ਲੁਧਿਆਣਾ: ਦਿੱਲੀ ਦੇ ਵਿੱਚ ਸ਼ਰਾਬ ਨੀਤੀ ਘੁਟਾਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਹੈ। ਜਿਸ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਸਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਦੀ ਵਾਰੀ ਦੀ ਗੱਲ ਆਖ ਰਹੀਆਂ ਹਨ ਅਤੇ ਦਾਅਵੇ ਕਰ ਰਹੀਆਂ ਹਨ ਕਿ ਪੰਜਾਬ ਵਿੱਚ ਦਿੱਲੀ ਨਾਲੋਂ ਵੀ ਵੱਡੇ ਸ਼ਰਾਬ ਨੀਤੀ ਦਾ ਘੁਟਾਲਾ ਹੋਇਆ ਹੈ। ਇਸ ਦੀ ਜਾਂਚ ਵਿੱਚ ਵੱਡੇ ਖੁਲਾਸੇ ਹੋ ਸਕਦੇ ਹਨ।
ਇਸ ਨੂੰ ਲੈ ਕੇ, ਬੀਤੇ ਦਿਨੀ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਈਡੀ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਵੀ ਸ਼ਰਾਬ ਨੀਤੀ ਦੀ ਜਾਂਚ ਕਰਾਉਣ। ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵੀ ਦਿੱਲੀ ਸਰਕਾਰ ਦੇ ਮਾਡਲ ਨੂੰ ਹੀ ਲਾਗੂ ਕੀਤਾ ਸੀ ਇਸ ਕਰਕੇ ਘੁਟਾਲਾ ਸਿਰਫ ਦਿੱਲੀ ਵਿੱਚ ਹੀ ਨਹੀਂ ਸਗੋਂ ਪੰਜਾਬ ਵਿੱਚ ਵੀ ਹੋਇਆ ਹੈ।
ਪੰਜਾਬ 'ਚ ਸ਼ਰਾਬ ਨੀਤੀ ਜਾਂਚ ਦੀ ਮੰਗ: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਮੌਤ ਤੱਕ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਢਿੱਲੋ ਨੇ ਸਵਾਲ ਖੜੇ ਕਰਦਿਆ ਕਿਹਾ ਕਿ 2022 ਵਿੱਚ ਜੋ ਨੀਤੀ ਦਿੱਲੀ ਅੰਦਰ ਸ਼ਰਾਬ ਨੂੰ ਲੈ ਕੇ ਲਾਗੂ ਕੀਤੀ ਗਈ, ਉਹੀ ਨੀਤੀ ਪੰਜਾਬ ਵਿੱਚ ਵੀ ਲਾਗੂ ਕੀਤੀ ਗਈ ਸੀ। ਇੱਥੋਂ ਤੱਕ ਕਿ ਬਕਾਇਦਾ ਇਸ ਸਬੰਧੀ ਮਨੀਸ਼ ਸਿਸੋਦੀਆ ਅਤੇ ਹੋਰ ਅਧਿਕਾਰੀਆਂ ਦੀ ਪੰਜਾਬ ਦੇ ਮੰਤਰੀਆਂ ਦੇ ਨਾਲ ਬੈਠਕ ਵੀ ਹੋਈ ਸੀ।
ਆਪ ਦੀ ਭਾਜਪਾ ਨਾਲ ਬਣਦੀ ਹੈ ! : ਅਕਾਲੀ ਦਲ ਆਗੂ ਢਿੱਲੋ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵੱਲੋਂ ਲੋਕ ਸਭਾ ਵਿੱਚ ਮੁੱਦਾ ਵੀ ਚੁੱਕਿਆ ਗਿਆ ਸੀ ਅਤੇ ਪੰਜਾਬ ਵਿੱਚ ਵੀ ਸ਼ਰਾਬ ਨੀਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇੱਥੋਂ ਤੱਕ ਕਿ ਸਪੀਕਰ ਦੇ ਕਹਿਣ ਉੱਤੇ ਉਨ੍ਹਾਂ ਵੱਲੋਂ ਲਿਖ਼ਤੀ ਵਿੱਚ ਵੀ ਇਹ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਭਾਜਪਾ ਨਾਲ ਚੰਗੀ ਬਣਦੀ ਹੈ ਇਸ ਕਰਕੇ ਉਦੋਂ ਇਸ ਸਬੰਧੀ ਜਾਂਚ ਨਹੀਂ ਕਰਵਾਈ ਗਈ, ਪਰ ਹੁਣ ਦਿੱਲੀ ਵਿੱਚ ਹੋ ਰਹੇ ਵੱਡੇ ਖੁਲਾਸਿਆਂ ਤੋਂ ਬਾਅਦ ਜ਼ਾਹਿਰ ਹੈ ਕਿ ਦਿੱਲੀ ਦੇ ਨਾਲੋਂ ਕਿਤੇ ਜਿਆਦਾ ਵੱਡੇ ਘੁਟਾਲੇ ਸ਼ਰਾਬ ਨੀਤੀ ਵਿੱਚ ਪੰਜਾਬ ਦੇ ਅੰਦਰ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਸ਼ਰਾਬ ਨੀਤੀ ਵਿੱਚ ਹੋਏ ਘੁਟਾਲਿਆਂ ਤੋਂ ਬਾਅਦ ਹਿਮਾਚਲ ਪ੍ਰਦੇਸ਼ ਗੁਜਰਾਤ ਗੋਆ ਅਤੇ ਹੋਰਨਾਂ ਸੂਬਿਆਂ ਵਿੱਚ ਹੋਈਆਂ ਚੋਣਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਇਸ ਫੰਡ ਦਾ ਇਸਤੇਮਾਲ ਕੀਤਾ ਹੈ ਜਿਸ ਦੀ ਜਾਂਚ ਹੋਣੀ ਲਾਜ਼ਮੀ ਹੈ।
ਭਾਜਪਾ ਨੇ ਕਿਹਾ- ਆਪ ਨੇ ਕੀਤੇ ਵੱਡੇ ਘੁਟਾਲੇ : ਇਸ ਮੁੱਦੇ ਨੂੰ ਲੈ ਕੇ ਭਾਜਪਾ ਲਗਾਤਾਰ ਹਮਲਾਵਰ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਸਵਾਲ ਖੜੇ ਕਰ ਰਹੀ ਹੈ ਇੱਕ ਪਾਸੇ ਸੁਨੀਲ ਜਾਖੜ ਨੇ ਸਵਾਲ ਖੜੇ ਕੀਤੇ ਹਨ, ਉੱਥੇ ਹੀ ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਵੀ ਕਿਹਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਤਾਂ ਉਨ੍ਹਾਂ ਨੇ ਪੰਜਾਬ ਵਿੱਚ ਵੀ ਦਿੱਲੀ ਦਾ ਪੂਰਾ ਮਾਡਲ ਲਾਗੂ ਕਰਨ ਦੇ ਦਾਅਵੇ ਕੀਤੇ ਸਨ। ਉਸੇ ਤਰਜ਼ ਉੱਤੇ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਅਤੇ ਹੁਣ ਉਨ੍ਹਾਂ ਕਿਹਾ ਕਿ ਦਿੱਲੀ ਦੀ ਸ਼ਰਾਬ ਨੀਤੀ ਦੀ ਤਰਜ਼ ਉੱਤੇ ਹੀ ਪੰਜਾਬ ਵਿੱਚ ਵੀ ਸ਼ਰਾਬ ਨੀਤੀ ਤਿਆਰ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਬਕਾਇਦਾ ਇਸ ਸਬੰਧੀ ਪੰਜਾਬ ਵਿੱਚ ਬੈਠਕਾਂ ਵੀ ਹੋਈਆਂ ਹਨ। ਇਸ ਕਰਕੇ ਇਸ ਦੀ ਜਾਂਚ ਹੋਣੀ ਬੇਹਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਇਸ ਦੀ ਡੁੰਘਾਈ ਨਾਲ ਜਾਂਚ ਹੋਵੇਗੀ, ਤਾਂ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕੈਬਨਿਟ ਮੰਤਰੀ ਮੁੱਖ ਮੰਤਰੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਗਏ ਹਨ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਇਸ ਮਾਮਲੇ ਅੰਦਰ ਵੱਡੀਆਂ ਗ੍ਰਿਫਤਾਰੀਆਂ ਹੋਣਗੀਆਂ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕੇਸ ਦੀ ਡੁੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।
ਦੁਚਿੱਤੀ ਵਿੱਚ ਕਾਂਗਰਸ: ਜਦਕਿ, ਦੂਜੇ ਪਾਸੇ ਕਾਂਗਰਸ ਇਸ ਮੁੱਦੇ ਉੱਤੇ ਦੁਚਿੱਤੀ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ। ਇੱਕ ਪਾਸੇ ਜਿੱਥੇ ਕੁਝ ਕਾਂਗਰਸ ਦੇ ਲੀਡਰ ਆਮ ਆਦਮੀ ਪਾਰਟੀ ਦਾ ਇਸ ਮੁੱਦੇ ਨੂੰ ਲੈ ਕੇ ਬਚਾਅ ਕਰ ਰਹੇ ਹਨ ਅਤੇ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ, ਕਾਂਗਰਸ ਦੇ ਕੁਝ ਲੀਡਰ ਆਮ ਆਦਮੀ ਪਾਰਟੀ ਉੱਤੇ ਹੀ ਸਵਾਲ ਖੜੇ ਕਰ ਰਹੇ ਹਨ। ਰਵਨੀਤ ਬਿੱਟੂ ਵੱਲੋਂ ਵੀ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਬਿਆਨ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਉੱਤੇ ਸਵਾਲ ਖੜੇ ਕਰਦਿਆ ਕਿਹਾ ਕਿ ਦਿੱਲੀ ਦੀ ਸ਼ਰਾਬ ਨੀਤੀ ਵਿੱਚ ਹੋਏ ਵੱਡੇ ਘੁਟਾਲਿਆਂ ਦਾ ਦਾਅਵਾ ਕਰਨ ਦੀ ਗੱਲ ਕਹੀ ਗਈ ਸੀ ਅਤੇ ਕਿਹਾ ਸੀ ਕਿ ਇਸੇ ਕਾਰਨ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਖੁਦ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਗਿਆ ਹੈ।
ਜਦਕਿ, ਇਸ ਸਬੰਧੀ ਅੱਜ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਐਮਐਲਏ ਕੁਲਦੀਪ ਵੈਦ ਨੂੰ ਇਹ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਰਾਜਨੀਤਿਕ ਬਦਲਾਖੋਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਬਦਲਾਖੋਰੀ ਕਰਕੇ ਇਹ ਸਭ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਈਡੀ ਨੇ ਸਾਫ ਕੀਤਾ ਹੈ ਕਿ ਜੋ ਇਸ ਮਾਮਲੇ ਦਾ ਕਿੰਗ ਪਿਨ ਹੈ, ਉਹ ਅਰਵਿੰਦ ਕੇਜਰੀਵਾਲ ਨਹੀਂ, ਸਗੋਂ ਸ਼ਰਦ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਦ ਨੇ ਭਾਜਪਾ ਨੂੰ ਵੀ ਇਲੈਕਟਰੋਲ ਬੋਂਡ ਲਗਭਗ 55 ਕਰੋੜ ਰੁਪਏ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਗਿਆ, ਕਿਉਂਕਿ ਭਾਜਪਾ ਦਾ ਕੇਂਦਰ ਵਿੱਚ ਸ਼ਾਸਨ ਹੈ, ਪਰ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵੀ ਡੁੰਘਾਈ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਹ ਪੂਰਾ ਵਾਕਿਆ ਸਿਆਸੀ ਬਦਲਾਖੋਰੀ ਕਰਕੇ ਕੀਤਾ ਗਿਆ ਹੈ।
ਆਪ ਦਾ ਜਵਾਬ: ਹਾਲਾਂਕਿ, ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਦਾ ਅਤੇ ਆਪਣੇ ਹੋਰ ਲੀਡਰਾਂ ਦਾ ਇਸ ਮਾਮਲੇ ਵਿੱਚ ਬਚਾਅ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਮਾਮਲੇ ਸੰਬੰਧੀ ਜਦੋਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹਨ, ਪਰ ਪੜ੍ਹਾਈ ਦਾ ਮਾਡਲ ਅਤੇ ਸਿੱਖਿਆ ਦਾ ਮਾਡਲ ਆਮ ਆਦਮੀ ਪਾਰਟੀ ਨੇ ਹੀ ਪੂਰੇ ਦੇਸ਼ ਵਿੱਚ ਪੇਸ਼ ਕਰਕੇ ਵਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕੋਲ ਵੋਟਾਂ ਮੰਗਣ ਲਈ ਕੋਈ ਮੁੱਦੇ ਹੀ ਨਹੀਂ ਹਨ, ਇਨ੍ਹਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਤੇ ਨਾ ਵਿਕਾਸ ਕੀਤਾ ਜਿਸ ਕਰਕੇ ਹੁਣ ਇਹ ਰਾਜਨਿਤਿਕ ਬਦਲਾਖੋਰੀਆਂ ਕਰ ਰਹੇ ਹਨ।
ਆਪ ਵਿਧਾਇਕ ਨੇ ਕਿਹਾ ਕਿ ਇੱਕ ਇਮਾਨਦਾਰ ਇਨਸਾਨ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਹ (ਭਾਜਪਾ) ਡਰ ਗਏ ਹਨ, ਕਿਉਂਕਿ ਇਨ੍ਹਾਂ ਕੋਲ ਹੋਰ ਕੋਈ ਤੋੜ ਨਹੀਂ ਹੈ, ਇਸ ਕਰਕੇ ਜਾਂਚ ਏਜੰਸੀਆਂ ਦਾ ਇਸਤੇਮਾਲ ਕਰਕੇ ਸਾਡੇ ਇਮਾਨਦਾਰ ਲੀਡਰਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਨੂੰ ਜੇਲ ਭੇਜ ਰਹੇ ਹਨ। ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਬੋਲਦੀ ਰਹੀ ਹੈ। ਉਨ੍ਹਾਂ ਨੇ ਖੁਦ ਨਾ ਸਿਰਫ ਆਪਣੇ ਐਮਐਲਏ ਅਤੇ ਮੰਤਰੀਆਂ ਉੱਤੇ ਕਾਰਵਾਈ ਕੀਤੀ ਹੈ, ਸਗੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨੋ ਟੋਲਰੈਂਸ ਦੀ ਨੀਤੀ ਅਪਣਾਈ ਹੈ।
ਕਿੰਨੇ ਠੇਕੇ, ਕਿੰਨਾ ਮਾਲਿਆ: ਸ਼ਰਾਬ ਨੀਤੀ ਨੂੰ ਲੈ ਕੇ ਪੰਜਾਬ ਵਿੱਚ ਨੀਤੀ ਦੇ ਅੰਦਰ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਹਾਲਾਂਕਿ, ਪੰਜਾਬ ਵਿੱਚ ਬੀਤੇ ਦਿਨੀਂ ਸ਼ਰਾਬ ਦੇ ਠੇਕਿਆਂ ਦੀ ਬੋਲੀ ਹੋਣੀ ਸੀ, ਪਰ ਆਦਰਸ਼ ਚੋਣ ਜ਼ਾਬਤਾ ਲੱਗਣ ਕਰਕੇ ਉਹ ਨਹੀਂ ਕੀਤੀ ਗਈ। ਹਾਲਾਂਕਿ ਪੰਜਾਬ ਦੇ ਵਿੱਤ ਮੰਤਰੀ ਇਹ ਲਗਾਤਾਰ ਦਾਅਵੇ ਕਰਦੇ ਰਹੇ ਕਿ ਪਿਛਲੇ ਸਾਲਾਂ ਦੇ ਦੌਰਾਨ ਸੂਬਾ ਸਰਕਾਰ ਨੂੰ ਸ਼ਰਾਬ ਨੀਤੀ ਵਿੱਚੋਂ ਪਿਛਲੇ ਦੋ ਸਾਲਾਂ ਦੇ ਅੰਦਰ 4000 ਕਰੋੜ ਰੁਪਏ ਦਾ ਮਾਲਿਆ ਪ੍ਰਾਪਤ ਕੀਤਾ ਹੈ ਅਤੇ ਸ਼ਰਾਬ ਮਾਫੀਆ ਨੂੰ ਖ਼ਤਮ ਵੀ ਕੀਤਾ ਗਿਆ ਹੈ।
ਸਵਾਲਾਂ ਦੇ ਘੇਰੇ 'ਚ ਸ਼ਰਾਬ ਨੀਤੀ: ਲਗਾਤਾਰ ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਦੇ ਮੁਤਾਬਿਕ ਬੀਤੇ ਦਿਨੀ ਏਜੰਸੀਆਂ ਵੱਲੋਂ ਪੰਜਾਬ ਵਿੱਚ ਸ਼ਰਾਬ ਨੀਤੀ ਸਬੰਧੀ ਕੁਝ ਅਧਿਕਾਰੀਆਂ ਤੋਂ ਪੁੱਛਗਿਛ ਕੀਤੀ ਗਈ। ਇੱਥੋਂ ਤੱਕ ਕਿ ਪਿਛਲੇ ਦਿਨੀ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਇੱਕ ਠੇਕੇਦਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਪਹੁੰਚ ਕੀਤੀ ਗਈ ਅਤੇ ਨਵੀਂ ਨੀਤੀ ਵਿੱਚ ਸੁਧਾਰ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਸ਼ਰਾਬ ਕਾਰੋਬਾਰੀਆਂ ਦਾ ਵੀ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਪਹਿਲਾਂ ਜਿੱਥੇ ਸ਼ਰਾਬ ਦੇ ਠੇਕੇ ਦੇ ਲਈ 3700 ਦੀ ਅਰਜ਼ੀ ਲਈ ਫੀਸ ਭਰਨੀ ਪੈਂਦੀ ਸੀ, ਉਸ ਨੂੰ ਵਧਾ ਕੇ 75,000 ਕਰ ਦਿੱਤਾ ਗਿਆ ਹੈ ਅਤੇ ਇਹ ਰਿਫੰਡੇਬਲ ਵੀ ਨਹੀਂ ਹੈ,ਅਜਿਹੇ ਵਿੱਚ ਇੰਨਾ ਵਾਧਾ ਕਿਉਂ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ।