨ ਕਿ ਜਿਥੇ ਸਰਕਾਰ ਨੂੰ ਕਿਸਾਨ ਅੰਦੋਲਨ ਦੇ ਦਬਾਅ ਦੇ ਚੱਲਦੇ ਪਹਿਲੀ ਵਾਰ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਮਜ਼ਬੂਰ ਹੋਣਾ ਪਿਆ। ਇਸ ਤੋਂ ਇਲਾਵਾ ਗੰਨੇ ਦਾ ਭਾਅ ਵਧਾਇਆ ਗਿਆ ਤੇ ਹਰਿਆਣਾ 'ਚ ਕਿਸਾਨਾਂ ਦੇ ਕਰਜ਼ ਦਾ ਵਿਆਜ਼ ਮੁਆਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਇਲਜ਼ਾਮ ਲੱਗਦੇ ਸੀ ਕਿ ਤਿੰਨ ਕਾਨੂੰਨ ਰੱਦ ਹੋਣ 'ਤੇ ਅੰਦੋਲਨ ਖਤਮ ਕਰਕੇ ਚਲੇ ਗਏ ਤੇ ਹੁਣ ਉਹ ਇਲਜ਼ਾਮ ਖਤਮ ਕਰਨ ਦਾ ਸਮਾਂ ਆ ਗਿਆ ਹੈ ਤੇ ਪਹਿਲਾਂ ਨਾਲੋਂ ਵੀ ਜਿਆਦਾ ਅੰਦੋਲਨ ਖੜਾ ਕੀਤਾ ਹੈ ਤੇ ਅੱਗੇ ਆ ਕੇ ਕਿਸਾਨਾਂ ਦਾ ਸਾਥ ਜ਼ਰੂਰ ਦੇਣ ਤਾਂ ਜੋ ਅਜਿਹੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਨੂੰ ਉਹ ਅੱਗੇ ਤੱਕ ਲੈਕੇ ਜਾਣਗੇ ਅਤੇ ਜਿੱਤ ਕੇ ਹੀ ਵਾਪਸ ਪਰਤਣਗੇ।
ਸਰਕਾਰ ਨੇ ਮੰਨੀਆਂ ਮੰਗਾਂ: ਦੱਸ ਦਈਏ ਕਿ ਮੰਗਾਂ ਮੰਨੇ ਜਾਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਅੱਜ ਬਠਿੰਡਾ ਵਿਖੇ ਮ੍ਰਿਤਕ ਨੌਜਵਾਨ ਦਾ ਸਸਕਾਰ ਉਸ ਦੇ ਜੱਦੀ ਪਿੰਡ ਕੀਤਾ ਜਾਵੇਗਾ। ਡੱਲੇਵਾਲ ਨੇ ਦੱਸਿਆ ਕਿ ਪੁਲਿਸ ਨੇ ਕਤਲ ਦੀ ਧਾਰਾ 302 ਤਹਿਤ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਪਰਿਵਾਰ ਦੇ ਜੀਅ ਨੂੰ ਨੌਕਰੀ ਦੇਣ ਦੀ ਗੱਲ ਵੀ ਮਨਜ਼ੂਰ ਕਰ ਲਈ ਹੈ। ਇਹ ਸਾਰੀਆਂ ਗੱਲਾਂ ਮੰਨੇ ਜਾਣ ਤੋਂ ਬਾਅਦ ਹੀ ਕਿਸਾਨ ਅਤੇ ਪਰਿਵਾਰ ਪੋਸਟਮਾਰਟਮ ਲਈ ਰਾਜੀ ਹੋਏ ਸਨ।