ਹੈਦਰਾਬਾਦ ਡੈਸਕ: ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲੇ ਨਾਲ ਤੈਨਾਤ ਕੀਤੇ ਗਏ ਸੁਰੱਖਿਆ ਕਰਮਚਾਰੀ ਦੀ ਸ਼ੱਕੀ ਹਾਲਾਤ ਵਿਚ ਸਰਕਾਰੀ ਹਥਿਆਰ ਨਾਲ ਗੋਲ਼ੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਸਬੰਧਿਤ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡਿਊਟੀ ਦੌਰਾਨ ਤਾਇਨਾਤ ਥਾਣੇਦਾਰ ਕੁਲਦੀਪ ਸਿੰਘ ਦੀ ਕਾਰਬਾਈਨ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਗ ਥਾਣੇਦਾਰ ਕੁਲਦੀਪ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗਹਿਰੀ ਮੰਡੀ ਜੰਡਿਆਲਾ ਪੁਲਿਸ ਲਾਈਨ ਵਿਖੇ ਤਾਇਨਾਤ ਸੀ। ਉਸਦੀ ਡਿਊਟੀ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਰਾਧਲਕੇ ਵਿਖੇ ਲੱਗੀ ਸੀ। ਦੇਰ ਸ਼ਾਮ ਡਿਊਟੀ 'ਤੇ ਜਾਣ ਲਈ ਤਿਆਰ ਸੀ ਕਿ ਉਸ ਦੀ ਰਾਈਫਲ 'ਚੋਂ ਅਚਾਨਕ ਗੋਲ਼ੀ ਚੱਲ ਗਈ ਜੋ ਉਸ ਦੇ ਮੱਥੇ 'ਚ ਲੱਗੀ। ਇਸ ਨਾਲ ਉਸ ਦੀ ਮੌਕੇ 'ਤੇ ਮੌਤ ਹੋ ਗਈ।
ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਸਰਕਾਰੀ ਹਸਪਤਾਲ ਪੱਟੀ ਦੇ ਮੁਰਦਾਘਰ 'ਚ ਰਖਵਾ ਦਿੱਤੀ ਹੈ ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਲੜਕੇ ਲਵਪ੍ਰੀਤ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਸ਼ਨਿਚਰਵਾਰ ਨੂੰ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
ਆਪਸ 'ਚ ਭਿੜੇ ਵਰਕਰ: ਉਧਰ ਵੋਟਿੰਗ ਦੌਰਾਨ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਪਸ ਵਿੱਚ ਭਿੜ ਗਏ। ਕਾਬਲੇਜ਼ਿਕਰ ਹੈ ਕਿ ਜਲੰਧਰ 'ਚ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ ਕੀਤੀ ਗਈ। ਇਲਜ਼ਾਮ ਹੈ ਕਿ 'ਆਪ' ਵਰਕਰਾਂ ਨੇ ਉਸ ਦੇ ਸਿਰ 'ਤੇ ਡੰਡੇ ਨਾਲ ਵਾਰ ਕੀਤੇ। ਇੱਥੇ ਕਾਂਗਰਸ ਅਤੇ ਭਾਜਪਾ ਆਗੂਆਂ ਵਿਚਾਲੇ ਵੀ ਹੱਥੋਪਾਈ ਹੋਈ।
ਪੋਲਿੰਗ ਬੂਥ 'ਤੇ ਹੰਗਾਮਾ: ਲੁਧਿਆਣਾ 'ਚ ਵੀ ਪੋਲਿੰਗ ਬੂਥ 'ਤੇ ਹੰਗਾਮਾ ਹੋਇਆ। ਕਾਂਗਰਸੀ ਪੋਲਿੰਗ ਏਜੰਟ ਨੇ ਦੋਸ਼ ਲਾਇਆ ਕਿ ‘ਆਪ’ ਉਮੀਦਵਾਰ ਪਰਾਸ਼ਰ ਪੱਪੀ ਨੇ ਆਪਣੇ ਸਮਰਥਕਾਂ ਨਾਲ ਉਸ ਨੂੰ ਘੇਰ ਲਿਆ। ਇਸ ’ਤੇ ਕਾਂਗਰਸ ਪ੍ਰਧਾਨ ਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਉਹ ਪਰਾਸ਼ਰ ਦੇ ਘਰ ਵੀ ਗਏ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਸਫ਼ਾਈ ਵੀ ਦਿੱਤੀ ਗਈ।
ਮਾਮਲਾ ਦਰਜ: ਫ਼ਿਰੋਜ਼ਪੁਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ। ਕੰਬੋਜ ਨੇ ਵੋਟ ਪਾਉਣ ਸਮੇਂ ਵੀਡੀਓ ਬਣਾਈ ਸੀ ਜੋ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ। ਇਸ 'ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ।
ਵੋਟਿੰਗ ਮਸ਼ੀਨ ਖਰਾਬ: ਅੰਮ੍ਰਿਤਸਰ 'ਚ ਵਿਧਾਨ ਸਭਾ ਹਲਕਾ ਅਜਨਾਲਾ ਦੇ ਬੂਥ ਨੰਬਰ 100 'ਤੇ ਵੋਟਿੰਗ ਮਸ਼ੀਨ ਖਰਾਬ ਹੋ ਗਈ। ਇਸ ਨਾਲ ਲੋਕ ਗੁੱਸੇ 'ਚ ਆ ਗਏ ਤੇ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ। ਲੁਧਿਆਣਾ, ਗੁਰਦਾਸਪੁਰ ਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪੈਣ ਵਿੱਚ ਦੇਰੀ ਹੋਈ। ਬਠਿੰਡਾ ਵਿੱਚ ਈਵੀਐਮ ਖ਼ਰਾਬੀ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ।