ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਅਤੇ ਨਸ਼ੇ 'ਤੇ ਲਗਾਮ ਲਾਉਣ ਦਾ ਹੋਕਾ ਦਿੰਦੀ ਫਿਰਦੀ ਹੈ ਤਾਂ ਦੂਜੇ ਪਾਸੇ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ ਅਤੇ ਨਾਲ ਹੀ ਨਸ਼ੇ 'ਚ ਧੁੱਤ ਨਸ਼ੇੜੀ ਕੋਈ ਕਾਰਨਾਮਾ ਕਰਦੇ ਆਮ ਦਿਖ ਜਾਂਦੇ ਹਨ। ਇਹ ਸਾਰੀਆਂ ਵਾਰਦਾਤਾਂ ਕਾਨੂੰਨ ਵਿਵਸਥਾ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਖੋਖਲਾ ਕਰ ਦਿੰਦੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿਥੇ BRTS ਦੀਆਂ ਗਰਿੱਲਾਂ ਚੋਰੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਗਰਿੱਲਾਂ ਚੋਰੀ ਕਰਦੇ ਦੀ ਵੀਡੀਓ ਵਾਇਰਲ: ਇਸ ਵੀਡੀਓ 'ਚ ਦੋ ਮੋਟਰਸਾਈਕਲ ਸਵਾਲ ਗਰਿੱਲ ਪੱਟ ਕੇ ਆਪਣੇ ਨਾਲ ਲਿਜਾ ਰਹੇ ਸੀ ਤਾਂ ਰਾਹ 'ਚ ਲੋਕਾਂ ਵਲੋਂ ਉਨ੍ਹਾਂ ਦੀ ਵੀਡੀਓ ਬਣਾਈ ਗਈ, ਜਿਸ ਤੋਂ ਬਾਅਦ ਉਹ ਗਰਿੱਲ ਨੂੰ ਉਥੇ ਹੀ ਛੱਡ ਕੇ ਖੁਦ ਰਫੂਚੱਕਰ ਹੋ ਗਏ। ਉਧਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਲੋਂ ਐਕਟਿਵ ਹੋ ਗਈ ਤੇ ਉਨ੍ਹਾਂ ਵਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਪਾਰਕਿੰਗ 'ਚ ਲੱਗੀਆਂ ਗਰਿੱਲਾਂ ਸਣੇ ਦੋ ਚੋਰਾਂ ਨੂੰ ਪਹਿਲਾਂ ਹੀ ਕਾਬੂ ਕੀਤਾ ਹੋਇਆ, ਜਿੰਨ੍ਹਾਂ ਕੋਲੋਂ ਪੁਲਿਸ ਨੂੰ ਚੋਰੀ ਦੀਆਂ 17 ਗਰਿੱਲਾਂ ਬਰਾਮਦ ਹੋਈਆਂ ਹਨ। ਜਿਸ 'ਚ ਪੁਲਿਸ ਨੇ ਸ਼ੱਕ ਜਤਾਇਆ ਕਿ ਵਾਇਰਲ ਵੀਡੀਓ ਵਾਲੇ ਦੋਵੇਂ ਮੁਲਜ਼ਮ ਇੰਨ੍ਹਾਂ ਦੇ ਸਾਥੀ ਹੋ ਸਕਦੇ ਹਨ।
ਪਹਿਲਾਂ ਵੀ ਚੋਰੀ ਦੀਆਂ ਗਰਿੱਲਾਂ ਨਾਲ ਦੋ ਕਾਬੂ: ਇਸ ਸਬੰਧੀ ਏਸੀਪੀ ਸਾਊਥ ਮਨਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਲੋਕ ਵੀਡੀਓ ਵਿੱਚ ਗਰਿਲਾਂ ਚੁੱਕਦੇ ਨਜ਼ਰ ਆ ਰਹੇ ਹਨ, ਉਹਨਾਂ ਦਾ ਮੋਟਰਸਾਈਕਲ ਵੀ ਟਰੇਸ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੌਜਵਾਨਾਂ ਦਾ ਵੀ ਪਤਾ ਲਗਾਇਆ ਗਿਆ ਹੈ, ਜੋ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਪਿਛਲੇ ਦਿਨੀਂ ਚੋਰੀ ਦੀਆਂ 17 ਗਰਿੱਲਾਂ ਅਤੇ ਮੋਟਰਸਾਈਕਲ ਨਾਲ ਦੋ ਚੋਰ ਕਾਬੂ ਕੀਤੇ ਹਨ।
ਮਾਮਲਾ ਦਰਜ ਕਰਕੇ ਕਾਰਵਾਈ ਦੀ ਤਿਆਰੀ 'ਚ ਪੁਲਿਸ: ਏਸੀਪੀ ਮਨਿੰਦਰ ਸਿੰਘ ਨੇ ਕਿਹਾ ਕਿ ਬੀਤੇ ਕੱਲ੍ਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੀਆਰਟੀਸੀ ਰੋਡ 'ਤੇ ਲੱਗੀਆਂ ਗਰਿੱਲਾਂ ਚੋਰੀ ਕਰਕੇ ਫਰਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਕਈ ਦਿਨ ਪਹਿਲਾਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ, ਜਿਨਾਂ ਕੋਲੋਂ 17 ਦੇ ਕਰੀਬ ਗਰਿੱਲਾਂ ਬਰਾਮਦ ਕੀਤੀਆਂ ਗਈਆਂ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਦੋਵੇਂ ਮੁਲਜ਼ਮ ਪਿਛਲੇ ਛੇ ਮਹੀਨੇ ਤੋਂ ਗਰਿੱਲਾਂ ਚੋਰੀ ਕਰਨ ਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਿਸ ਦੁਕਾਨਦਾਰ ਨੂੰ ਅੱਗੇ ਇਹ ਸਮਾਨ ਵੇਚਦੇ ਸਨ, ਉਸ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਵਾਇਰਲ ਵੀਡੀਓ ਵਾਲੇ ਮੁਲਜ਼ਮਾਂ 'ਤੇ ਵੀ ਪਰਚਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਪਛਾਣ ਵੀ ਹੋ ਚੁੱਕੀ ਹੈ, ਜਿੰਨ੍ਹਾਂ ਦੀ ਜਲਦ ਗ੍ਰਿਫ਼ਤਾਰੀ ਕੀਤੀ ਜਾਵੇਗੀ।
- ਲੁਧਿਆਣਾ 'ਚ CM ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤਾ ਸਕੂਲ ਆੱਫ ਐਮੀਨੈਂਸ ਦਾ ਉਦਘਾਟਨ
- ਲੁਧਿਆਣਾ 'ਚ ਮਿਲੇਗੀ ਡੇਅਰੀ ਪ੍ਰੋਡਕਟਾਂ ਦੀ ਸਿਖਲਾਈ, VERKA ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤਾ ਗਿਆ ਇੰਟਰਪ੍ਰੀਨੋਰਲ ਟ੍ਰੇਨਿੰਗ ਸੈਂਟਰ
- ਡਿੱਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਸਿੰਘਾਂ ਦੇ ਪਰਿਵਾਰਕ ਮੈਂਬਰਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ